ਸਿਆਸਤਖਬਰਾਂਦੁਨੀਆ

ਚੀਨ ਦੀ ਕਮਿਊਨਿਸਟ ਪਾਰਟੀ ਦੇ ਸ਼ਤਾਬਦੀ ਸਮਾਗਮ ਚ ਭਾਰਤੀ ਖੱਬੇਪਖੀਆਂ ਦੀ ਸ਼ਮੂਲੀਅਤ ਤੋੰ ਭਾਜਪਾ ਔਖੀ

ਨਵੀਂ ਦਿੱਲੀ-ਚੀਨ ਦੀ ਕਮਿਊਨਿਸਟ ਪਾਰਟੀ ਦੇ ਸ਼ਤਾਬਦੀ ਸਮਾਗਮ ਮੌਕੇ ਭਾਰਤ ਵਿੱਚ ਚੀਨੀ ਦੂਤਘਰ ਨੇ 27 ਜੁਲਾਈ ਨੂੰ ਔਨਲਾਈਨ ਸੈਮੀਨਾਰ ਕੀਤਾ ਗਿਆ, ਜਿਸ ਵਿੱਚ ਭਾਰਤੀ ਖੱਬੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਸੈਮੀਨਾਰ ਕਮਿਊਨਿਸਟ ਪਾਰਟੀ ਦੇ ਸ਼ਤਾਬਦੀ ਸਮਾਰੋਹਾਂ ਦੇ ਹਿੱਸੇ ਵਜੋਂ ਕਰਵਾਇਆ ਗਿਆ ਸੀ ਜਿਸ ਦਾ ਮਕਸਦ ਸੀ – ਪਾਰਟੀ ਨਿਰਮਾਣ ਬਾਰੇ ਤਜਰਬਾ ਸਾਂਝਾ ਕਰਨਾ, ਵਟਾਂਦਰਾ ਤੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ। ਮੁਲਾਕਾਤ ਦੇ ਬਹਾਨੇ, ਚੀਨ ਨੇ ਨਾ ਸਿਰਫ ਸਰਹੱਦੀ ਤਣਾਅ ਦਾ ਮੁੱਦਾ ਉਠਾਇਆ, ਸਗੋਂ ਪਿਛਲੇ ਸਾਲ ਪੂਰਬੀ ਲੱਦਾਖ ਵਿੱਚ ਗਲਵਾਨ ਵਰਗੀਆਂ ਘਟਨਾਵਾਂ ਵਿਚ ਆਪਣੇ ਆਪ ਨੂੰ ਸਹੀ ਦਰਸਾਉਣ ਦੀ ਕੋਸ਼ਿਸ਼ ਵੀ ਕੀਤੀ। ਪ੍ਰੋਗਰਾਮ ਨੂੰ ਭਾਰਤ ਵਿੱਚ ਚੀਨ ਦੇ ਰਾਜਦੂਤ ਸੁਨ ਵੇਈਦੋਂਗ ਨੇ ਸੰਬੋਧਨ ਕੀਤਾ। ਖੱਬੇ ਪੱਖੀ ਨੁਮਾਇੰਦੇ ਵਜੋਂ ਸੀਪੀਆਈ (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਸੀਪੀਆਈ ਦੇ ਜਨਰਲ ਸੱਕਤਰ ਡੀ ਰਾਜਾ, ਲੋਕ ਸਭਾ ਮੈਂਬਰ ਐਸ ਸੇਂਥਿਲ ਕੁਮਾਰ, ਆਲ ਇੰਡੀਆ ਫਾਰਵਰਡ ਬਲਾਕ ਸਕੱਤਰ ਜੀ ਦੇਵਰਾਜਨ ਮੌਜੂਦ ਸਨ। ਚੀਨੀ ਰਾਜਦੂਤ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਉਭਾਰ ਬਾਰੇ ਦੱਸਿਆ, ਅਤੇ  ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ਹੇਠ ਚੀਨ ਦੇ ਸੰਗਠਨ ਦੀ ਉਸਾਰੀ ਤੇ ਵਿਕਾਸ ਦਾ ਵੀ ਜ਼ਿਕਰ ਕੀਤਾ। ਰਾਜਦੂਤ ਸੁਨ ਨੇ ਭਾਰਤ-ਚੀਨ ਸਬੰਧਾਂ ਦਾ ਜ਼ਿਕਰ ਕਰਦਿਆਂ ਇਸ ਨੂੰ ਮਹਾਨ ਸੰਭਾਵਨਾਵਾਂ ਦਾ ਰਿਸ਼ਤਾ ਦੱਸਿਆ, ਜਦਕਿ ਵਿਵਾਦਾਂ ਨੂੰ ਗੱਲਬਾਤ ਰਾਹੀਂ ਤੇ ਸ਼ਾਂਤਮਈ ਢੰਗ ਨਾਲ ਸੁਲਝਾਉਣ ਦੀ ਗੱਲ ਵੀ ਕੀਤੀ। ਪੂਰਬੀ ਲੱਦਾਖ ਖੇਤਰ ਵਿਚ 14 ਮਹੀਨਿਆਂ ਤੋਂ ਚੱਲ ਰਹੇ ਭਾਰਤ-ਚੀਨ ਸਰਹੱਦ ‘ਤੇ ਚੱਲ ਰਹੇ ਤਣਾਅ ਵਿਚਕਾਰ ਭਾਰਤ ਸਰਕਾਰ ਨੇ ਚੀਨੀ ਕਮਿਊਨਿਸਟ ਪਾਰਟੀ ਦੇ ਸ਼ਤਾਬਦੀ ਸਮਾਗਮਾਂ ‘ਤੇ ਅਧਿਕਾਰਤ ਤੌਰ ‘ਤੇ ਕੋਈ ਵਧਾਈ ਸੰਦੇਸ਼ ਨਹੀਂ ਭੇਜਿਆ ਸੀ। ਪਰ ਭਾਰਤੀ ਖੱਬੀਆਂ ਪਾਰਟੀਆਂ ਵਲੋੰ ਭੇਜੇ ਵਧਾਈ ਸੰਦੇਸ਼ ‘ਤੇ ਚੀਨੀ ਸਰਕਾਰ ਨੇ ਨਿਸ਼ਚਤ ਤੌਰ ਤੇ ‘ਉਹਨਾਂ ਦਾ ਧੰਨਵਾਦ ਕੀਤਾ। ਦੂਤਘਰ ਨੇ ਚੀਨੀ ਸਰਕਾਰ ਦੁਆਰਾ ਆਯੋਜਿਤ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕੀਤੀ। ਪਰ ਦੇਸ਼ ਦੀ ਸਭ ਤੋਂ ਵੱਡੀ ਖੱਬੀ ਪਾਰਟੀ ਸੀਪੀਆਈਐਮ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਚੀਨ ਦੇ ਇਸ ਸਮਾਗਮ ਚ ਭਾਰਤੀ ਕਮਿਊਨਿਸਟ ਪਾਰਟੀਆਂ ਦੀ ਸ਼ਮੂਲੀਅਤ ਦੀ ਨਿੰਦਾ ਕਰਦਿਆਂ ਭਾਜਪਾ ਨੇ ਦੋਸ਼ ਲਾਇਆ ਕਿ ਕੌਮੀ ਹਿੱਤਾਂ ਦਾ ਵਿਰੋਧ ਕਰਨਾ ਤੇ ਹੋਰਨਾਂ ਮੁਲਕਾਂ ਨਾਲ ਵਫ਼ਾਦਾਰੀ ਨਿਭਾਉਣਾ ਖੱਬੀਆਂ ਪਾਰਟੀਆਂ ਦੀ ਪੁਰਾਣੀ ਰਵਾਇਤ ਹੈ। ਭਾਜਪਾ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਖੱਬੀਆਂ ਪਾਰਟੀਆਂ ਨੇ ਕਿਹਾ ਕਿ ਸਰਕਾਰ ਵੀ ਚੀਨ ਨਾਲ ਕਈ ਮੁੱਦਿਆਂ ’ਤੇ ਗੱਲਬਾਤ ਕਰ ਰਹੀ ਹੈ। ਖੱਬੀਆਂ ਧਿਰਾਂ ਨੇ ਦੋਸ਼ ਲਾਇਆ ਕਿ ਭਾਜਪਾ ਕੇਂਦਰ ਸਰਕਾਰ ਦੀਆਂ ਨਾਕਾਮੀਆਂ ਨੂੰ ਲੁਕਾਉਣ ਤੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਇਸ ਮਸਲੇ ਨੂੰ ਹਵਾ ਦੇ ਰਹੀ ਹੈ।

Comment here