ਅੰਮ੍ਰਿਤਸਰ– 20 ਮਾਰਚ 2000 ਨੂੰ ਕਸ਼ਮੀਰ ਵਾਦੀ ਦੇ ਪਿੰਡ ਚਿੱਟੀ ਸਿੰਘਪੁਰਾ ਵਿਚ 36 ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ, ਇਸ ਦੁਖਦ ਘਟਨਾਕ੍ਰਮ ਨੂੰ ਯਾਦ ਕਰਦਿਆਂ ਭਾਜਪਾ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਇਹ ਮਾਮਲਾ ਅਜੇ ਵੀ ਅਣਸੁਲਝਿਆ ਹੈ। ਪੀੜਤ ਪਰਿਵਾਰ ਅੱਜ ਵੀ ਇਸ ਅਣਸੁਲਝੇ ਰਹੱਸ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 90ਵਿਆਂ ਵਿਚ ਕਸ਼ਮੀਰੀ ਪੰਡਿਤਾਂ ਨੂੰ ਵਾਦੀ ’ਚੋਂ ਕੱਢਣ ਲਈ ਜ਼ੁਲਮ ਕੀਤਾ ਗਿਆ, ਜਿਸ ਕਾਰਨ ਡੇਢ ਲੱਖ ਹਿੰਦੂਆਂ ਨੂੰ ਘਰ-ਬਾਰ ਛੱਡ ਕੇ ਪਰਵਾਸ ਕਰਨਾ ਪਿਆ। ਉਨ੍ਹਾਂ ਕਿਹਾ ਕਿ ‘ਦਿ ਕਸ਼ਮੀਰ ਫਾਈਲਜ਼’ ਫ਼ਿਲਮ ਰਾਹੀਂ ਕਸ਼ਮੀਰੀ ਪੰਡਿਤਾਂ ਨਾਲ ਵਾਦੀ ਵਿੱਚ ਵਾਪਰੀਆਂ ਘਟਨਾਵਾਂ ਦੁਨੀਆ ਸਾਹਮਣੇ ਆਈਆਂ ਹਨ। ਇਸ ਫਿਲਮ ਨੇ ਉਸ ਵੇਲੇ ਦੇ ਜ਼ੁਲਮ ਅਤੇ ਪੀੜ ਦੀ ਕਹਾਣੀ ਨੂੰ ਬੇਬਾਕੀ ਨਾਲ ਦਿਖਾਇਆ ਹੈ ਪਰ ਇਸ ਦੌਰਾਨ ਅਨੰਤਨਾਗ ਜ਼ਿਲ੍ਹੇ ਦੇ ਪਿੰਡ ਚਿੱਟੀ ਸਿੰਘਪੁਰਾ ਵਿਚ 36 ਸਿੱਖ ਨੌਜਵਾਨਾਂ ਤੇ ਬਜ਼ੁਰਗਾਂ ਦੇ ਕੀਤੇ ਕਤਲ ਦਾ ਮਾਮਲਾ ਹੌਲੀ-ਹੌਲੀ ਅਲੋਪ ਹੋ ਰਿਹਾ ਹੈ। ਸਰਕਾਰ ਨੂੰ ਉਸ ਉੱਪਰ ਵੀ ਕਦਮ ਚੁੱਕਣੇ ਚਾਹੀਦੇ ਹਨ।
Comment here