ਬੀਜਿੰਗ-ਚੀਨ ਆਪਣੀ ਕੋਵਿਡ ਆਰਥਿਕ ਰਣਨੀਤੀ ਤਹਿਤ ਅਫਰੀਕਾ ’ਚ ਡਿਜੀਟਲ ਦਬਦਬੇ ਦਾ ਵਿਸਤਾਰ ਕਰ ਰਿਹਾ ਹੈ। ਇਸ ਰਣਨੀਤੀ ਤਹਿਤ ਮੁੱਖ ਚੀਨੀ ਕੰਪਨੀਆਂ ਮਹਾਦੀਪ ’ਚ 8.43 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਚੀਨ-ਅਫਰੀਕੀ ਸੰਬੰਧਾਂ ਦੇ ਮਾਹਿਰਾਂ ਮੁਤਾਬਕ, ਇਸ ਰਣਨੀਤੀ ਦੇ ਹਿੱਸੇ ਦੇ ਰੂਪ ’ਚ ਚੀਨ ਸਰਕਾਰ ਆਪਣੇ ਤਕਨੀਕੀ ਦਿੱਗਜਾਂ- ਹੁਵਾਵੇਈ, ਜ਼ੈੱਡ.ਟੀ.ਈ. ਅਤੇ ਕਲਾਊਡਵਾਕ ਨੂੰ ਅਫਰੀਕਾ ’ਚ ਮੋਬਾਇਲ ਟੈਲੀਫੋਨੀ, ਸੋਸ਼ਲ ਮੀਡੀਆ ਅਤੇ ਈ-ਕਾਮਰਸ ਐਪਲੀਕੇਸ਼ਨਾਂ ’ਚ ਪ੍ਰਵੇਸ਼ ਕਰਨ ਦੀ ਸਿਫਾਰਿਸ਼ ਕਰ ਰਹੀ ਹੈ।
ਇਹ ਡਿਜੀਟਲ ਰਣਨੀਤੀ ਸਿਲਕ ਰੋਡ ਜਾਂ ਡੀ.ਐੱਸ.ਆਰ. ਪਹਿਲ ਦਾ ਹਿੱਸਾ ਹੈ ਜਿਸ ਤਹਿਤ ਪ੍ਰਮੁੱਖ ਅਫਰੀਕੀ ਸੂਬਿਆਂ- ਨਾਈਜੀਰੀਆ, ਜਾਂਬੀਆ, ਅੰਗੋਲਾ, ਇਥੀਓਪੀਆ ਅਤੇ ਜ਼ਿੰਬਾਬਵੇ ’ਚ ਦੂਰਸੰਚਾਰ ਅਤੇ ਡਿਜੀਟਲ ਬੁਨਿਆਦੀ ਢਾਂਚੇ ਨੂੰ ਸਥਾਪਿਤ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ, ਸਾਲ 2020 ’ਚ ਜ਼ਿੰਬਾਬਵੇ ਦੇ ਨਾਲ ਮੁਦਰਾ ਐਕਸਚੇਂਜ ਸਮਝੌਤੇ ’ਤੇ ਹਸਤਾਖਰ ਕਰਨ ਤੋਂ ਬਾਅਦ ਚੀਨ ਨਾਈਜੀਰੀਆ ਦੇ ਵਿੱਤੀ ਖੇਤਰ ’ਚ ਵੀ ਆਪਣੀ ਪਕੜ ਮਜ਼ਬੂਤ ਕਰ ਰਿਹਾ ਹੈ। ਚੀਨ ਦੀ ਯੋਜਨਾ ਨਾਈਜੀਰੀਆ ’ਚ ਆਪਣੇ ਬੈਂਕ ਸਥਾਪਿਤ ਕਰਨ ਦੀ ਹੈ। ਹਾਲ ਹੀ ’ਚ ਨਾਈਜੀਰੀਆ ਦੀ ਰਾਜਧਾਨੀ ਅਬੁਜਾ ’ਚ ਚੀਨ ਦਾ ਮਿਡ-ਆਟਮ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਨਾਈਜੀਰੀਆ ’ਚ ਚੀਨੀ ਰਾਜਦੂਤ ਕੁਈ ਜਿਆਨਚੁਨ ਨੇ ਕਿਹਾ ਕਿ ਉਹ ਚੀਨ ਦੇ ਕੁਝ ਵੱਡੇ ਬੈਂਕਾਂ ਨਾਲ ਗੱਲਬਾਤ ਕਰ ਰਹੇ ਹਨ, ਤਾਂ ਜੋ ਇਨ੍ਹਾਂ ਦਾ ਸੰਚਾਲਨ ਨਾਈਜੀਰੀਆ ’ਚ ਵੀ ਹੋ ਸਕੇ। ਕੁਈ ਨੇ ਨਾਈਜੀਰੀਆ ਅਤੇ ਚੀਨ ਦੇ ਵਧਦੇ ਸੰਬੰਧਾਂ ਬਾਰੇ ਗੱਲ ਕੀਤੀ ਅਤੇ ਦੋਵਾਂ ਦੇਸ਼ਾਂ ਦੇ ਵਿਕਾਸ ’ਚ ਬੈਂਕਿੰਗ ਅਤੇ ਬੈਂਕਿੰਗ ਪ੍ਰਣਾਲੀਆਂ ਦੇ ਮਹੱਤਵ ’ਤੇ ਜ਼ੋਰ ਦਿੱਤਾ।
Comment here