ਸਿਆਸਤਸਿਹਤ-ਖਬਰਾਂਖਬਰਾਂਚਲੰਤ ਮਾਮਲੇਦੁਨੀਆ

ਚੀਨੀ ਮੈਡੀਕਲ ਸੰਸਥਾਵਾਂ ਕੋਵਿਡ ਪਾਬੰਦੀਆਂ ਕਾਰਨ ਫੇਰ ਬੰਦ

ਬੀਜਿੰਗ-ਵਿਸ਼ਵ ਭਰ ਵਿਚ ਕੋੋਰੋਨਾ ਵਾਇਰਸ ਕਾਰਨ ਅਰਥ ਵਿਵਸਥਾ ਤੋਂ ਲੈਕੇ ਦੇਸ ਵਿਦੇਸ਼ ਦੀ ਐਜੂਕੇਸ਼ਨ ’ਤੇ ਬਹੁਤ ਮਾੜਾ ਅਸਰ ਪਿਆ ਹੈ। ਭਾਰਤ ਨੇ ਚੀਨ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਇੱਕ ਵਿਸਤ੍ਰਿਤ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਚੀਨ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਆਉਣ ਵਾਲੀਆਂ ਕਈ ਸਮੱਸਿਆਵਾਂ ਪ੍ਰਤੀ ਸੁਚੇਤ ਕੀਤਾ ਗਿਆ ਹੈ। ਐਡਵਾਈਜ਼ਰੀ ਵਿੱਚ ਵਿਦਿਆਰਥੀਆਂ ਨੂੰ ਪ੍ਰੀਖਿਆ ਪਾਸ ਹੋਣ ਦੀ ਘੱਟ ਪ੍ਰਤੀਸ਼ਤਤਾ, ਅਧਿਕਾਰਤ ਭਾਸ਼ਾ ਪੁਤੌਂਗੁਆ ਸਿੱਖਣ ਦੀ ਮਜਬੂਰੀ ਅਤੇ ਭਾਰਤ ਵਿੱਚ ਡਾਕਟਰ ਵਜੋਂ ਪ੍ਰੈਕਟਿਸ ਕਰਨ ਦੇ ਸਖ਼ਤ ਨਿਯਮਾਂ ਬਾਰੇ ਦੱਸਿਆ ਗਿਆ ਹੈ। ਇਹ ਐਡਵਾਈਜ਼ਰੀ ਅਜਿਹੇ ਸਮੇਂ ਜਾਰੀ ਕੀਤੀ ਗਈ ਹੈ ਜਦੋਂ ਚੀਨੀ ਮੈਡੀਕਲ ਸੰਸਥਾਵਾਂ ਵਿੱਚ ਪੜ੍ਹ ਰਹੇ ਕਈ ਭਾਰਤੀ ਵਿਦਿਆਰਥੀ ਬੀਜਿੰਗ ਦੀ ਕੋਵਿਡ ਵੀਜ਼ਾ ਪਾਬੰਦੀਆਂ ਕਾਰਨ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਘਰ ਬੈਠੇ ਹਨ। ਅਧਿਕਾਰਤ ਅਨੁਮਾਨਾਂ ਅਨੁਸਾਰ, ਇਸ ਸਮੇਂ ਚੀਨ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ 23,000 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੇ ਦਾਖ਼ਲਾ ਲਿਆ ਹੋਇਆ ਹੈ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਮੈਡੀਕਲ ਵਿਦਿਆਰਥੀ ਹਨ।
ਕੋਵਿਡ ਵੀਜ਼ਾ ਪਾਬੰਦੀਆਂ ਦੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਬਾਅਦ ਚੀਨ ਨੇ ਹਾਲ ਹੀ ਵਿੱਚ ਕੁੱਝ ਚੋਣਵੇਂ ਵਿਦਿਆਰਥੀਆਂ ਨੂੰ ਵਾਪਸ ਆਉਣ ਲਈ ਵੀਜ਼ਾ ਜਾਰੀ ਕੀਤਾ ਸੀ ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਵਾਪਸ ਆਉਣ ਲਈ ਸੰਘਰਸ਼ ਕਰ ਰਹੇ ਹਨ, ਕਿਉਂਕਿ ਸਿੱਧੀਆਂ ਉਡਾਣਾਂ ਉਪਲੱਬਧ ਨਹੀਂ ਹਨ ਅਤੇ ਬੀਜਿੰਗ ਵਿੱਚ ਕੁਆਰੰਟੀਨ ਪਾਬੰਦੀਆਂ ਦੇ ਮੱਦੇਨਜ਼ਰ ਦੋਵਾਂ ਦੇਸ਼ਾਂ ਵਿਚਕਾਰ ਸੀਮਤ ਉਡਾਣ ਸਹੂਲਤਾਂ ਲਈ ਗੱਲਬਾਤ ਚੱਲ ਰਹੀ ਹੈ। ਇਸ ਦੌਰਾਨ ਚੀਨੀ ਮੈਡੀਕਲ ਕਾਲਜਾਂ ਨੇ ਭਾਰਤ ਅਤੇ ਵਿਦੇਸ਼ਾਂ ਤੋਂ ਨਵੇਂ ਵਿਦਿਆਰਥੀਆਂ ਨੂੰ ਦਾਖਲਾ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਸੰਦਰਭ ਵਿੱਚ, ਬੀਜਿੰਗ ਵਿੱਚ ਭਾਰਤੀ ਦੂਤਘਰ ਨੇ ਵੀਰਵਾਰ ਨੂੰ ਉਨ੍ਹਾਂ ਵਿਦਿਆਰਥੀਆਂ ਲਈ ਇੱਕ ਵਿਸਤ੍ਰਿਤ ਐਡਵਾਈਜ਼ਰੀ ਜਾਰੀ ਕੀਤੀ, ਜੋ ਚੀਨ ਵਿੱਚ ਡਾਕਟਰੀ ਦੀ ਪੜ੍ਹਾਈ ਕਰਨਾ ਚਾਹੁੰਦੇ ਹਨ। ਐਡਵਾਈਜ਼ਰੀ ਵਿਚ ਉਨ੍ਹਾਂ ਮੁਸ਼ਕਲਾਂ ਬਾਰੇ ਦੱਸਿਆ ਗਿਆ ਹੈ, ਜਿਨ੍ਹਾਂ ਚੀਨ ਵਿੱਚ ਪੜ੍ਹਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਸਾਹਮਣਾ ਕਰਨਾ ਪਾ ਸਕਦਾ ਹੈ। ਇਸ ਤੋਂ ਇਲਾਵਾ, ਪੜ੍ਹਾਈ ਤੋਂ ਬਾਅਦ ਭਾਰਤ ਵਿੱਚ ਮੈਡੀਕਲ ਦੀ ਪ੍ਰੈਕਟਿਸ ਕਰਨ ਲਈ ਉਨ੍ਹਾਂ ਨੂੰ ਜਿਸ ਯੋਗਤਾ ਨੂੰ ਹਾਸਲ ਕਰਨਾ ਪੈਂਦਾ ਹੈ, ਉਸ ਦੇ ਸਖ਼ਤ ਨਿਯਮਾਂ ਦੀ ਵੀ ਜਾਣਕਾਰੀ ਦਿੱਤੀ ਗਈ ਹੈ।
ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਪ੍ਰੈਕਟਿਸ ਲਈ 2015 ਤੋਂ 2021 ਦਰਮਿਆਨ ਸਿਰਫ਼ 16 ਫ਼ੀਸਦੀ ਵਿਦਿਆਰਥੀ ਹੀ ਪ੍ਰੀਖਿਆ ਪਾਸ ਕਰ ਸਕੇ। ਇਸ ਦੌਰਾਨ, 40,417 ਵਿਦਿਆਰਥੀਆਂ ਵਿੱਚੋਂ, ਸਿਰਫ 6,387 ਵਿਦਿਆਰਥੀ ਹੀ ਮੈਡੀਕਲ ਕੌਂਸਲ ਆਫ਼ ਇੰਡੀਆ (ਐੱਮ.ਸੀ.ਆਈ.) ਵੱਲੋਂ ਆਯੋਜਿਤ ਵਿਦੇਸ਼ੀ ਮੈਡੀਕਲ ਗ੍ਰੈਜੂਏਟ (ਐੱਫ.ਐੱਮ.ਜੀ.) ਪ੍ਰੀਖਿਆ ਵਿੱਚ ਯੋਗਤਾ ਪੂਰੀ ਕਰ ਸਕੇ। ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ 2015 ਤੋਂ 2021 ਦਰਮਿਆਨ, ਜਿਨ੍ਹਾਂ ਭਾਰਤੀ ਵਿਦਿਆਰਥੀਆਂ ਨੇ ਚੀਨ ਦੀਆਂ 45 ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੋਂ ਕਲੀਨਿਕਲ ਮੈਡੀਸਨ ਕੋਰਸਾਂ ਦੀ ਪੜ੍ਹਾਈ ਕੀਤੀ, ਉਨ੍ਹਾਂ ‘ਚੋਂ ਸਿਰਫ਼ 16 ਫ਼ੀਸਦੀ ਹੀ ਪਾਸ ਹੋ ਸਕੇ। ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ, “ਜੋ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਚੀਨੀ ਯੂਨੀਵਰਸਿਟੀਆਂ ਵਿੱਚ ਪੜ੍ਹਣ ਲਈ ਭੇਜਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਤੱਥ ਦਾ ਧਿਆਨ ਦੇਣਾ ਚਾਹੀਦਾ ਹੈ।”

Comment here