ਅਪਰਾਧਸਿਆਸਤਖਬਰਾਂਦੁਨੀਆ

ਚੀਨੀ ਨਾਗਰਿਕਾਂ ਦੇ ਧਮਾਕੇ ਚ ਮਾਰੇ ਜਾਣ ਬਾਰੇ ਪਾਕਿ ਦੇ ਇਲਜ਼ਾਮਾਂ ਦਾ ਭਾਰਤ ਵਲੋਂ ਕਰਾਰਾ ਜੁਆਬ

ਨਵੀਂ ਦਿੱਲੀ-ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਲੰਘੇ ਵੀਰਵਾਰ ਨੂੰ ਦੋਸ਼ ਲਾਏ ਸਨ ਕਿ ਖ਼ੈਬਰ ਪਖ਼ਤੂਨਖ਼ਵਾ ਸੂਬੇ ਵਿੱਚ ਪਿਛਲੇ ਮਹੀਨੇ ਇੱਕ ਬੱਸ ‘ਤੇ ਹੋਏ ਆਤਮਘਾਤੀ ਹਮਲੇ ਪਿੱਛੇ ਭਾਰਤ ਤੇ ਅਫ਼ਗਾਨਿਸਤਾਨ ਦਾ ਹੱਥ ਰਿਹਾ ਹੈ। ਇਸ ਹਮਲੇ ਵਿੱਚ ਨੌਂ ਚੀਨੀ ਇੰਜੀਨੀਅਰਾਂ ਸਮੇਤ 13 ਲੋਕ ਮਾਰੇ ਗਏ ਸਨ। 14 ਜੁਲਾਈ ਨੂੰ ਊਪਰੀ ਕੋਹਿਸਤਾਨ ਜ਼ਿਲ੍ਹੇ ਦੇ ਦਾਸੂ ਇਲਾਕੇ ਵਿੱਚ ਇਹ ਘਟਨਾ ਵਾਪਰੀ ਸੀ, ਜਿੱਥੇ ਚੀਨੀ ਕੰਪਨੀ ਸਿੰਧੂ ਨਦੀ ‘ਤੇ 4,300 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਵਾਲਾ ਡੈਮ ਉਸਾਰ ਰਹੀ ਹੈ। ਪਾਕਿਸਤਾਨ ਵੱਲੋਂ ਲਾਏ ਗਏ ਇਲਜ਼ਾਮਾਂ ਦਾ ਜਵਾਬ ਭਾਰਤ ਨੇ ਦੇ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਆਖਿਆ ਹੈ ਕਿ ਕੌਮਾਂਤਰੀ ਪੱਧਰ ‘ਤੇ ਧਿਆਨ ਭਟਕਾਉਣ ਲਈ ਪਾਕਿਸਤਾਨ ਚਾਲਾਂ ਚੱਲ ਰਿਹਾ ਹੈ। ਉਨ੍ਹਾਂ ਆਖਿਆ, “ਇਹ ਪਾਕਿਸਤਾਨ ਵੱਲੋਂ ਭਾਰਤ ਦਾ ਅਕਸ ਖਰਾਬ ਕਰਨ ਦੀ ਇੱਕ ਹੋਰ ਕੋਸ਼ਿਸ਼ ਹੈ ਤਾਂ ਜੋ ਖੇਤਰੀ ਅਸਿਥਰਤਾ ਦਾ ਕੇਂਦਰ ਅਤੇ ਪਾਬੰਦੀਸ਼ੁਦਾ ਅੱਤਵਾਦੀਆਂ ਦੇ ਟਿਕਾਣੇ ਹੋਣ ਵਿੱਚ  ਉਸਦੀ ਭੂਮਿਕਾ ਤੋਂ ਕੌਮਾਂਤਰੀ ਭਾਈਚਾਰੇ ਦਾ ਧਿਆਨ ਭਟਕਾਇਆ ਜਾ ਸਕੇ।” ਬਾਗਚੀ ਨੇ ਕਿਹਾ, “ਦਾਸੂ ਘਟਨਾ ਨੂੰ ਲੈ ਕੇ ਅਸੀਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੇ ਬੇਤੁਕੇ ਬਿਆਨ ਨੂੰ ਦੇਖਿਆ ਹੈ। ਭਾਰਤ ਕੌਮਾਂਤਰੀ ਭਾਈਚਾਰੇ ਨਾਲ ਮਿਲ ਕੇ ਅੱਤਵਾਦ ਖ਼ਿਲਾਫ਼ ਆਲਮੀ ਕੋਸ਼ਿਸ਼ਾਂ ਵਿੱਚ ਸਾਰਿਆਂ ਦੇ ਨਾਲ ਰਿਹਾ ਹੈ। ਜਿੱਥੋਂ ਤੱਕ ਦਹਿਸ਼ਤਗਰਦੀ ਦੀ ਗੱਲ ਆਉਂਦੀ ਹੈ, ਕੌਮਾਂਤਰੀ ਪੱਧਰ ‘ਤੇ ਸਾਰਿਆਂ ਨੂੰ ਪਾਕਿਸਤਾਨ ਦੀ ਭਰੋਸੇਯੋਗਤਾ ਦਾ ਪਤਾ ਹੈ।”

 

 

Comment here