ਨਵੀਂ ਦਿੱਲੀ-ਕੌਮਾਂਤਰੀ ਪੱਧਰ ’ਤੇ ਕੋਲੇ ਦੀਆਂ ਵਧੀਆਂ ਹੋਈਆਂ ਕੀਮਤਾਂ, ਉੱਚ ਰਸਦ ਲਾਗਤ ਅਤੇ ਲਾਜਿਸਟਿਕ ਚੁਣੌਤੀਆਂ ਕਾਰਨ ਸਾਰੇ ਖੇਤਰਾਂ ’ਚ ਕੱਚੇ ਮਾਲ ਦੀ ਲਾਗਤ ’ਚ ਵਾਧਾ ਹੋਇਆ ਹੈ।
ਚੀਨ ਦੇ ਊਰਜਾ ਸੰਕਟ ਨਾਲ ਘਰੇਲੂ ਅਤੇ ਕੌਮਾਂਤਰੀ ਬਾਜ਼ਾਰਾਂ ’ਚ ਭਾਰਤ ਦੀਆਂ ਰਸਾਇਣ ਅਤੇ ਇਸਪਾਤ ਕੰਪਨੀਆਂ ਨੂੰ ਲਾਗਤ ਅਤੇ ਉਤਪਾਦਨ ਲਾਭ ਮਿਲਣ ਦੀ ਉਮੀਦ ਹੈ। ਵਿਸ਼ੇਸ਼ ਤੌਰ ’ਤੇ ਚੀਨ ਦੀ ਵਿਗੜਦੀ ਊਰਜਾ ਸਥਿਤੀ ਨੇ ਉਸ ਦੇ ਉਦਯੋਗਿਕ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਕਾਰਖਾਨਿਆਂ ਦੇ ਉਤਪਾਦਨ ’ਚ ਕਟੌਤੀ ਕਰਨ ਲਈ ਮਜ਼ਬੂਰ ਕੀਤਾ ਹੈ। ਇਸ ਨਾਲ ਦੇਸ਼ ਦੀ ਵਿਸ਼ਾਲ ਅਰਥਵਿਵਸਥਾ ਦਾ ਵਿਕਾਸ ਪ੍ਰਭਾਵਿਤ ਹੋ ਸਕਦਾ ਹੈ ਅਤੇ ਕੌਮਾਂਤਰੀ ਸਪਲਾਈ ਚੇਨਜ਼ ’ਤੇ ਦਬਾਅ ਵੀ ਵਧ ਸਕਦਾ ਹੈ। ਯਾਨੀ ਊਰਜਾ ਸੰਕਟ ਨਾਲ ਜਿੱਥੇ ਚੀਨ ਨੂੰ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਭਾਰਤੀ ਸਟੀਲ ਅਤੇ ਰਸਾਇਣਿਕ ਉਦਯੋਗਾਂ ਨੂੰ ਫਾਇਦਾ ਹੋ ਸਕਦਾ ਹੈ।
ਇੰਡੀਆ ਰੇਟਿੰਗਸ ਐਂਡ ਰਿਸਰਚ (ਇੰਡ-ਰਾ) ਨੇ ਕਿਹਾ ਕਿ ਹਾਲਾਂਕਿ ਚੀਨੀ ਹਮਰੁਤਬਾ ਵਲੋਂ ਘੱਟ ਸਪਲਾਈ ਕਾਰਨ ਭਾਰਤੀ ਨਿਰਮਾਤਾਵਾਂ ਦੇ ਆਰਡਰ ਬੁਕ ’ਚ ਵਾਧਾ ਦੇਖਿਆ ਜਾਵੇਗਾ।
ਇਸ ਤੋਂ ਇਲਾਵਾ ਕੱਚੇ ਮਾਲ ਦੀਆਂ ਕੀਮਤਾਂ ’ਚ ਵਾਧੇ ਨਾਲ ਬਰਾਮਦ ਕੀਤੇ ਗਏ ਸਾਮਾਨ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ ਅਤੇ ਵਪਾਰ ਦੀਆਂ ਸ਼ਰਤਾਂ ’ਤੇ ਨਤੀਜੇ ਵਜੋਂ ਮਾੜੇ ਪ੍ਰਭਾਵ (ਇਨਪੁੱਟ ਮੁੱਲ ’ਤੇ ਬਰਾਮਦ ਮੁੱਲ) ਰੁਪਏ ਦੇ ਮੁਕਾਬਲੇ ਡਾਲਰ ਦੇ ਮਜ਼ਬੂਤ ਹੋਣ ਦੇ ਕਾਰਨਾਂ ’ਚੋਂ ਇਕ ਹੈ।
ਰਿਪੋਰਟ ਮੁਤਾਬਕ ਚੀਨ ਦੇ ਉਤਪਾਦਨ ਸੰਕਟ ਨਾਲ ਕਮਜ਼ੋਰ ਰੁਪਇਆ ਬਰਾਮਦ ਨੂੰ ਬੜ੍ਹਾਵਾ ਦੇਵੇਗਾ। ਹਾਲਾਂਕਿ ਕੋਲੇ ਦੀਆਂ ਵਧੀਆਂ ਹੋਈਆਂ ਕੀਮਤਾਂ ਨੇ ਕੌਮਾਂਤਰੀ ਪੱਧਰ ’ਤੇ ਨਿਰਮਾਣ ਲਾਗਤ ਨੂੰ ਵਧਾ ਦਿੱਤਾ ਹੈ। ਏਜੰਸੀ ਦਾ ਮੰਨਣਾ ਹੈ ਕਿ ਸਾਰੇ ਖੇਤਰਾਂ ਦੇ ਨਿਰਮਾਤਾ ਵਧੀ ਹੋਈ ਲਾਗਤ ਨੂੰ ਅਖੀਰ ਖਪਤਕਾਰ ਉਦਯੋਗਾਂ ’ਤੇ ਪਾ ਦੇਣਗੇ, ਜਿਸ ਨਾਲ ਮਹਿੰਗਾਈ ਦਾ ਦਬਾਅ ਵਧ ਜਾਏਗਾ ਜੋ ਅਖੀਰ ਭਾਰਤੀ ਅਰਥਵਿਵਸਥਾ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਰਿਪੋਰਟ ਮੁਤਾਬਕ ਚੀਨ ਦੇ ਊਰਜਾ ਸੰਕਟ ਅਤੇ ਇਸ ਦੇ ਨਤੀਜੇ ਵਜੋਂ ਚੀਨੀ ਕੰਪਨੀਆਂ ਦੇ ਬੰਦ ਹੋਣ ਜਾਂ ਨਿਰਮਾਣ ’ਤੇ ਰੁਕ-ਰੁਕ ਕੇ ਪਾਬੰਦੀ ਲਗਾਉਣ ਦੀ ਸੰਭਾਵਨਾ ਭਾਰਤੀ ਕੰਪਨੀਆਂ ਲਈ ਫਾਇਦੇਮੰਦ ਸਾਬਤ ਹੋਵੇਗੀ ਕਿਉਂਕਿ ਉਨ੍ਹਾਂ ਦੇ ਉਤਪਾਦਾਂ ਦੀ ਮੰਗ ਘਰੇਲੂ ਅਤੇ ਕੌਮਾਂਤਰੀ ਦੋਹਾਂ ਬਾਜ਼ਾਰਾਂ ’ਚ ਵਧਣੀ ਤੈਅ ਹੈ।
Comment here