ਖਬਰਾਂਖੇਡ ਖਿਡਾਰੀਵਿਸ਼ੇਸ਼ ਲੇਖ

ਚੀਨ ‘ਚ ਏਸ਼ੀਆਈ ਖੇਡਾਂ ‘ਚ ਪੰਜਾਬ ਦੇ 58 ਖਿਡਾਰੀ ਦਿਖਾਉਣਗੇ ਦਮ

ਚੀਨ ਦੇ ਸ਼ਹਿਰ ਹਾਂਗਜ਼ੂ ਵਿਖੇ 23 ਸਤੰਬਰ ਤੋਂ 8 ਅਕਤੂਬਰ ਤੱਕ ਹੋਣ ਵਾਲੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਦਾ 653 ਮੈਂਬਰੀ ਖੇਡ ਦਲ ਹਿੱਸਾ ਲਵੇਗਾ ਜਿਸ ਵਿੱਚ 48 ਖਿਡਾਰੀ ਪੰਜਾਬ ਦੇ ਹਨ। ਇਸ ਤੋਂ ਇਲਾਵਾ 10 ਪੰਜਾਬੀ ਖਿਡਾਰੀ ਪੈਰਾ ਏਸ਼ੀਅਨ ਗੇਮਜ਼ ਵਿੱਚ ਹਿੱਸਾ ਲੈਣਗੇ ਜੋ ਅਗਲੇ ਮਹੀਨੇ 22 ਤੋਂ 28 ਅਕਤੂਬਰ ਤੱਕ ਹਾਂਗਜ਼ੂ ਵਿਖੇ ਹੋ ਰਹੀਆਂ ਹਨ। ਪੰਜਾਬ ਸਰਕਾਰ ਨੇ ਆਪਣੀ ਨਵੀਂ ਖੇਡ ਨੀਤੀ ਨੂੰ ਲਾਗੂ ਕਰਦਿਆਂ 58 ਖਿਡਾਰੀਆਂ ਨੂੰ ਤਿਆਰੀ ਲਈ 4.64 ਕਰੋੜ ਰੁਪਏ ਦੀ ਨਗਦ ਰਾਸ਼ੀ ਦਿੱਤੀ ਗਈ ਹੈ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਏਸ਼ਿਆਈ ਖੇਡਾਂ ਲਈ ਭਾਰਤੀ ਖੇਡ ਦਲ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਆਉਣ ਵਾਲੇ ਦੋ ਹਫ਼ਤੇ ਇਹ ਖਿਡਾਰੀ ਪੂਰੀ ਜੀਅ ਜਾਨ ਨਾਲ ਖੇਡਦੇ ਹੋਏ ਦੇਸ਼ ਦਾ ਨਾਮ ਰੌਸ਼ਨ ਕਰਨਗੇ।
ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉਤੇ ਬਣਾਈ ਨਵੀਂ ਖੇਡ ਨੀਤੀ ਵੀ ਏਸ਼ਿਆਈ ਖੇਡਾਂ ਤੋਂ ਜ਼ਮੀਨੀ ਪੱਧਰ ਉਤੇ ਲਾਗੂ ਹੋ ਗਈ ਹੈ ਅਤੇ ਇਨਾਂ ਖੇਡਾਂ ਵਿੱਚ ਹਿੱਸਾ ਲੈਣ ਜਾ ਰਹੇ ਪੰਜਾਬ ਦੇ 58 ਖਿਡਾਰੀਆਂ ਪ੍ਰਤੀ ਖਿਡਾਰੀ 8 ਲੱਖ ਰੁਪਏ ਦੇ ਹਿਸਾਬ ਨਾਲ ਕੁੱਲ 4.64 ਕਰੋੜ ਰੁਪਏ ਦਿੱਤੇ ਗਏ। ਪਹਿਲੀ ਵਾਰ ਖਿਡਾਰੀਆਂ ਨੂੰ ਤਿਆਰੀ ਲਈ ਨਗਦ ਇਨਾਮ ਰਾਸ਼ੀ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ। ਖੇਡ ਮੰਤਰੀ ਨੇ ਖਿਡਾਰੀਆਂ ਨੂੰ ਹੌਸਲਾ ਅਫਜ਼ਾਈ ਲਈ ਨਗਦ ਇਨਾਮ ਰਾਸ਼ੀ ਦੇਣ ਲਈ ਮੁੱਖ ਮੰਤਰੀ ਦਾ ਉਚੇਚਾ ਧੰਨਵਾਦ ਕੀਤਾ ਜਿਨਾਂ ਸਦਕਾ ਪੰਜਾਬ ਖੇਡਾਂ ਦੀ ਤਿਆਰੀ ਲਈ ਨਗਦ ਰਾਸ਼ੀ ਦੇਣ ਵਾਲਾ ਪਹਿਲਾ ਸੂਬਾ ਬਣਿਆ। ਉਨਾਂ ਕਿਹਾ ਕਿ ਏਸ਼ਿਆਈ ਖੇਡਾਂ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਇਨਾਮ ਰਾਸ਼ੀ ਵਜੋਂ ਕ੍ਰਮਵਾਰ ਇਕ ਕਰੋੜ ਰੁਪਏ, 75 ਲੱਖ ਤੇ 50 ਲੱਖ ਰੁਪਏ ਮਿਲਣਗੇ।
ਖੇਡ ਮੰਤਰੀ ਨੇ ਏਸ਼ੀਆਈ ਖੇਡਾਂ ਵਿੱਚ ਹਿੱਸਾ ਲੈਣ ਜਾ ਰਹੇ ਪੰਜਾਬ ਦੇ ਖਿਡਾਰੀਆਂ ਦੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਹਾਕੀ ਖੇਡ ਵਿੱਚ 10 ਖਿਡਾਰੀ ਕਪਤਾਨ ਹਰਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ, ਜਰਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਕ੍ਰਿਸ਼ਨ ਬਹਾਦਰ ਪਾਠਕ ਤੇ ਸੁਖਜੀਤ ਸਿੰਘ, ਨਿਸ਼ਾਨੇਬਾਜ਼ੀ ਵਿੱਚ 9 ਖਿਡਾਰੀ ਜ਼ੋਰਾਵਾਰ ਸਿੰਘ ਸੰਧੂ, ਗਨੀਮਤ ਸੇਖੋਂ, ਅੰਗਦਵੀਰ ਸਿੰਘ ਬਾਜਵਾ, ਗੁਰਜੋਤ ਸਿੰਘ ਖੰਗੂੜਾ, ਪਰੀਨਾਜ਼ ਧਾਲੀਵਾਲ, ਰਾਜੇਸ਼ਵਰੀ ਕੁਮਾਰੀ, ਸਿਫ਼ਤ ਕੌਰ ਸਮਰਾ, ਵਿਜੈਵੀਰ ਸਿੱਧੂ ਤੇ ਅਰਜੁਨ ਸਿੰਘ ਚੀਮਾ, ਰੋਇੰਗ ਵਿੱਚ ਪੰਜ ਖਿਡਾਰੀ ਚਰਨਜੀਤ ਸਿੰਘ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਸੁਖਮੀਤ ਸਿੰਘ ਤੇ ਸਤਨਾਮ ਸਿੰਘ, ਕ੍ਰਿਕਟ ਵਿੱਚ ਪੰਜ ਖਿਡਾਰੀ ਕਪਤਾਨ ਹਰਮਨਪ੍ਰੀਤ ਕੌਰ, ਕਨਿਕਾ ਅਹੂਜਾ, ਅਮਨਜੋਤ ਕੌਰ, ਅਰਸ਼ਦੀਪ ਸਿੰਘ ਤੇ ਪ੍ਰਭਸਿਮਰਨ ਸਿੰਘ, ਬਾਸਕਟਬਾਲ ਵਿੱਚ ਪੰਜ ਖਿਡਾਰੀ ਸਹਿਜਪ੍ਰੀਤ ਸਿੰਘ ਸੇਖੋਂ, ਪਿ੍ਰੰਸਪਾਲ ਸਿੰਘ, ਮਨਮੀਤ ਕੌਰ, ਯਸ਼ਨੀਤ ਕੌਰ ਤੇ ਅਨਮੋਲਪ੍ਰੀਤ ਕੌਰ, ਅਥਲੈਟਿਕਸ ਵਿੱਚ ਚਾਰ ਖਿਡਾਰੀ ਤੇਜਿੰਦਰ ਪਾਲ ਸਿੰਘ ਤੂਰ, ਹਰਮਿਲਨ ਬੈਂਸ, ਮੰਜੂ ਰਾਣੀ, ਤੇ ਅਕਸ਼ਦੀਪ ਸਿੰਘ, ਤੀਰਅੰਦਾਜ਼ੀ ਵਿੱਚ ਤਿੰਨ ਖਿਡਾਰੀ ਪ੍ਰਨੀਤ ਕੌਰ, ਅਵਨੀਤ ਕੌਰ ਤੇ ਸਿਮਰਨਜੀਤ ਕੌਰ, ਤਲਵਾਰਬਾਜ਼ੀ ਵਿਚ ਦੋ ਖਿਡਾਰੀ ਈਨਾ ਅਰੋੜਾ ਤੇ ਅਰਜੁਨ, ਸਾਈਕਲਿੰਗ ਵਿੱਚ ਦੋ ਖਿਡਾਰੀ ਹਰਸ਼ਵੀਰ ਸਿੰਘ ਸੇਖੋਂ ਤੇ ਵਿਸ਼ਵਜੀਤ ਸਿੰਘ, ਬੈਡਮਿੰਟਨ ਵਿੱਚ ਇਕ ਖਿਡਾਰੀ ਧਰੁਵ ਕਪਿਲਾ, ਜੂਡੋ ਵਿੱਚ ਇਕ ਖਿਡਾਰੀ ਅਵਤਾਰ ਸਿੰਘ, ਕੁਸ਼ਤੀ ਵਿੱਚ ਇਕ ਖਿਡਾਰੀ ਨਰਿੰਦਰ ਚੀਮਾ ਸ਼ਾਮਲ ਹਨ।
ਮੰਤਰੀ ਮੀਤ ਹੇਅਰ ਨੇ ਅੱਗੇ ਦੱਸਿਆ ਕਿ ਪੰਜਾਬ ਦੇ 58 ਖਿਡਾਰੀਆਂ ਵਿੱਚ 10 ਪੈਰਾ ਖਿਡਾਰੀ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਪੈਰਾ ਪਾਵਰ ਲਿਫਟਿੰਗ ਵਿੱਚ ਚਾਰ ਖਿਡਾਰੀ ਪਰਮਜੀਤ ਕੁਮਾਰ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ ਤੇ ਸੀਮਾ ਰਾਣੀ, ਪੈਰਾ ਅਥਲੈਟਿਕਸ ਵਿੱਚ ਤਿੰਨ ਖਿਡਾਰੀ ਮੁਹੰਮਦ ਯਾਸੀਰ, ਮਿਥੁਨ ਤੇ ਜਸਪ੍ਰੀਤ ਕੌਰ ਸਰਾਂ, ਪੈਰਾ ਬੈਡਮਿੰਟਨ ਵਿੱਚ ਦੋ ਖਿਡਾਰੀ ਪਲਕ ਕੋਹਲੀ ਤੇ ਰਾਜ ਕੁਮਾਰ ਹਨ ਅਤੇ ਪੈਰਾ ਤਾਇਕਵਾਂਡੋ ਵਿੱਚ ਇਕ ਖਿਡਾਰੀ ਵੀਨਾ ਅਰੋੜਾ ਭਾਰਤੀ ਖੇਡ ਦਲ ਵਿੱਚ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਹਨ।

Comment here