ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਚਿੱਟੇ ਨੇ ਲਈ ਇਕੋ ਘਰ ਦੇ ਦੋ ਭਰਾਵਾਂ ਦੀ ਜਾਨ

ਤਰਨਤਾਰਨ-ਪੰਜਾਬ ਵਿਚ ਨਸ਼ਿਆਂ ਕਾਰਨ ਹਰ ਰੋਜ਼ ਮੌਤਾਂ ਦਾ ਤਾਂਡਵ ਜਾਰੀ ਹੈ। ਪੱਟੀ ਦੇ 30 ਸਾਲਾ ਜਤਿੰਦਰ ਸਿੰਘ ਨਾਂ ਦੇ ਨੌਜਵਾਨ ਦੀ ਨਸ਼ੇ ਕਾਰਨ ਹਾਲਤ ਵਿਗੜ ਜਾਣ ਕਰਕੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। 4 ਸਾਲ ਪਹਿਲਾਂ ਜਤਿੰਦਰ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਦੀ ਮੌਤ ਵੀ ਨਸ਼ੇ ਕਾਰਨ ਹੋਈ ਸੀ। ਨਸ਼ਿਆਂ ਕਾਰਨ ਮ੍ਰਿਤਕ ਦੀ ਪਤਨੀ ਵੀ ਉਸ ਨੂੰ ਛੱਡ ਕੇ ਜਾ ਚੁੱਕੀ ਹੈ। ਮ੍ਰਿਤਕ ਦੇ 2 ਬੱਚੇ ਹਨ। ਇਸ ਬਾਰੇ ਮ੍ਰਿਤਕ ਦੀ ਮਾਂ ਨੇ ਰੋਂਦਿਆਂ ਦੱਸਿਆ ਕਿ ਉਸ ਦਾ ਲੜਕਾ ਚਿੱਟੇ ਦਾ ਨਸ਼ਾ ਕਰਦਾ ਸੀ ਤੇ ਟੀਕੇ ਵੀ ਲਾਉਂਦਾ ਸੀ, ਜਿਸ ਕਰਕੇ ਉਸ ਦਾ ਦਿਮਾਗ ਸੁੰਨ ਹੋ ਗਿਆ ਤੇ ਲੱਤਾਂ ਵੀ ਖੜ੍ਹ ਗਈਆਂ। ਉਸ ਨੇ ਦੱਸਿਆ 4 ਸਾਲ ਪਹਿਲਾਂ ਵੀ ਉਸ ਦਾ ਇਕ ਪੁੱਤ ਨਸ਼ੇ ਕਾਰਨ ਮਰ ਚੁੱਕਾ ਹੈ।
ਉਸ ਦੀਆਂ ਨੂੰਹਾਂ ਵੀ ਘਰ ਛੱਡ ਕੇ ਜਾ ਚੁੱਕੀਆਂ ਹਨ। ਹੁਣ ਉਹ ਘਰ ‘ਚ ਇਕੱਲੀ ਰਹਿ ਗਈ ਹੈ। ਉਸ ਨੇ ਭਗਵੰਤ ਮਾਨ ਦੀ ਸਰਕਾਰ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਲੋਕਾਂ ਨੇ ਬਦਲਾਅ ਲਈ ਨਵੀਂ ਸਰਕਾਰ ਲਿਆਂਦੀ ਸੀ ਪਰ ਪੱਟੀ ‘ਚੋਂ ਨਸ਼ਾ ਖ਼ਤਮ ਨਹੀਂ ਹੋ ਰਿਹਾ। ਉਸ ਨੇ ਪੱਟੀ ਦੇ ਵਿਧਾਇਕ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਬਾਰੇ ਕਿਹਾ ਕਿ ਲੋਕਾਂ ਨੇ ਵੋਟਾਂ ਪਾ ਕੇ ਇਨ੍ਹਾਂ ਨੂੰ ਜਿਤਾਇਆ ਪਰ ਅੱਜ ਤੱਕ ਇਨ੍ਹਾਂ ਨੇ ਪੱਟੀ ‘ਚੋਂ ਨਸ਼ੇ ਖ਼ਤਮ ਕਰਨ ਲਈ ਕੁਝ ਨਹੀਂ ਕੀਤਾ।।

Comment here