ਕੋਲੰਬੋ-ਚੀਨ ਦਾ ਅਗਲਾ ਸ਼ਿਕਾਰ ਹੁਣ ਸ਼੍ਰੀਲੰਕਾ ਹੈ? ਇਹ ਸਵਾਲ ਤਾਂ ਕਰਕੇ ਉੱਠ ਰਿਹਾ ਹੈ, ਕਿਉਂਕਿ ਚੀਨ ਸ੍ਰੀਲੰਕਾ ਦੇ ਵੱਖ-ਵੱਖ ਬੁਨਿਆਦੀ ਢਾਂਚਾ ਪ੍ਰਾਜੈਕਟਾਂ ’ਚ ਨਿਵੇਸ਼ ਕਰਨ ਵਾਲੇ ਸਭ ਤੋਂ ਵੱਡੇ ਦੇਸ਼ਾਂ ’ਚੋਂ ਇਕ ਹੈ ਪਰ ਸਥਾਨਕ ਅਤੇ ਅੰਤਰਰਾਸ਼ਟਰੀ ਦੋਵਾਂ ਹੀ ਪੱਧਰਾਂ ’ਤੇ ਇਸ ਗੱਲ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ ਕਿ ਚੀਨ ਨੇ ਸ਼੍ਰੀਲੰਕਾ ਨੂੰ ਆਪਣੇ ਕਰਜ ਦੇ ਜਾਲ ’ਚ ਫਸਾ ਲਿਆ ਹੈ। ਇੰਟਰਨੈਸ਼ਨਲ ਫੋਰਮ ਫਾਰ ਰਾਈਟਸ ਐਂਡ ਸਕਿਓਰਿਟੀ ਮੁਤਾਬਕ, ਕੋਲੰਬੋ ਪੋਰਟ ਸਿਟੀ ’ਤੇ ਕਬਜ਼ਾ ਜਮਾਉਣ ਤੋਂ ਬਾਅਦ ਚੀਨ ਨੂੰ ਭਾਰਤੀ ਉਪਮਹਾਦੀਪ ਲਈ ਆਪਣੇ ਦਾਖਲ ਹੋਣ ਦਾ ਰਸਤਾ ਸ਼੍ਰੀਲੰਕਾ ’ਚ ਮਿਲ ਗਿਆ ਹੈ ਅਤੇ ਇਹ ਪੋਰਟ ਭਾਰਤ ਦੇ ਸਭ ਤੋਂ ਦੱਖਣੀ ਸਿਰੇ ਤੋਂ ਕੁਝ 100 ਕਿਲੋਮੀਟਰ ਦੀ ਦੂਰੀ ’ਤੇ ਹੀ ਹੈ। ਕੋਲੰਬੋ ਪੋਰਟ ਸਿਟੀ ਲਈ ਨਿਰਮਾਣ ਲਈ ਚੀਨ ਨੇ ਹਿੰਦ ਮਹਾਸਾਗਰ ’ਚ ਕਈ ਹੈਕਟੇਅਰ ਜ਼ਮੀਨ ’ਤੇ ਦਾਅਵਾ ਕਰਕੇ ਉਸ ’ਤੇ ਕਬਜ਼ਾ ਕਰ ਲਿਆ ਹੈ, ਜਿਸ ਨਾਲ ਭਾਰਤ ਦੀ ਚਿੰਤਾ ਵਧ ਗਈ ਹੈ। ਸ਼੍ਰੀਲੰਕਾ ’ਚ ਚੀਨ ਦੁਆਰਾ ਬਣਾਈ ਜਾ ਰਹੀ ਰਣਨੀਤਿਕ ਬੰਦਰਗਾਹ ਹੰਬਨਟੋਟਾ ਅਗਲੇ ਸਾਲ ਤਕ ਬੰਦਰਗਾਹ ਦੇ ਰੂਪ ’ਚ ਪੂਰੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦੇਵੇਗੀ ਤੇ ਇਸ ਬੰਦਰਗਾਹ ਹੰਬਨਟੋਟਾ ’ਤੇ ਲਗਭਗ ਚੀਨ ਦਾ ਕਬਜ਼ਾ ਰਹੇਗਾ। ਇਸ ਤੋਂ ਇਲਾਵਾ ਚੀਨ ਸ਼੍ਰੀਲੰਕਾ ਦੇ ਕੋਲੰਬੋ ਪੋਰਟ ਸਿਟੀ, ਜਿਸ ਨੂੰ ਸੀ.ਪੀ.ਸੀ. ਵੀ ਕਿਹਾ ਜਾਂਦਾ ਹੈ, ਉਥੇ ਇਕ ਹੋਰ ਐਨਕਲੇਵ ਬਣਾ ਰਿਹਾ ਹੈ, ਜੋ ਨਾ ਸਿਰਫ ਸਥਾਨਕ ਰੋਜ਼ੀ-ਰੋਟੀ ਅਤੇ ਸ੍ਰੀਲੰਕਾ ਦੀ ਸਥਾਨਕ ਪਰੰਪਰਾ ਨੂੰ ਹਮੇਸ਼ਾ ਲਈ ਖਤਮ ਕਰ ਦੇਵੇਗਾ ਸਗੋਂ ਇਸ ਪ੍ਰਾਜੈਕਟ ਨਾਲ ਇਸ ਬੰਦਰਗਾਹ ’ਤੇ ਸ਼੍ਰੀਲੰਕਾ ਦੀ ਪ੍ਰਭੂਸਤਾ ਵੀ ਖਤਮ ਹੋ ਗਈ ਹੈ। ਹੰਬਨਟੋਟਾ ਬੰਦਰਗਾਹ ਦੀ ਅੱਜ ਹਾਲਤ ਇਹ ਹੈ ਕਿ ਇੱਥੇ ਭਾਰਤ, ਜਪਾਨ ਤੇ ਦੱਖਣੀ ਕੋਰੀਆ ਤੋਂ ਹੁੰਦੀ ਬਰਾਮਦ ਤੋਂ ਇਲਾਵਾ ਕੌਮਾਂਤਰੀ ਵਣਜ ਤਹਿਤ ਉਤਰਨ ਵਾਲੀਆਂ ਵਸਤਾਂ ਦੀ ਗਿਣਤੀ ਲਗਪਗ ਨਾਂਮਾਤਰ ਹੈ। ਇਸ ਬੰਦਰਗਾਹ ਨੂੰ ਬਣਾਉਣ ਲਈ ਲਿਆ ਕਰਜ਼ਾ ਅਤੇ ਉਸ ਉੱਤੇ ਪੈਣ ਵਾਲੇ ਵਿਆਜ ਦੀ ਅਦਾਇਗੀ ਤਾਂ ਹੀ ਸੰਭਵ ਹੈ ਜੇਕਰ ਇੱਥੋਂ ਸਾਲਾਨਾ 6.5 ਕਰੋੜ ਡਾਲਰਾਂ ਦਾ ਵਣਜ ਹੋਵੇ। ਪਰ ਹਾਲ ਦੀ ਘੜੀ ਇੱਥੋਂ ਹੋਣ ਵਾਲੇ ਵਣਜ ਤੋਂ ਮਹਿਜ਼ 13 ਲੱਖ ਡਾਲਰ ਦੀ ਸਾਲਾਨਾ ਕਮਾਈ ਬਤੌਰ ਮਾਲੀਏ ਵਜੋਂ ਹੋ ਰਹੀ ਹੈ। ਵਿਦੇਸ਼ੀ ਏਅਰਲਾਈਨਜ਼ ਨੂੰ ਹੰਬਨਟੋਟਾ ਹਵਾਈ ਅੱਡੇ ’ਤੇ ਮੁਫ਼ਤ ਲੈਂਡਿੰਗ ਦੀ ਖੁੱਲ੍ਹ ਦੇਣ ਦੇ ਬਾਵਜੂਦ ਇੱਥੋਂ ਮੁਸ਼ਕਲ ਨਾਲ ਹੀ ਕੋਈ ਹਵਾਈ ਜਹਾਜ਼ ਆਉਂਦਾ-ਜਾਂਦਾ ਹੈ। ਮਹਿੰਗੇ ਭਾਅ ਸ਼ੁਰੂ ਕੀਤਾ ਬਿਜਲੀ ਪ੍ਰਾਜੈਕਟ ਵੀ ਸਫ਼ੈਦ ਹਾਥੀ ਬਣ ਕੇ ਰਹਿ ਗਿਆ ਹੈ। ਕੋਲੇ ਨਾਲ ਚੱਲਣ ਵਾਲੇ ਨੋਰੋਚਚੋਲਾਈ ਬਿਜਲੀ ਪਲਾਂਟ ਦੀਆਂ ਕਿਸ਼ਤਾਂ ਤਾਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਸ੍ਰੀਲੰਕਾ ਸਰਕਾਰ ਨੇ ਹੁਣ ਇਸ ਪਲਾਂਟ ਨੂੰ ਵੀ ਚੀਨ ਦੀ ਇਕ ਕੰਪਨੀ ਨੂੰ ਕਰਜ਼ੇ ਦੇ ਬਦਲ ਵਜੋਂ ਵੇਚਣ ਦਾ ਮਨ ਬਣਾ ਲਿਆ। ਸਾਫ ਹੈ ਕਿ ਹੌਲੀ ਹੌਲੀ ਚੀਨ ਸ੍ਰੀਲੰਕਾ ਚ ਵੀ ਆਪਣੇ ਪੈਰ ਇਸ ਤਰੀਕੇ ਨਾਲ ਪਸਾਰ ਰਿਹਾ ਹੈ ਕਿ ਆਰਥਿਕ ਗੁਲਾਮ ਬਣਾ ਲਵੇਗਾ।
Comment here