ਸਿਆਸਤਖਬਰਾਂਦੁਨੀਆ

ਚੀਨ ’ਚ ਨਵੇਂ ਘਰਾਂ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ

ਜਲੰਧਰ-ਚੀਨ ਦੀ ਹਾਊਸਿੰਗ ਇੰਡਸਟਰੀ ’ਚ ਹੰਗਾਮਾ ਮਚਿਆ ਹੋਇਆ ਹੈ। ਚੀਨ ਵਿਚ ਅਮੀਰ ਲੋਕ ਜਿਥੇ ਆਪਣੀਆਂ ਪੁਰਾਣੀਆਂ ਜਾਇਦਾਦਾਂ ਨੂੰ ਕੌਡੀਆਂ ਦੇ ਭਾਅ ਵੇਚਕੇ ਦੇਸ਼ ਛੱਡਣ ਨੂੰ ਕਾਹਲੇ ਹਨ, ਉਥੇ ਹੁਣ ਨਵੇਂ ਘਰਾਂ ਦੀਆਂ ਕੀਮਤਾਂ ਵਿਚ ਵੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਜਿਸਦੇ ਕਾਰਨ ਚੀਨ ਦੀ ਹਾਊਸਿੰਗ ਇੰਡਸਟਰੀ ਵਿਚ ਇਕ ਵਾਰ ਫਿਰ ਤੋਂ ਹੰਗਾਮਾ ਮਚ ਗਿਆ ਹੈ। ਸਾਊਥ ਚਾਈਨਾ ਸੀ ਦੀ ਰਿਪੋਰਟ ਮੁਤਾਬਕ ਚੀਨ ਵਿਚ ਬੀਤੇ ਸਤੰਬਰ ਮਹੀਨੇ ਤੋਂ ਲਗਾਤਾਰ 13 ਮਹੀਨਿਆਂ ਵਿਚ ਪ੍ਰਾਪਰਟੀ ਦੀਆਂ ਕੀਮਤਾਂ ’ਚ ਗਿਰਾਵਟ ਚਲ ਰਹੀ ਹੈ। ਚੀਨ ਦੇ ਕਈ ਅਮੀਰ ਲੋਕ ਆਪਣੀ ਜਾਇਦਾਦ ਘੱਟ ਕੀਮਤ ’ਤੇ ਹੀ ਵੇਚਕੇ ਯੂਰਪ ਜਾਂ ਸਿੰਗਾਪੁਰ ਵਰਗੇ ਦੇਸ਼ਾਂ ਵੱਲ ਜਾ ਰਹੇ ਹਨ। ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ (ਐੱਨ. ਬੀ. ਐੱਸ.) ਦੇ ਤਾਜ਼ਾ ਅੰਕੜਿਆਂ ਮੁਤਾਬਕ ਸਤੰਬਰ ਵਿਚ 1.5 ਫੀਸਦੀ ਦੀ ਗਿਰਾਵਟ ਤੋਂ ਬਾਅਦ ਨਵੇਂ ਘਰਾਂ ਦੀਆਂ ਕੀਮਤਾਂ ਵਿਚ ਸਾਲ-ਦਰ-ਸਾਲ 1.6 ਫੀਸਦੀ ਦੀ ਗਿਰਾਵਟ ਆਈ ਹੈ। ਇਹ ਅਗਸਤ 2015 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਦੱਸੀ ਜਾ ਰਹੀ ਹੈ।
32 ਮਹੀਨਿਆਂ ਵਿਚ ਨਿਵੇਸ਼ ਵਿਚ ਸਭ ਤੋਂ ਤੇਜ਼ ਗਿਰਾਵਟ
ਚੀਨ ਦਾ ਰੀਅਲ ਅਸਟੇਟ ਸੈਕਟਰ ਕਈ ਰੁਕੇ ਹੋਏ ਪ੍ਰਾਜੈਕਟਾਂ ਨਾਲ ਜੂਝ ਰਿਹਾ ਹੈ ਕਿਉਂਕਿ ਅਧਿਕਾਰੀਆਂ ਨੇ 2020 ਦੇ ਵਿਚਕਾਰ ਜ਼ਿਆਦਾ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਸੀ, ਜਿਸ ਨਾਲ ਬਾਜ਼ਾਰ ਦਾ ਵਿਸ਼ਵਾਸ ਪ੍ਰਭਾਵਿਤ ਹੋਇਆ ਹੈ। ਸਤੰਬਰ ਵਿਚ 0.2 ਫੀਸਦੀ ਦੀ ਕਮੀ ਤੋਂ ਬਾਅਦ ਨਵੇਂ ਘਰਾਂ ਦੀਆਂ ਕੀਮਤਾਂ ਵਿਚ ਮਹੀਨੇ-ਦਰ-ਮਹੀਨੇ 0.3 ਫੀਸਦੀ ਦੀ ਗਿਰਾਵਟ ਆਈ। ਬੀਤੇ ਮੰਗਲਵਾਰ ਦੇ ਡਾਟਾ ਨੇ ਵੀ ਕੈਸ਼-ਸਟ੍ਰੈਪਡ ਸੈਕਟਰ ਵਿਚ ਹੋਰ ਕਮਜ਼ੋਰੀ ਵੱਲ ਇਸ਼ਾਰਾ ਕੀਤਾ ਜੋ ਇਹ ਦਰਸ਼ਾਉਂਦਾ ਹੈ ਕਿ ਜਾਇਦਾਦ ਨਿਵੇਸ਼ ਅਕਤੂਬਰ ਵਿਚ 32 ਮਹੀਨਿਆਂ ਵਿਚ ਸਭ ਤੋਂ ਤੇਜ਼ ਰਫਤਾਰ ਨਾਲ ਡਿੱਗ ਗਿਆ ਅਤੇ ਵਿਕਰੀ ਲਗਾਤਾਰ 15ਵੇਂ ਮਹੀਨੇ ਡਿੱਗ ਗਈ।
ਕੀ ਹੈ ਦੇਸ਼ ਛੱਡਣ ਦਾ ਕਾਰਨ
ਝਾਓ ਟਿੰਗ ਨੇ ਦਾਅਵਾ ਕੀਤਾ ਕਿ ਸ਼ੰਘਾਈ ਦੇ ਜ਼ਿਆਦਾਤਰ ਅਮੀਰ ਲੋਕ ਪਹਿਲਾਂ ਹੀ ਚੀਨ ਛੱਡ ਚੁੱਕੇ ਹਨ ਜਾਂ ਆਪਣਾ ਪੈਸਾ ਵਿਦੇਸ਼ਾਂ ਵਿਚ ਟਰਾਂਸਫਰ ਕਰ ਚੁੱਕੇ ਹਨ। ਝਾਓ ਮੁਤਾਬਕ ਇਸ ਹਿਜ਼ਰਤ ਦੇ ਦੋ ਕਾਰਨ ਹਨ। ਪਹਿਲਾਂ ਇਹ ਕਿ ਚੀਨ ਦੇ ਇਨ੍ਹਾਂ ਅਮੀਰ ਲੋਕਾਂ ਨੂੰ ਲਗਦਾ ਹੈ ਕਿ ਨਵੀਂ ਲੀਡਰਸ਼ਿੱਪ ਉਨ੍ਹਾਂ ਲਈ ਨੁਕਸਾਨਦਾਇਕ ਸਾਬਿਤ ਹੋਵੇਗੀ ਅਤੇ ਦੂਸਰਾ ਜੋ ਕਿ ਸਾਰਿਆਂ ਨੂੰ ਪਾਤ ਹੈ ਕਿ ਜ਼ੀਰੋ ਕੋਵਿਡ ਪਾਲਿਸੀ ਦਾ ਅੰਤ ਹੁੰਦਾ ਫਿਲਹਾਲ ਨਜ਼ਰ ਨਹੀਂ ਆ ਰਿਹਾ ਹੈ। ਰੇਡੀਓ ਫਰੀ ਏਸ਼ੀਆ ਦੀ ਰਿਪੋਰਟ ਵਿਚ ਹੁਬੇਈ ਦੇ ਇਕ ਰੀਅਲ ਅਸਟੇਟ ਬ੍ਰੋਕਰ ਝਾਓ ਨਿੰਗ ਦਾ ਵੀ ਹਵਾਲਾ ਦਿੱਤਾ ਗਿਆ ਹੈ।
ਲਜ਼ਗਰੀ ਘਰਾਂ ਦੀਆਂ ਕੀਮਤਾਂ ਵੀ ਡਿੱਗਿਆਂ
ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨ ਅਤੇ ਤਾਈਵਾਨ ਦੇ ਕਾਰੋਬਾਰੀ ਆਪਣੇ ਰੈਸਟੋਰੈਂਟ, ਹੋਟਲ ਅਤੇ ਹੋਰ ਜਾਇਦਾਦ ਨਕਦ ਵੇਚ ਰਹੇ ਹਨ। ਬੀੇਤੇ ਅਕਤੂਬਰ ਮਹੀਨੇ ਵਿਚ ਸ਼ੰਘਾਈ ਰੀਅਲ ਅਸਟੇਟ ਬ੍ਰੋਕਰ ਝਾਓ ਕਿੰਗ ਦੀ ਪ੍ਰਕਾਸ਼ਿਤ ਰੇਡੀਓ ਫਰੀ ਏਸ਼ੀਆ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਲੋਕ ਘਰਾਂ ਨੂੰ ਡੰਪ ਕਰ ਰਹੇ ਹਨ, ਬਹੁਤ ਸਾਰੇ ਲਗਜ਼ਰੀ ਘਰ ਆਪਣੀ ਅਸਲੀ ਕੀਮਤ ਤੋਂ 30 ਤੋਂ 40 ਫੀਸਦੀ ਘੱਟ ਕੀਮਤ ’ਤੇ ਮਿਲ ਰਹੇ ਹਨ। ਲੋਕ ਦੇਸ਼ ਛੱਡ ਕੇ ਭੱਜਣਾ ਚਾਹੁੰਦੇ ਹਨ ਅਤੇ ਉਹ ਇਹ ਸੋਚਕੇ ਡਰਦੇ ਹਨ ਕਿ ਜੇਕਰ ਉਹ ਅਜੇ ਨਹੀਂ ਵੇਚਦੇ ਤਾਂ ਬਹੁਤ ਦੇਰ ਹੋ ਜਾਏਗੀ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਪ੍ਰਾਪਰਟੀ ਸੈਕਟਰ ਵਿਚ ਲਗਾਤਾਰ ਗਿਰਾਵਟ ’ਤੇ ਰੋਕ ਲਗਾਉਣ ਲਈ ਕੁਝ ਮਜਬੂਤ ਉਪਾਅ ਅਪਨਾਉਣੇ ਹੋਣਗੇ।

Comment here