ਮੋਗਾ-ਮੋਗਾ ਵਿਚ ਨਸ਼ੇ ਦਾ ਕਾਰੋਬਾਰ ਲਗਾਤਾਰ ਵੱਧ ਰਿਹਾ ਹੈ। ਇਸ ਗੱਲ ਦਾ ਖ਼ੁਲਾਸਾ ਮੋਗਾ ਦੇ ਨੇੜਲੇ ਪਿੰਡ ਦੀ ਇਕ 20 ਸਾਲਾ ਕੁੜੀ ਨੇ ਕੀਤਾ। ਕੁੜੀ ਨੂੰ ਇੱਕ ਵਿਅਕਤੀ ਨੇ ਘਰ ਵਿਚ ਘਰੇਲੂ ਕੰਮ ਕਰਨ ਲਈ ਰੱਖਿਆ ਸੀ। ਕੁੱਝ ਦਿਨਾਂ ਬਾਅਦ ਉਕਤ ਵਿਅਕਤੀ ਨੇ ਕੁੜੀ ਨੂੰ ਨਸ਼ਾ ਕਰਵਾ ਕੇ ਗਾਹਕਾਂ ਕੋਲੋ ਦੇਹ ਵਪਾਰ ਦਾ ਧੰਦਾ ਕਰਾਉਣਾ ਸ਼ੁਰੂ ਕਰਵਾ ਦਿੱਤਾ। ਕੁੜੀ ਵੱਲੋਂ ਮੀਡੀਆ ਨੂੰ ਆਪਣੀ ਸਾਰੀ ਹੱਡਬੀਤੀ ਦੱਸੀ ਗਈ ਅਤੇ ਬਾਅਦ ‘ਚ ਉਹ ਐੱਸ. ਐੱਸ. ਪੀ. ਨੂੰ ਮਿਲੀ। ਐੱਸ. ਐੱਸ. ਪੀ. ਨੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪਤੀ-ਪਤਨੀ ਸਮੇਤ 3 ਲੋਕਾਂ ‘ਤੇ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਨਸ਼ਾ ਕਰਾਉਣ ਤੋਂ ਬਾਅਦ ਉਸ ਨੂੰ ਗਾਹਕਾਂ ਅੱਗੇ ਪਰੋਸਿਆ ਜਾਂਦਾ ਸੀ ਅਤੇ ਦੇਹ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਸੀ। ਵਿਰੋਧ ਕਰਨ ‘ਤੇ ਉਸ ਦੀ ਕੁੱਟਮਾਰ ਵੀ ਕੀਤੀ ਜਾਂਦੀ ਸੀ। ਅਜਿਹਾ ਉਸ ਨਾਲ ਲਗਾਤਾਰ ਇਕ ਮਹੀਨੇ ਤੱਕ ਹੁੰਦਾ ਰਿਹਾ ਅਤੇ ਉਸ ਨਾਲ ਜਬਰ-ਜ਼ਿਨਾਹ ਕਰਨ ‘ਚ ਆਮ ਲੋਕਾਂ ਤੋਂ ਇਲਾਵਾ ਕੁੱਝ ਪੁਲਸ ਵਾਲੇ ਵੀ ਸ਼ਾਮਲ ਹਨ। ਉਸ ਨੇ ਕਿਹਾ ਕਿ ਉਹ ਕਿਸੇ ਦਾ ਨਾਂ ਨਹੀਂ ਜਾਣਦੀ। ਕੁੜੀ ਨੇ ਦੱਸਿਆ ਕਿ ਦਿੱਲੀ ਕਾਲੋਨੀ ਵਿਚ ਬਣੇ ਹੋਟਲ ਵਿਚ ਵੀ ਨਸ਼ਿਆਂ ਦੇ ਨਾਲ-ਨਾਲ ਜਿਸਮ ਫਿਰੋਸ਼ੀ ਦਾ ਧੰਦਾ ਚੱਲਦਾ ਹੈ। ਉਸ ਨੂੰ 2 ਦਿਨ ਅਤੇ 2 ਰਾਤਾਂ ਕਸਬਾ ਕੋਟ ਈਸੇ ਖਾਂ ‘ਚ ਵੀ ਰੱਖਿਆ ਗਿਆ। ਇੱਥੇ 3 ਤੋਂ 4 ਵਿਅਕਤੀਆਂ ਨੇ ਦਿਨ-ਰਾਤ ਨਸ਼ਾ ਕਰਵਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਫਿਲਹਾਲ ਕੁੜੀ ਦੇ ਬਿਆਨਾਂ ‘ਤੇ ਸੁੱਖਾ ਸਿੰਘ, ਉਸ ਦੀ ਪਤਨੀ ਸੁਮਨ ਪ੍ਰੀਤ ਕੌਰ ਤੇ ਮੰਗਾ ਨਾਂ ਦੇ ਵਿਅਕਤੀ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।
Comment here