ਸਿਆਸਤਦੁਨੀਆਵਿਸ਼ੇਸ਼ ਲੇਖ

ਚੀਨ ਦੀ ਸਿਫਰ ਕੋਵਿਡ ਨੀਤੀ ਕਾਰਨ ਦੇਸ਼ ’ਚ ਵਪਾਰ ਠੱਪ ਹੋਇਆ

ਚੀਨ ਦੇ ਰਾਸ਼ਟਰਮੁਖੀ ਸ਼ੀ ਜਿਨਪਿੰਗ ਵੱਲੋਂ ਲਗਾਤਾਰ ਤੀਜੀ ਵਾਰ ਸੱਤਾ ’ਚ ਆਉਣ ਪਿੱਛੋਂ ਜੋ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਸਖਤ ਕੋਵਿਡ ਨੀਤੀ ’ਚ ਸਰਕਾਰ ਕਿਸੇ ਤਰ੍ਹਾਂ ਦੀ ਢਿੱਲ ਦੇਵੇਗੀ ਉਹ ਰਹੀ ਸਹੀ ਉਮੀਦ ਵੀ ਹੁਣ ਖਤਮ ਹੋ ਗਈ ਹੈ। ਸਖਤ ਕੋਵਿਡ ਨੀਤੀ ਕਾਰਨ ਚੀਨ ਦੇ ਲੋਕਾਂ ਦੀ ਮਾਨਸਿਕ ਅਤੇ ਮਨੋਵਿਗਿਆਨਕ ਸਿਹਤ ’ਤੇ ਬੜਾ ਮਾੜਾ ਅਸਰ ਪਿਆ ਹੈ। ਚੀਨ ਦੇ ਵਪਾਰਕ ਅਤੇ ਕਾਰੋਬਾਰੀ ਜਗਤ ਨੂੰ ਵੀ ਭਾਰੀ ਆਰਥਿਕ ਝਟਕਾ ਲੱਗਾ ਹੈ।
ਸਿਫਰ ਕੋਵਿਡ ਨੀਤੀ ਜਿਨਪਿੰਗ ਨੇ ਸ਼ੁਰੂ ਕੀਤੀ ਸੀ ਅਤੇ ਉਹ ਪੋਲੀਟੀਕਲੀ ਕਰੈਕਟ ਭਾਵ ਖੁਦ ਨੂੰ ਸਹੀ ਸਾਬਤ ਕਰਨ ਦੀ ਜੁਗਤ ’ਚ ਲੱਗੇ ਹਨ। ਬੇਸ਼ੱਕ ਹੀ ਇਸ ਲਈ ਚੀਨ ਦੇ ਲੋਕਾਂ ਅਤੇ ਚੀਨ ਦੀ ਅਰਥਵਿਵਸਥਾ ਨੂੰ ਕਿੰਨਾ ਹੀ ਦੁੱਖi ਕਉਂ ਨਾ ਸਹਿਣਾ ਪਵੇ। ਹੌਲੀ-ਹੌਲੀ ਲੋਕਾਂ ’ਚ ਵੀ ਸ਼ੀ ਜਿਨਪਿੰਗ ਵਿਰੁੱਧ ਰੋਸ ਵਧਦਾ ਜਾ ਰਿਹਾ ਹੈ। ਜਿੱਥੇ ਇਕ ਪਾਸੇ ਪੂਰੀ ਦੁਨੀਆ ਨੇ ਕੋਵਿਡ ਨੂੰ ਇਕ ਫਲੂ ਵਾਂਗ ਵੇਖਣਾ ਸ਼ੁਰੂ ਕੀਤਾ ਹੈ, ਉੱਥੇ ਚੀਨ ’ਚ ਕੋਵਿਡ ਕਾਰਨ ਲੋਕਾਂ ਦੀ ਆਰ. ਟੀ. ਪੀ. ਸੀ. ਆਰ. ਟੈਸਟਿੰਗ ਅਤੇ ਨਿਊਕਲੀਇਕ ਟੈਸਟਿੰਗ ਜਾਰੀ ਹੈ। ਇਸ ਸਮੇਂ ਚੀਨ ’ਚ ਲੋਕਾਂ ਨੂੰ ਹਰ 72 ਘੰਟਿਆਂ ’ਚ ਇਕ ਵਾਰ ਟੈਸਟ ਕਰਵਾਉਣਾ ਜ਼ਰੂਰੀ ਹੈ।
ਚੀਨ ਦੀ ਸਿਫਰ ਕੋਵਿਡ ਨੀਤੀ ਕਾਰਨ ਦੇਸ਼ ’ਚ ਵਪਾਰ ਠੱਪ ਹੋ ਗਿਆ ਹੈ। ਅਰਥਵਿਵਸਥਾ ਥੱਲੇ ਡਿੱਗਦੀ ਜਾ ਰਹੀ ਹੈ। ਲੋਕਾਂ ’ਚ ਅਸ਼ਾਂਤੀ ਅਤੇ ਗੈਰ-ਯਕੀਨੀ ਵਧਦੀ ਜਾ ਰਹੀ ਹੈ ਪਰ ਜਿਨਪਿੰਗ ਦੀ ਜ਼ਿੱਦ ਕਾਰਨ ਕੋਵਿਡ ਨੂੰ ਲੈ ਕੇ ਚੀਨ ਸਰਕਾਰ ਦੀ ਸਖਤ ਨੀਤੀ ’ਚ ਕੋਈ ਤਬਦੀਲੀ ਹੁੰਦੀ ਨਜ਼ਰ ਨਹੀਂ ਆ ਰਹੀ। 20ਵੀਂ ਰਾਸ਼ਟਰੀ ਪਾਰਟੀ ਕਾਂਗਰਸ ਦੀ ਬੈਠਕ ’ਚ ਜਿਨਪਿੰਗ ਨੇ ਸਖਤ ਕੋਵਿਡ ਨੀਤੀ ਦੇ ਹੱਕ ’ਚ ਇਕ ਭਾਸ਼ਣ ਵੀ ਦਿੱਤਾ ਸੀ ਅਤੇ ਕਿਹਾ ਸੀ ਕਿ ਕੋਵਿਡ ਦੇ ਸਫਾਏ ਲਈ ਇਸ ਵਿਰੁੱਧ ਸਖਤ ਨੀਤੀ ਦਾ ਹੋਣਾ ਬਹੁਤ ਜ਼ਰੂਰੀ ਹੈ, ਇਸ ਲਈ ਇਸ ਨੂੰ ਜਾਰੀ ਰੱਖਿਆ ਜਾਵੇਗਾ।
ਚੀਨ ਦੇ ਮਾਮਲਿਆਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜਿਨਪਿੰਗ ਨੇ ਜੋ ਕੋਵਿਡ ਲਈ ਸਖਤ ਨੀਤੀਆਂ ਅਪਣਾਈਆਂ ਹਨ, ਅਸਲ ’ਚ ਉਸ ਦੇ ਪਿੱਛੇ ਮਹਾਮਾਰੀ ਨਹੀਂ ਸਗੋਂ ਲਗਾਤਾਰ ਤੀਜੀ ਵਾਰ ਸ਼ੀ ਦਾ ਸੱਤਾ ’ਚ ਆਉਣਾ ਹੈ ਅਤੇ ਲੋਕਾਂ ’ਚ ਕਿਸੇ ਤਰ੍ਹਾਂ ਦਾ ਰੋਸ ਨਾ ਫੈਲੇ, ਇਸ ਲਈ ਚੀਨ ਨੇ ਅਜਿਹੀਆਂ ਨੀਤੀਆਂ ਅਪਣਾਈਆਂ ਹਨ, ਜਿਨ੍ਹਾਂ ਰਾਹੀਂ ਉਨ੍ਹਾਂ ਦੀ ਸੱਤਾ ਨੂੰ ਕੋਈ ਖਤਰਾ ਨਾ ਹੋਵੇ। ਇਸ ਕਾਰਨ ਜਿਨਪਿੰਗ ਨੇ ਲੋਕਾਂ ਦੀ ਆਵਾਜਾਈ ’ਤੇ ਪਾਬੰਦੀਆਂ ਲਾਉਣ ਦੇ ਨਾਲ-ਨਾਲ ਉਨ੍ਹਾਂ ਦੇ ਇਕ ਥਾਂ ਵੱਡੀ ਗਿਣਤੀ ’ਚ ਜਮ੍ਹਾ ਹੋਣ ਦੀ ਸੰਭਾਵਨਾ ਨੂੰ ਵੀ ਖਤਮ ਕਰ ਦਿੱਤਾ ਹੈ ਜੋ ਚੀਨ ਦੀ ਸੱਤਾ ਦੇ ਫਿਲਹਾਲ ਹੱਕ ’ਚ ਜਾ ਰਿਹਾ ਹੈ।
ਦੂਜੇ ਪਾਸੇ ਪੱਛਮੀ ਦੇਸ਼ਾਂ ’ਚ ਥਿੰਕ ਟੈਂਕ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਇੰਨੇ ਲੰਬੇ ਲਾਕਡਾਊਨ ਨੂੰ ਲਾਉਣ ਦੇ ਪਿੱਛੇ ਚੀਨ ਦਾ ਇਰਾਦਾ ਤਾਈਵਾਨ ਨਾਲ ਜੰਗ ਦੇ ਸਮੇਂ ਲੋਕਾਂ ਨੂੰ ਕੰਟ੍ਰੋਲ ’ਚ ਰੱਖਣ ਦਾ ਅਭਿਆਸ ਕਰਨ ਵਰਗਾ ਹੈ। ਲੋਕਾਂ ਨੂੰ ਅਲੱਗ-ਥਲੱਗ ਰੱਖ ਕੇ ਉਨ੍ਹਾਂ ਨੂੰ ਖਾਣ-ਪੀਣ ਅਤੇ ਹੋਰਨਾਂ ਜ਼ਰੂਰੀ ਵਸਤਾਂ ਦੀ ਸਪਲਾਈ ਕਰਨ ਦਾ ਅਭਿਆਸ ਕੀਤਾ ਜਾ ਰਿਹਾ ਹੈ।
ਜਾਣਕਾਰਾਂ ਦਾ ਕਹਿਣਾ ਹੈ ਕਿ ਜਿਨਪਿੰਗ ਖੁਦ ਨੂੰ ਸਹੀ ਠਹਿਰਾਉਣ ਲਈ ਸਿਫਰ ਕੋਵਿਡ ਨੀਤੀ ਨੂੰ ਛੱਡਣ ਵਾਲੇ ਨਹੀਂ ਹਨ। ਮਾਓ ਦੇ ਜ਼ਮਾਨੇ ਤੋਂ ਸੀ. ਪੀ. ਸੀ. ’ਚ ਇਕ ਗੱਲ ਸਭ ਵਲੋਂ ਮੰਨੀ ਜਾਂਦੀ ਹੈ ਕਿ ਪਾਰਟੀ ਦਾ ਕਾਨੂੰਨ ਸਭ ਤੋਂ ਉਪਰ ਹੈ। ਲੋਕਾਂ ਦਾ ਜੀਵਨ ਉਪਰ ਨਹੀਂ ਹੈ। ਆਮ ਲੋਕਾਂ ਦੇ ਜੀਵਨ ਤੋਂ ਉਪਰ ਹਾਈਕਮਾਨ ਦੇ ਕਾਨੂੰਨ ਹਨ, ਜਿਨ੍ਹਾਂ ਨੂੰ ਉਹ ਖੁਦ ਤੋੜ ਸਕਦੇ ਹਨ ਪਰ ਬਾਕੀ ਲੋਕ ਅਜਿਹਾ ਸੋਚ ਵੀ ਨਹੀਂ ਸਕਦੇ। ਚੀਨ ਦੀ ਕਮਿਊਨਿਸਟ ਪਾਰਟੀ ਖੁਦ ਨੂੰ ਲੋਕਾਂ ਦੇ ਸਾਹਮਣੇ ਸ਼ਕਤੀਸ਼ਾਲੀ, ਮਾਣ ਭਰੀ ਅਤੇ ਸਹੀ ਠਹਿਰਾਉਂਦੀ ਹੈ। ਪਾਰਟੀ ਹਾਈਕਮਾਨ ਜਿਨਪਿੰਗ ਦੇ ਸਮੇਂ ਹੀ ਨਹੀਂ ਸਗੋਂ ਇਸ ਤੋਂ ਪਹਿਲਾਂ ਵੀ ਚੀਨ ’ਚ ਜਿੰਨੇ ਤਾਨਾਸ਼ਾਹ ਹੋਏ ਹਨ, ਉਹ ਸਭ ਅਜਿਹੇ ਹੀ ਹਨ। ਉਹ ਆਪਣੀਆਂ ਗਲਤੀਆਂ ਨੂੰ ਕਦੇ ਵੀ ਨਹੀਂ ਮੰਨਦੇ ਸਨ। ਜੋ ਅਜਿਹਾ ਕਰਦੇ ਹਨ, ਉਨ੍ਹਾਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ।
ਦਹਾਕਿਆਂ ਪਹਿਲਾਂ ਮਾਓ ਤਸੇ ਤੁੰਗ ਦੀ ਗ੍ਰੇਟ ਲੀਪ ਫਾਰਵਰਡ ਨੀਤੀ ਨੇ ਲੱਖਾਂ ਲੋਕਾਂ ਦੀ ਜਾਨ ਲਈ ਸੀ। ਲੋਕ ਭੁੱਖਮਰੀ ਦਾ ਸ਼ਿਕਾਰ ਹੋ ਗਏ ਸਨ। ਮਾਓ ਦੀ ਇਸ ਨੀਤੀ ਵਿਰੁੱਧ ਉਸ ਸਮੇਂ ਜਿਸ ਨੇ ਵੀ ਬੋਲਣ ਦੀ ਹਿੰਮਤ ਕੀਤੀ, ਉਸ ਨੂੰ ਸੀ. ਪੀ. ਸੀ. ਨੇ ਹਮੇਸ਼ਾ ਲਈ ਚੁੱਪ ਕਰਵਾi ਦੱਤਾ। ਲੁਓ ਸ਼ਯਾਓ ਛੀ ਜੋ ਉਸ ਸਮੇਂ ਚੀਨ ਦਾ ਰਾਸ਼ਟਰਪਤੀ ਸੀ, ਨੇ ਮਾਓ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਸੀ। ਬਾਅਦ ’ਚ ਉਸ ਦੀ ਇਕ ਕੈਂਪ ’ਚ ਮੌਤ ਹੋ ਗਈ।
ਮਾਓ ਵੱਲੋਂ ਆਪਣਾ ਜਾਨਸ਼ੀਨ ਨਿਯੁਕਤ ਕੀਤੇ ਜਾਣ ਵਾਲਾ ਚੀਨੀ ਰਾਸ਼ਟਰਮੁਖੀ ਹੁਆ ਕੁਓ ਫੰਗ ਜਿਸ ਨੇ ਲੋਕਾਂ ਦੇ ਸਾਹਮਣੇ ਆਪਣੀਆਂ ਨੀਤੀਆਂ ’ਚ ਗਲਤੀਆਂ ਦੀ ਚਰਚਾ ਕੀਤੀ, ਉਸ ਨੂੰ ਥੰਗ ਛਿਆਓ ਫਿੰਗ ਨੇ ਸੱਤਾ ਤੋਂ ਹਟਾ ਦਿੱਤਾ। ਹੁਆ ਬਹੁਤ ਹੀ ਸੱਭਿਅਕ ਅਤੇ ਨਿਮਰਤਾ ਵਾਲੇ ਸੁਭਾਅ ਦੇ ਸਨ ਅਤੇ ਹਰ ਗੱਲ ’ਚ ਈਮਾਨਦਾਰੀ ਵਰਤਦੇ ਸਨ। ਸ਼ੀ ਦੇ ਸਾਹਮਣੇ ਇਹ ਦੋ ਵੱਡੀਆਂ ਉਦਾਹਰਣਾਂ ਮੌਜੂਦ ਹਨ ਜਿਨ੍ਹਾਂ ਕਾਰਨ ਸਿਫਰ ਕੋਵਿਡ ਨੀਤੀ ਨੂੰ ਜੇ ਜਿਨਪਿੰਗ ਖੁਦ ਵੀ ਹਟਾਉਣਾ ਚਾਹੁਣ ਤਾਂ ਨਹੀਂ ਹਟਾ ਸਕਦੇ ਕਿਉਂਕਿ ਕਮਿਊਨਿਸਟ ਪਾਰਟੀ ਨੇ ਲੋਕਾਂ ਦੇ ਸਾਹਮਣੇ ਖੁਦ ਨੂੰ ਸ਼ਕਤੀਸ਼ਾਲੀ, ਮਾਣ ਭਰੀ ਅਤੇ ਠੀਕ ਠਹਿਰਾਉਣਾ ਹੈ।
ਚੀਨ ਦਾ ਮੀਡੀਆ ਲਗਾਤਾਰ ਰੋਜ਼ਾਨਾ ਜਿਨਪਿੰਗ ਦੀ ਸਿਫਰ ਕੋਵਿਡ ਨੀਤੀ ਦੀ ਚਰਚਾ ਕਰਦਾ ਹੈ। ਉਸ ਦੀਆਂ ਖੂਬੀਆਂ ਨੂੰ ਗਿਣਾਉਂਦਾ ਹੈ ਕਿਉਂਕਿ ਜਿਸ ਦਿਨ ਜਿਨਪਿੰਗ ਦੀ ਇਸ ਨੀਤੀ ਦੀ ਚਰਚਾ ਨਹੀਂ ਹੋਵੇਗੀ, ਉਸ ਦਿਨ ਤੋਂ ਬਾਅਦ ਜਿਨਪਿੰਗ ਦੀ ਅਹਿਮੀਅਤ ਵੀ ਚੀਨ ਦੇ ਲੋਕਾਂ ’ਚ ਘੱਟ ਹੋਣ ਲੱਗੇਗੀ। ਸੀ. ਪੀ. ਸੀ. ਅਜਿਹਾ ਨਹੀਂ ਚਾਹੁੰਦੀ।
ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਗਲਤ ਫੈਸਲੇ ਲੈਣ ਤੋਂ ਬਾਅਦ ਵੀ ਆਪਣੇ ਆਪ ਨੂੰ ਸਹੀ ਠਹਿਰਾਉਣਾ ਜਾਂ ਪੋਲੀਟੀਕਲ ਕਰੈਕਟ ਸਾਬਤ ਕਰਨਾ ਇਕ ਦਿਨ ਸੱਤਾ ਨੂੰ ਡੇਗ ਦਿੰਦਾ ਹੈ, ਇਸ ਲਈ ਸਿਰਫ ਸਹੀ ਸਮੇਂ ਦੀ ਉਡੀਕ ਰਹਿੰਦੀ ਹੈ। ਦੁਨੀਆ ’ਚ ਹਰ ਵਿਅਕਤੀ ਅਤੇ ਸੰਸਥਾ ਕੋਲੋਂ ਗਲਤੀਆਂ ਹੁੰਦੀਆਂ ਹਨ। ਅਜਿਹੇ ਹਾਲਾਤ ’ਚ ਹੀ ਜਿੱਤ ਉਸ ਦੀ ਹੁੰਦੀ ਹੈ ਜੋ ਆਪਣੀਆਂ ਗਲਤੀਆਂ ਨੂੰ ਮੰਨਦਾ ਹੋਇਆ ਉਨ੍ਹਾਂ ’ਚ ਸੁਧਾਰ ਕਰੇ। ਇੰਝ ਕਰਨ ਨਾਲ ਆਪਣੇ ਆਪ ਨੂੰ ਨੈਤਿਕ ਸ਼ਕਤੀ ਮਿਲਦੀ ਹੈ। ਇਸ ਨਾਲ ਲੋਕਾਂ ਨੂੰ ਮੁਸੀਬਤ ਦੇ ਸਮੇਂ ਸਹੀ ਰਾਹ ਵਿਖਾਇਆ ਜਾਂਦਾ ਹੈ।
ਸੀ. ਪੀ. ਸੀ. ’ਚ ਨਾ ਤਾਂ ਖੁਦ ਦੀਆਂ ਗਲਤੀਆਂ ਨੂੰ ਮੰਨਣ ਦੀ ਸਮਰੱਥਾ ਹੈ ਅਤੇ ਨਾ ਹੀ ਹਾਲਾਤ ਨੂੰ ਸੰਭਾਲਣ ਵਾਲਾ ਦਿਮਾਗ ਹੈ। ਨਾਲ ਹੀ ਪਰਪੱਕਤਾ ਵੀ ਨਹੀਂ ਹੈ। ਅਜਿਹੀ ਹਾਲਤ ’ਚ ਚੀਨ ਉਸ ਰਾਹ ’ਤੇ ਅੱਗੇ ਵਧ ਰਿਹਾ ਹੈ ਜਿੱਥੋਂ ਵਾਪਸੀ ਸੰਭਵ ਨਜ਼ਰ ਨਹੀਂ ਆਉਂਦੀ?

Comment here