ਸਿਹਤ-ਖਬਰਾਂਖਬਰਾਂਚਲੰਤ ਮਾਮਲੇ

ਚੀਨ ਦੇ ਗੁਆਂਗਜ਼ੂ ਸ਼ਹਿਰ ’ਚ ਕੋਰੋਨਾ ਦੇ 9,680 ਨਵੇਂ ਮਾਮਲੇ ਦਰਜ

ਬੀਜਿੰਗ-ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਵਾਧੇ ਨਾਲ ਨਜਿੱਠਣ ਲਈ ਚੀਨ ਦੇ ਦੱਖਣੀ ਗੁਆਂਗਜ਼ੂ ਸ਼ਹਿਰ ਨੇ ਲਗਭਗ 2,50,000 ਲੋਕਾਂ ਲਈ ਆਈਸੋਲੇਸ਼ਨ ਸਹੂਲਤਾਂ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ। ਇਹ ਐਲਾਨ ਅਜਿਹੇ ਸਮੇਂ ’ਚ ਕੀਤਾ ਗਿਆ ਹੈ ਜਦੋਂ ਰਾਸ਼ਟਰੀ ਸਰਕਾਰ ਮਹਾਮਾਰੀ ਵਿਰੋਧੀ ਉਪਾਵਾਂ ਦੇ ਪ੍ਰਭਾਵ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਕਾਰਨ ਲੱਖਾਂ ਲੋਕ ਆਪਣੇ ਘਰਾਂ ’ਚ ਕੈਦ ਹਨ। ਲਗਭਗ 1.3 ਕਰੋੜ ਦੀ ਆਬਾਦੀ ਵਾਲੇ ਗੁਆਂਗਜ਼ੂ ਸ਼ਹਿਰ ਵਿੱਚ ਅਕਤੂਬਰ ਦੀ ਸ਼ੁਰੂਆਤ ਤੋਂ ਮਹਾਂਮਾਰੀ ਫੈਲਣੀ ਸ਼ੁਰੂ ਹੋਈ ਅਤੇ ਪਿਛਲੇ 24 ਘੰਟਿਆਂ ਵਿੱਚ ਲਾਗ ਦੇ 9,680 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਹ ਦੇਸ਼ ਭਰ ਵਿੱਚ ਕੋਵਿਡ -19 ਦੇ 23,276 ਮਾਮਲਿਆਂ ਦਾ ਲਗਭਗ 40 ਫ਼ੀਸਦੀ ਹੈ।
ਚੀਨ ਵਿੱਚ ਲਾਗ ਦੇ ਮਾਮਲਿਆਂ ਦੀ ਸੰਖਿਆ ਅਮਰੀਕਾ ਅਤੇ ਹੋਰ ਵੱਡੇ ਦੇਸ਼ਾਂ ਦੇ ਮੁਕਾਬਲੇ ਘੱਟ ਹੈ, ਪਰ ਸੱਤਾਧਾਰੀ ਕਮਿਊਨਿਸਟ ਪਾਰਟੀ ਹਰ ਮਰੀਜ਼ ਨੂੰ ਇਕਾਂਤਵਾਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਖੇਤਰਾਂ, ਸਕੂਲਾਂ ਅਤੇ ਕਾਰੋਬਾਰਾਂ ’ਤੇ ਵਾਰ-ਵਾਰ ਪਾਬੰਦੀਆਂ ਲਗਾਉਣ ਨਾਲ ਲੋਕਾਂ ਦਾ ਗੁੱਸਾ ਭੜਕ ਰਿਹਾ ਹੈ ਅਤੇ ਉਨ੍ਹਾਂ ਦੀਆਂ ਸਿਹਤ ਕਰਮਚਾਰੀਆਂ ਨਾਲ ਝੜਪਾਂ ਹੋ ਰਹੀਆਂ ਹਨ। ‘ਸਾਊਥ ਮੈਟਰੋਪੋਲਿਸ ਡੇਲੀ’ ਅਖ਼ਬਾਰ ਦੇ ਅਨੁਸਾਰ, ਗੁਆਂਗਜ਼ੂ ਵਿੱਚ ਮਹਾਮਾਰੀ ਦੀ ਸਥਿਤੀ ਅਜੇ ਵੀ ਬਹੁਤ ਗੰਭੀਰ ਹੈ।’
ਸਰਕਾਰ ਨੇ ਕਿਹਾ ਕਿ ਗੁਆਂਗਜ਼ੂ ਦੇ ਅਧਿਕਾਰੀਆਂ ਨੇ ਸ਼ਹਿਰ ਦੇ 95,300 ਲੋਕਾਂ ਨੂੰ ਇਲਾਜ ਲਈ ਹੈਜ਼ੌ ਜ਼ਿਲ੍ਹੇ ਦੇ ਆਈਸੋਲੇਸ਼ਨ ਸੈਂਟਰਾਂ ਜਾਂ ਹਸਪਤਾਲਾਂ ਵਿੱਚ ਭੇਜਿਆ ਹੈ। ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਹੋ ਰਹੀ ਵੀਡੀਓ ਦੇ ਅਨੁਸਾਰ, ਗੁਆਂਗਜ਼ੂ ਵਿੱਚ ਗੁੱਸੇ ਵਿੱਚ ਆਏ ਵਸਨੀਕ ਸਿਹਤ ਕਰਮਚਾਰੀਆਂ ਦੁਆਰਾ ਲਗਾਏ ਗਏ ਬੈਰੀਕੇਡਾਂ ਨੂੰ ਹਟਾਉਂਦੇ ਹੋਏ ਦੇਖੇ ਗਏ। ਸ਼ਹਿਰ ਦੀ ਸਰਕਾਰ ਨੇ ਘੋਸ਼ਣਾ ਕੀਤੀ ਕਿ ਗੁਆਂਗਜ਼ੂ ਵਿੱਚ 2,46,407 ਬਿਸਤਰੇ ਹੋਰ ਲਗਾਏ ਜਾਣਗੇ, ਜਿਨ੍ਹਾਂ ਵਿਚ 1,32,015 ਹਸਪਤਾਲ ਦੇ ਆਈਸੋਲੇਸ਼ਨ ਵਾਰਡਾਂ ਵਿੱਚ ਹੋਣਗੇ ਅਤੇ 1,14,392 ਬਿਸਤਰੇ ਉਨ੍ਹਾਂ ਲੋਕਾਂ ਲਈ ਹੈ ਜੋ ਸੰਕ੍ਰਮਿਤ ਹਨ ਪਰ ਉਨ੍ਹਾਂ ਵਿਚ ਬੀਮਾਰੀ ਦੇ ਲੱਛਣ ਨਹੀਂ ਹਨ। ਕਮਿਊਨਿਸਟ ਪਾਰਟੀ ਨੇ ਪਿਛਲੇ ਹਫਤੇ ਆਈਸੋਲੇਸ਼ਨ ਦੀ ਮਿਆਦ ਨੂੰ ਘਟਾ ਕੇ ਅਤੇ ਹੋਰ ਨਿਯਮਾਂ ਨੂੰ ਬਦਲ ਕੇ ਕੋਵਿਡ-19 ਰੋਕੂ ਉਪਾਵਾਂ ਨੂੰ ਸੌਖਾ ਕਰਨ ਦਾ ਵਾਅਦਾ ਕੀਤਾ ਸੀ।

Comment here