ਸਿਆਸਤਦੁਨੀਆਵਿਸ਼ੇਸ਼ ਲੇਖ

ਚੀਨੀ ਕਮਿਊਨਿਸਟ ਪਾਰਟੀ ਗੁਆਂਢੀ ਮੁਲਕਾਂ ਦੇ ਸੱਭਿਆਚਾਰ ਦੀ ਕਦਰ ਨਹੀੰ ਕਰਦੀ

ਚੀਨੀ ਸੱਭਿਆਚਾਰਕ ਹੀਣਭਾਵਨਾ ਨਾਲ ਗ੍ਰਸਿਆ ਦੇਸ਼ ਹੈ, ਜੋ ਖੁਦ ਦੇ ਸੱਭਿਆਚਾਰ ਨੂੰ ਦੁਨੀਆ ਦੇ ਸਭ ਤੋਂ ਮਹਾਨ ਸੱਭਿਆਚਾਰ ਦੇ ਤੌਰ ’ਤੇ ਦੇਖਦਾ ਅਤੇ ਦਿਖਾਉਂਦਾ ਹੈ ਪਰ ਆਪਣੇ ਗੁਆਂਢੀ ਦੇਸ਼ਾਂ ਦੇ ਸੱਭਿਆਚਾਰਾਂ ਦੀ ਨਿੰਦਾ ਕਰਦਾ ਹੈ। ਚੀਨ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸ ਦੇ ਗੁਆਂਢੀ ਦੇਸ਼ਾਂ ਦੇ ਸੱਭਿਆਚਾਰਾਂ ਦਾ ਜਨਮ ਅਸਲ ’ਚ ਚੀਨ ’ਚ ਹੀ ਹੋਇਆ ਸੀ ਅਤੇ ਸਮੇਂ ਦੇ ਨਾਲ ਉਹ ਗੁਆਂਢੀ ਦੇਸ਼ਾਂ ’ਚ ਪੁੱਜਾ, ਫਿਰ ਉੱਥੋਂ ਉਨ੍ਹਾਂ ਦਾ ਪ੍ਰਚਾਰ-ਪ੍ਰਸਾਰ ਹੋਣ ਲੱਗਾ। ਚੀਨ ’ਚ ਜਾਪਾਨੀ ਇਲੈਕਟ੍ਰਾਨਿਕ ਸਾਮਾਨ ਅਤੇ ਬੱਚਿਆਂ ਦੀਆਂ ਕਾਮਿਕਸ ਬਹੁਤ ਨਾਂ ਕਮਾ ਰਹੀਆਂ ਹਨ ਅਤੇ ਜਵਾਨ ਚੀਨੀਆਂ ਦੀ ਪਸੰਦ ਹਨ ਪਰ ਜੇਕਰ ਕੋਈ ਔਰਤ ਜਾਪਾਨੀ ਕਿਮੋਨੋ ਪਹਿਨ ਲਵੇ ਤਾਂ ਉਸ ਲਈ ਖਤਰਾ ਹੋ ਸਕਦਾ ਹੈ। ਹੁਣੇ ਇਸੇ ਸਾਲ 17 ਫਰਵਰੀ ਨੂੰ ਦੱਖਣੀ ਚੀਨ ਦੇ ਯੂਨਾਨ ਸੂਬੇ ਦੇ ਤਾਲੀ ਸ਼ਹਿਰ ਦੇ ਇਕ ਪਾਰਕ ’ਚ ਇਕ ਚੀਨੀ ਔਰਤ ਜਾਪਾਨੀ ਕਿਮੋਨੋ ਪਹਿਨ ਕੇ ਘੁੰਮ ਰਹੀ ਸੀ। ਤਦ ਅਚਾਨਕ ਪਾਰਕ ਦੇ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਪਾਰਕ ’ਚੋਂ ਨਿਕਲ ਜਾਣ ਲਈ ਕਿਹਾ। ਇਸ ਦੌਰਾਨ ਦੋਵਾਂ ਧਿਰਾਂ ’ਚ ਤਿੱਖੀ ਨੋਕ-ਝੋਕ ਵੀ ਹੋਈ।

ਇਕ ਵੱਖਰੀ ਘਟਨਾ ’ਚ 13 ਦਸੰਬਰ, 2021 ਨੂੰ ਨੈਸ਼ਨਲ ਮੈਮੋਰੀਅਲ ਦਿਵਸ ’ਤੇ ਹਾਈਨਿੰਗ ਸ਼ਹਿਰ ਦੀ ਨਾਨਚਿੰਗ ਸਟ੍ਰੀਟ ’ਤੇ ਇਕ ਔਰਤ ਜਾਪਾਨੀ ਕਿਮੋਨੋ ਪਹਿਨ ਕੇ ਜਾ ਰਹੀ ਸੀ, ਜਿਸ ਦਾ ਸਭ ਤੋਂ ਪਹਿਲਾਂ ਨੋਟਿਸ ਹਾਈਨਿੰਗ ਪੁਲਸ ਨੇ ਲਿਆ ਅਤੇ ਜਾਪਾਨੀ ਕਿਮੋਨੋ ਪਹਿਨਣ ਲਈ ਉਸ ਨੂੰ ਬੜਾ ਬੁਰਾ-ਭਲਾ ਕਿਹਾ। ਬਾਅਦ ’ਚ ਉਸ ਔਰਤ ਦੀ ਤਸਵੀਰ ਨੂੰ ਚੀਨ ਦੇ ਮਸ਼ਹੂਰ ਸੋਸ਼ਲ ਮੀਡੀਆ ਸੀਨਾ ਵੇਈਬੋ ’ਤੇ ਅਪਲੋਡ ਕਰ ਕੇ ਲੋਕਾਂ ਨੇ ਉਸ ਨੂੰ ਟਰੋਲ ਕਰ ਕੇ ਖਰੀਆਂ-ਖੋਟੀਆਂ ਸੁਣਾਈਆਂ ਅਤੇ ਅਪਸ਼ਬਦ ਕਹੇ। ਚੀਨੀਆਂ ਦਰਮਿਆਨ ਜਾਪਾਨ ਅਤੇ ਜਾਪਾਨੀਆਂ ਦੇ ਵਿਰੁੱਧ ਚੀਨੀ ਕਮਿਊਨਿਸਟ ਪਾਰਟੀ ਜਾਣਬੁੱਝ ਕੇ ਨਫਰਤ ਭਰ ਰਹੀ ਹੈ ਹਾਲਾਂਕਿ ਇਸ ਦੇ ਪਿੱਛੇ ਇਤਿਹਾਸਕ ਕਾਰਨ ਵੀ ਮੌਜੂਦ ਹੈ।

ਕਮਿਊਨਿਸਟ ਪਾਰਟੀ ਨੇ ਸਾਲ 2014 ’ਚ ਇਕ ਦਿਨ ਅਚਾਨਕ ਨਾਨਚਿੰਗ ਦਿਵਸ ਮਨਾਉਣ ਦਾ ਫੈਸਲਾ ਕੀਤਾ। ਸਾਲ 1937 ’ਚ ਨਾਨਚਿੰਗ ਸ਼ਹਿਰ ’ਚ ਜਾਪਾਨੀ ਫੌਜ ਨੇ 3 ਲੱਖ ਚੀਨੀਆਂ ਦਾ ਕਤਲੇਆਮ ਕਰ ਿਦੱਤਾ। ਕਮਿਊਨਿਸਟ ਪਾਰਟੀ ਨੇ ਇਹ ਦਿਵਸ ਮਨਾਉਣ ਦਾ ਫੈਸਲਾ ਸਿਰਫ ਇਸ ਲਈ ਕੀਤਾ ਤਾਂ ਕਿ ਚੀਨ ਦੇ ਨਾਗਰਿਕਾਂ ’ਚ ਜ਼ਬਰਦਸਤੀ ਪਾਰਟੀ ਪ੍ਰਤੀ ਲਗਨ ਪੈਦਾ ਕੀਤੀ ਜਾਵੇ ਅਤੇ ਰਾਸ਼ਟਰੀਅਤਾ ਦੇ ਨਾਂ ’ਤੇ ਆਪਣੀ ਜਨਤਾ ਨੂੰ ਪਾਰਟੀ ਦੀ ਵਿਚਾਰਧਾਰਾ ਮੰਨਣ ਲਈ ਮਜਬੂਰ ਕੀਤਾ ਜਾਵੇ। ਸੱਚਾਈ ਇਹ ਹੈ ਕਿ ਚੀਨ ਦੀ ਕਮਿਊਨਿਸਟ ਪਾਰਟੀ ਨੇ ਜਾਪਾਨੀ ਹਮਲੇ ਲਈ ਧੰਨਵਾਦ ਕੀਤਾ ਸੀ ਅਤੇ ਇਸ ਦੇ ਇਤਿਹਾਸਕ ਸਬੂਤ ਵੀ ਮੌਜੂਦ ਹਨ। ਅਸਲ ’ਚ ਜਾਪਾਨੀ ਹਮਲੇ ਦਾ ਸਾਹਮਣਾ ਉਸ ਸਮੇਂ ਕੁਓਮਿਨਤਾਂਗ ਪਾਰਟੀ ਦੀ ਫੌਜ ਨੇ ਕੀਤਾ ਸੀ ਅਤੇ ਇਸ ’ਚ ਉਸ ਦੇ ਬਹੁਤ ਸਾਰੇ ਫੌਜੀ ਮਾਰੇ ਗਏ ਸਨ। ਚੀਨੀ ਅਖਬਾਰ ਐਪਲ ਡੇਲੀ ਦੇ ਸਾਬਕਾ ਸੰਪਾਦਕ ਛੰਗ ਮਿੰਗਰੇਨ ਅਨੁਸਾਰ ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਅਧਿਕਾਰਤ ਪ੍ਰਕਾਸ਼ਨ ਦੇ ਅਧੀਨ ‘ਮਾਓ ਤਸੇ ਤੁੰਗ ਦੇ ਵਿਚਾਰ ਜ਼ਿੰਦਾਬਾਦ’ ਜਿਸ ਨੂੰ ਸਾਲ 1969 ’ਚ ਲਿਖਿਆ ਗਿਆ ਸੀ, ’ਚ ਮਾਓ ਨੇ ਆਪਣੇ ਇਕ ਭਾਸ਼ਣ ’ਚ ਜਾਪਾਨੀ ਫੌਜ ’ਤੇ ਚੀਨ ਦੀ ਜਿੱਤ ਹਾਸਲ ਕਰਨ ਲਈ 6 ਵਾਰ ਧੰਨਵਾਦ ਕੀਤਾ। ਇਹ ਘਟਨਾ ਸਤੰਬਰ 1972 ਦੀ ਹੈ, ਜਦੋਂ ਜਾਪਾਨੀ ਪ੍ਰਧਾਨ ਮੰਤਰੀ ਕਾਕੂਈ ਤਾਨਾਕਾ ਦੀ ਚੀਨ ਦੀ ਯਾਤਰਾ ਦੌਰਾਨ ਤਾਨਾਕਾ ਨੇ ਮਾਓ ਨੂੰ ਕਿਹਾ ਸੀ ਕਿ ਜਾਪਾਨੀ ਹਮਲੇ ਦੌਰਾਨ ਚੀਨੀ ਜਨਤਾ ਨੂੰ ਬੜੀਆਂ ਔਕੜਾਂ ’ਚੋਂ ਲੰਘਣਾ ਪਿਆ ਸੀ। ਇਸ ’ਤੇ ਮਾਓ ਨੇ ਕਿਹਾ ਕਿ ਜਾਪਾਨ ਦੇ ਚੀਨ ’ਤੇ ਹਮਲੇ ਦੇ ਬਿਨਾਂ, ਕਮਿਊਨਿਸਟ ਪਾਰਟੀ ਦੀ ਕੋਈ ਜਿੱਤ ਨਾ ਹੁੰਦੀ, ਅੱਜ ਦੀ ਜਿੱਤ ਦੀ ਤਾਂ ਗੱਲ ਹੀ ਛੱਡ ਦਿਓ।

ਸਿਰਫ ਜਾਪਾਨ ਹੀ ਨਹੀਂ ਸਗੋਂ ਦੱਖਣੀ ਕੋਰੀਆ ਵੀ ਕਈ ਕਾਰਨਾਂ ਕਰ ਕੇ ਚੀਨ ਨਾਲ ਨਾਰਾਜ਼ ਚੱਲ ਰਿਹਾ ਹੈ। ਸਾਲ 2022 ਦੀ 4 ਫਰਵਰੀ ਨੂੰ ਬੀਜਿੰਗ ਸਰਦਰੁੱਤ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ’ਚ ਇਕ ਔਰਤ ਨੇ ਕੋਰੀਆਈ ਰਵਾਇਤੀ ਪੋਸ਼ਾਕ ਪਹਿਨੀ ਹੋਈ ਸੀ, ਜਿਸ ਨੂੰ ਚੀਨ ਨੇ ਆਪਣੀਆਂ 55 ਘੱਟਗਿਣਤੀ ਜਾਤੀਆਂ ’ਚੋਂ ਇਕ ਦੀ ਪੋਸ਼ਾਕ ਦੱਸਿਆ। ਦੱਖਣੀ ਕੋਰੀਆ ਦੇ ਸੱਭਿਆਚਾਰਕ ਮਾਮਲੇ ਬਾਰੇ ਮੰਤਰੀ ਹੁਆਂਗ ਹੀ ਨੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਅਜਿਹਾ ਲੱਗਦਾ ਹੈ ਜਿਵੇਂ ਸਾਡੀ ਰਵਾਇਤੀ ਪੋਸ਼ਾਕ ਰਾਹੀਂ ਚੀਨ ਸਾਨੂੰ ਇਕ ਆਜ਼ਾਦ ਦੇਸ਼ ਮੰਨਣ ਤੋਂ ਇਨਕਾਰ ਕਰ ਰਿਹਾ ਹੈ। ਇਸ ਘਟਨਾ ਦੇ ਬਾਅਦ ਚੀਨ ਅਤੇ ਦੱਖਣੀ ਕੋਰੀਆ ਦੀਆਂ ਸਾਂਝੇ ਨਿਰਮਾਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ ਟਾਲ ਦਿੱਤੀ ਗਈ, ਅਜਿਹੀਆਂ ਕਈ ਫਿਲਮਾਂ ਦੀ ਕਾਸਟਿੰਗ ਬਦਲ ਿਦੱਤੀ ਗਈ, ਫਿਲਮਾਂ ਸਿਨੇਮਾਘਰਾਂ ਤੋਂ ਹਟਾ ਲਈਆਂ ਗਈਆਂ। ਦੱਖਣੀ ਕੋਰੀਆ ਦੀ ਟੀ. ਵੀ. ਸੀਰੀਜ਼ ਨੂੰ ਚੀਨ ਦੀਆਂ ਵੈੱਬਸਾਈਟਾਂ ਤੋਂ ਹਟਾ ਲਿਆ ਗਿਆ। ਇਸ ਦੇ ਇਲਾਵਾ ਚੀਨ ’ਚ ਕੋਰੀਆਈ ਕਲਾਕਾਰਾਂ ਦੇ ਸਟੇਜ ਪ੍ਰਦਰਸ਼ਨ ’ਤੇ ਵੀ ਰੋਕ ਲਗਾ ਿਦੱਤੀ ਗਈ। ਚੀਨ ਦੀ ਇਸ ਹਰਕਤ ਦਾ ਅਸਰ ਦੱਖਣੀ ਕੋਰੀਆ ’ਚ ਵੀ ਦਿਸਿਆ, ਉੱਥੇ ਕੁਝ ਲੋਕਾਂ ਨੇ ਹੱਥਾਂ ’ਚ ਪੋਸਟਰ ਲੈ ਕੇ ਚੀਨ ਦੀ ਕਮਿਊਨਿਸਟ ਪਾਰਟੀ ਵਿਰੁੱਧ ਵਿਖਾਵਾ ਕੀਤਾ।

ਇਸੇ ਤਰ੍ਹਾਂ ਸਤੰਬਰ 2020 ’ਚ ਉੱਤਰੀ ਚੀਨ ਦੇ ਅੰਦਰੂਨੀ ਮੰਗੋਲੀਆ ਖੁਦਮੁਤਿਆਰ ਸੂਬੇ ’ਚ ਮੰਗੋਲ ਮੂਲ ਦੇ ਲੋਕ ਆਪਣੇ ਬੱਚਿਆਂ ਨੂੰ ਸਕੂਲਾਂ ’ਚ ਮੰਗੋਲੀਆਈ ਭਾਸ਼ਾ ਪੜ੍ਹਾਉਂਦੇ ਹਨ ਪਰ ਹੁਣ ਚੀਨ ਦੀ ਨਵੀਂ ਸਿੱਖਿਆ ਨੀਤੀ ਤਹਿਤ ਘੱਟਗਿਣਤੀਆਂ ਦੇ ਸਕੂਲਾਂ ’ਚ ਵੀ ਪ੍ਰਾਇਮਰੀ ਅਤੇ ਮਿਡਲ ਲੈਵਲ ’ਚ ਪੜ੍ਹਾਉਣ ਦਾ ਮੀਡੀਅਮ ਮੰਗੋਲੀਆਈ ਭਾਸ਼ਾ ਦੀ ਥਾਂ ਚੀਨੀ ਮੰਡਾਰਿਨ ਭਾਸ਼ਾ ਹੋਵੇਗੀ। ਇਸ ਨੂੰ ਲੈ ਕੇ ਕਈ ਮੰਗੋਲੀਆਈ ਮਾਪਿਆਂ ਨੇ ਚੀਨੀ ਸਕੂਲਾਂ ’ਚੋਂ ਆਪਣੇ ਬੱਚਿਆਂ ਦਾ ਨਾਂ ਕਟਵਾ ਕੇ ਮੰਗੋਲ ਭਾਸ਼ਾ ’ਚ ਗਾਣਾ ਗਾ ਕੇ ਵਿਰੋਧ ਦਰਜ ਕਰਵਾਇਆ ਸੀ। ਉੱਤਰੀ ਚੀਨ ’ਚ ਇਸ ਸਮੇਂ ਮੰਗੋਲ ਮੂਲ ਦੇ 42 ਲੱਖ ਲੋਕ ਰਹਿੰਦੇ ਹਨ। ਫਿਲਮਾਂ ’ਚ ਵੀ ਕਮਿਊਨਿਸਟ ਪਾਰਟੀ ਦਾ ਗਲਬਾ ਜਾਰੀ ਹੈ। ਇਤਿਹਾਸਕ ਫਿਲਮਾਂ ਦੇ ਨਾਂ ’ਤੇ ਅਜਿਹੀਆਂ ਫਿਲਮਾਂ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ ’ਚ ਜੰਗ ਦੇ ਮੈਦਾਨ ’ਚ ਚੀਨੀ ਫੌਜਾਂ ਦੇ ਹੱਥੋਂ ਅਮਰੀਕੀ ਫੌਜਾਂ ਦੀ ਹਾਰ ਦਿਖਾਈ ਜਾਂਦੀ ਹੈ ਜੋ ਕਾਲਪਨਿਕਤਾ ਤੋਂ ਵੱਧ ਕੁਝ ਵੀ ਨਹੀਂ ਹੈ। ਜਿਵੇਂ ਜੰਗ ਦ੍ਰਿਸ਼ ਚੀਨੀ ਫਿਲਮਾਂ ’ਚ ਦਿਖਾਏ ਜਾਂਦੇ ਹਨ, ਉਹੋ ਜਿਹੇ ਅਸਲੀਅਤ ’ਚ ਕਦੀ ਹੋਏ ਹੀ ਨਹੀਂ ਸਨ। ਜਿਸ ਤਰ੍ਹਾਂ ਕਮਿਊਨਿਸਟ ਪਾਰਟੀ ਨੇ ਆਪਣੇ ਸਰਕਾਰੀ ਦਸਤਾਵੇਜ਼ਾਂ ’ਚ ਜਾਪਾਨੀ ਇਤਿਹਾਸ ਨਾਲ ਛੇੜਛਾੜ ਕੀਤੀ ਹੈ, ਉਹੋ ਜਿਹੀ ਹੀ ਹੁਣ ਫਿਲਮਾਂ ਰਾਹੀਂ ਅਮਰੀਕਾ ਦੇ ਇਤਿਹਾਸ ਨੂੰ ਬਦਲਣ ਦੀ ਖੋਖਲੀ ਕੋਸ਼ਿਸ਼ ਹੋ ਰਹੀ ਹੈ। ਚੀਨੀ ਲੋਕਾਂ ’ਚ ਜੇਤੂ ਹੋਣ ਦੇ ਭਾਵ ਭਰਨ ਲਈ ਕਮਿਊਨਿਸਟ ਪਾਰਟੀ ਵੱਲੋਂ ਸਮੇਂ-ਸਮੇਂ ’ਤੇ ਪ੍ਰਚਾਰ ਮਾਧਿਅਮਾਂ ਰਾਹੀਂ ਝੂਠੇ ਬਿਗੁਲ ਵਜਾਏ ਜਾਂਦੇ ਹਨ। ਕਮਿਊਨਿਸਟ ਪਾਰਟੀ ਨੇ ਸੱਭਿਆਚਾਰਕ ਰਖਵਾਲੀ ਦੇ ਨਾਂ ’ਤੇ ਚੀਨ ’ਚ ਜੋ ਵੀ ਬਦਲਾਅ ਕੀਤੇ ਹਨ ਉਨ੍ਹਾਂ ਦੇ ਪਿੱਛੇ ਕੋਈ ਤਰਕ ਨਹੀਂ, ਸਿਰਫ ਥੋਪਿਆ ਗਿਆ ਖੋਖਲਾ ਰਾਸ਼ਟਰਵਾਦ ਹੈ ਜਿਸ ਦੇ ਵਿਰੁੱਧ ਕੋਈ ਆਵਾਜ਼ ਚੁੱਕਣ ਦੀ ਹਿੰਮਤ ਨਹੀਂ ਕਰਦਾ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਆਉਣ ਵਾਲੇ ਦਿਨਾਂ ’ਚ ਚੀਨ ਦੀ ਕਮਿਊਨਿਸਟ ਪਾਰਟੀ ਆਪਣੇ ਬਾਕੀ ਪ੍ਰੋਪੋਗੰਡਾ ’ਚ ਕਿੰਨੀ ਸਫਲ ਹੋ ਸਕਦੀ ਹੈ।

 

Comment here