ਪ੍ਰੋ. ਨਵ ਸੰਗੀਤ ਸਿੰਘ
ਇਕ ਰੁੱਖ ‘ਤੇ ਬਣੇ ਆਲ੍ਹਣੇ ਵਿਚ ਚਿੜਾ-ਚਿੜੀ ਅਤੇ ਉਨ੍ਹਾਂ ਦੇ ਦੋ ਬੱਚੇ ਰਹਿੰਦੇ ਸਨ। ਉਸ ਰੁੱਖ ਹੇਠਾਂ ਇਕ ਵੱਡਾ ਤਲਾਅ ਸੀ। ਚਿੜਾ-ਚਿੜੀ ਹਰ ਰੋਜ਼ ਸਵੇਰੇ ਚੋਗੇ ਦੀ ਭਾਲ ਵਿਚ ਆਪਣੇ ਬੱਚਿਆਂ ਨੂੰ ਆਲ੍ਹਣੇ ਵਿਚ ਛੱਡ ਕੇ ਚਲੇ ਜਾਂਦੇ। ਚਿੜੀ ਆਪਣੇ ਦੋਵਾਂ ਬੱਚਿਆਂ ਨੂੰ ਸਮਝਾ ਕੇ ਜਾਂਦੀ ਸੀ ਕਿ ਘਰੋਂ ਬਾਹਰ ਨਾ ਨਿਕਲਣ। ਪਰ ਦੋਵੇਂ ਬੱਚੇ ਬੜੇ ਸ਼ਰਾਰਤੀ ਸਨ। ਉਹ ਆਪਣੇ ਮਾਪਿਆਂ ਦੇ ਜਾਂਦਿਆਂ-ਸਾਰ ਬਾਹਰ ਖੇਡਣ ਚਲੇ ਜਾਂਦੇ।
ਇਕ ਦਿਨ ਜਦੋਂ ਚਿੜਾ-ਚਿੜੀ ਚੋਗੇ ਦੀ ਭਾਲ ਵਿਚ ਗਏ ਹੋਏ ਸਨ ਤਾਂ ਉਨ੍ਹਾਂ ਦੇ ਬੱਚੇ ਜਿਉਂ ਹੀ ਖੇਡਣ ਲਈ ਬਾਹਰ ਜਾਣ ਲੱਗੇ ਤਾਂ ਅਚਾਨਕ ਉਨ੍ਹਾਂ ‘ਚੋਂ ਇਕ ਬੱਚੇ ਦਾ ਪੈਰ ਤਿਲਕ ਗਿਆ ਅਤੇ ਉਹਨੂੰ ਬਚਾਉਣ ਦੇ ਚੱਕਰ ਵਿਚ ਦੂਜੇ ਬੱਚੇ ਦਾ ਪੈਰ ਵੀ ਤਿਲਕ ਗਿਆ ਅਤੇ ਦੋਵੇਂ ਉਸ ਤਲਾਅ ਵਿਚ ਜਾ ਡਿੱਗੇ। ਤਲਾਅ ਵਿਚ ਡਿਗਦਿਆਂ ਹੀ ਦੋਵੇਂ ਬੱਚੇ ਬਚਾਓ ਲਈ ਉੱਚੀ-ਉੱਚੀ ‘ਚੀਂ-ਚੀਂ’ ਕਰਨ ਲੱਗੇ। ਉਨ੍ਹਾਂ ਦੀ ਆਵਾਜ਼ ਸੁਣ ਕੇ ਉਥੇ ਬਿੱਲੀ ਆ ਗਈ ਅਤੇ ਉਹ ਇਹ ਸੋਚ ਕੇ ਮਨੋਂ-ਮਨੀਂ ਖ਼ੁਸ਼ ਹੋਣ ਲੱਗੀ ਕਿ ਅੱਜ ਤਾਂ ਬੜਾ ਸੁਆਦੀ ਅਤੇ ਨਰਮ ਭੋਜਨ ਖਾਣ ਨੂੰ ਮਿਲੇਗਾ। ਉਹ ਬੱਚਿਆਂ ਨੂੰ ਕਹਿਣ ਲੱਗੀ, ‘ਬੱਚਿਓ, ਤੁਸੀਂ ਫ਼ਿਕਰ ਨਾ ਕਰੋ, ਮੈਂ ਤੁਹਾਨੂੰ ਬਚਾ ਲਵਾਂਗੀ।’
ਇੰਨੇ ਨੂੰ ਆਪਣੇ ਬੱਚਿਆਂ ਦਾ ਚੀਕ-ਚਿਹਾੜਾ ਸੁਣ ਕੇ ਚਿੜਾ-ਚਿੜੀ ਵੀ ਉਥੇ ਪਹੁੰਚ ਗਏ ਅਤੇ ਆਪਣੇ ਬੱਚਿਆਂ ਨੂੰ ਪਾਣੀ ਵਿਚ ਡਿੱਗਿਆਂ ਵੇਖ ਕੇ ਬਹੁਤ ਘਬਰਾ ਗਏ। ਦੂਜੇ ਪਾਸੇ ਵੇਖਿਆ ਤਾਂ ਬਿੱਲੀ ਉਨ੍ਹਾਂ ਨੂੰ ਖਾਣ ਨੂੰ ਤਿਆਰ ਬੈਠੀ ਸੀ। ਮਾਪਿਆਂ ਨੂੰ ਵੇਖ ਕੇ ਬੱਚੇ ਹੋਰ ਵੀ ਜ਼ੋਰ-ਜ਼ੋਰ ਨਾਲ ਚੀਂ-ਚੀਂ ਕਰਨ ਲੱਗੇ। ਚਿੜੇ ਤੋਂ ਇਹ ਸਭ ਵੇਖਿਆ ਨਾ ਗਿਆ ਅਤੇ ਉਹਨੇ ਬਿਨਾਂ ਸੋਚੇ-ਸਮਝੇ ਪਾਣੀ ਵਿਚ ਛਾਲ ਮਾਰ ਦਿੱਤੀ। ਇਹ ਵੇਖ ਕੇ ਚਿੜੀ ਹੋਰ ਵੀ ਘਬਰਾ ਗਈ ਪਰ ਅਜਿਹੀ ਹਾਲਤ ਵਿਚ ਵੀ ਉਹਨੇ ਹੋਸ਼ੋ-ਹਵਾਸ ਕਾਇਮ ਰੱਖਦਿਆਂ ਦਿਮਾਗ ਤੋਂ ਕੰਮ ਲਿਆ।
ਉਹਨੇ ਬਿੱਲੀ ਨੂੰ ਬੇਨਤੀ ਕੀਤੀ, ‘ਬਿੱਲੀ ਭੈਣੇ, ਤੂੰ ਮੇਰੇ ਪਤੀ ਅਤੇ ਬੱਚਿਆਂ ਨੂੰ ਬਚਾ ਲੈ। ਫਿਰ ਜੋ ਤੂੰ ਕਹੇਂਗੀ, ਮੈਂ ਉਹੀ ਕਰਾਂਗੀ।’
ਬਿੱਲੀ ਬੋਲੀ, ‘ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਮੈਂ ਤਾਂ ਇਨ੍ਹਾਂ ਤਿੰਨਾਂ ਨੂੰ ਖਾਵਾਂਗੀ। ਬੜੇ ਦਿਨਾਂ ਪਿੱਛੋਂ ਮੈਨੂੰ ਸੁਆਦੀ ਭੋਜਨ ਖਾਣ ਨੂੰ ਮਿਲੇਗਾ।’
ਚਿੜੀ ਨੇ ਆਪਣਾ ਧੀਰਜ ਕਾਇਮ ਰੱਖਦਿਆਂ ਕਿਹਾ, ‘ਠੀਕ ਹੈ ਭੈਣੇ! ਤੂੰ ਖਾ ਲਵੀਂ। ਪਰ ਪਹਿਲਾਂ ਇਨ੍ਹਾਂ ਨੂੰ ਪਾਣੀ ‘ਚੋਂ ਬਾਹਰ ਤਾਂ ਕੱਢ, ਫਿਰ ਹੀ ਖਾ ਸਕੇਂਗੀ ਨਾ। ਨਹੀਂ ਤਾਂ ਜੇ ਇਹ ਮਰ ਗਏ ਅਤੇ ਪਾਣੀ ਵਿਚ ਹੀ ਵਹਿ ਗਏ ਤਾਂ ਫਿਰ ਤੇਰੇ ਹੱਥ ਕੁਝ ਨਹੀਂ ਆਵੇਗਾ। ਜਾਹ, ਛੇਤੀ-ਛੇਤੀ ਉਨ੍ਹਾਂ ਨੂੰ ਬਚਾ।’
ਬਿੱਲੀ ਨੂੰ ਚਿੜੀ ਦੀ ਗੱਲ ਸਹੀ ਲੱਗੀ ਅਤੇ ਉਹਨੇ ਕਿਹਾ, ‘ਠੀਕ ਹੈ।’ ਫਿਰ ਉਹਨੇ ਤਿੰਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਤਲਾਅ ‘ਚੋਂ ਕੱਢ ਲਿਆਂਦਾ ਅਤੇ ਚਿੜੀ ਨੂੰ ਕਹਿਣ ਲੱਗੀ, ‘ਵੇਖ, ਜਿਵੇਂ ਤੂੰ ਕਿਹਾ ਸੀ, ਮੈਂ ਕਰ ਦਿੱਤਾ। ਪਰ ਹੁਣ ਮੈਂ ਇਨ੍ਹਾਂ ਨੂੰ ਖਾਵਾਂਗੀ।’
ਚਿੜੀ ਨੇ ਕਿਹਾ, ‘ ਬਿਲਕੁਲ ਖਾ ਲਵੀਂ ਭੈਣੇ! ਮੈਂ ਤੈਨੂੰ ਮਨਾਂ ਨਹੀਂ ਕਰ ਰਹੀ। ਪਰ ਇਨ੍ਹਾਂ ਨੂੰ ਪਹਿਲਾਂ ਥੋੜ੍ਹਾ ਸੁੱਕ ਤਾਂ ਲੈਣ ਦੇ। ਨਹੀਂ ਤਾਂ ਗਿੱਲੇ ਖੰਭ ਤੇਰੇ ਗਲ ਵਿਚ ਅੜ ਜਾਣਗੇ ਅਤੇ ਤੂੰ ਮਰ ਵੀ ਸਕਦੀ ਹੈਂ।’
ਬਿੱਲੀ ਨੂੰ ਚਿੜੀ ਦੀ ਇਹ ਗੱਲ ਵੀ ਸਹੀ ਲੱਗੀ। ਉਹਨੇ ਕਿਹਾ, ‘ਠੀਕ ਹੈ, ਸੁੱਕ ਜਾਣ ਦਿੰਦੀ ਹਾਂ।’
ਚਿੜੀ ਨੇ ਬਿੱਲੀ ਨੂੰ ਕਿਹਾ, ‘ਅੱਛਾ ਚੱਲ, ਜਦੋਂ ਤੱਕ ਇਨ੍ਹਾਂ ਦੇ ਖੰਭ ਸੁਕਦੇ ਹਨ, ਮੈਂ ਤੈਨੂੰ ਇਕ ਛੋਟੀ ਜਿਹੀ ਕਹਾਣੀ ਸੁਣਾਉਂਦੀ ਹਾਂ।’ ਤੇ ਕਹਾਣੀ ਦੇ ਬਹਾਨੇ ਉਹਨੇ ਬਿੱਲੀ ਨੂੰ ਕਾਫੀ ਚਿਰ ਰੋਕੀ ਰੱਖਿਆ ਅਤੇ ਫਿਰ ਅਚਾਨਕ ਚਿੜੀ ਨੇ ਕਹਾਣੀ ਸੁਣਾਉਣੀ ਬੰਦ ਕਰ ਦਿੱਤੀ। ਬਿੱਲੀ ਨੇ ਪੁੱਛਿਆ, ‘ਫਿਰ ਕੀ ਹੋਇਆ?’
ਚਿੜੀ ਨੇ ਕਿਹਾ, ‘ਫਿਰ ਕੀ ਹੋਣਾ ਸੀ। ਉਨ੍ਹਾਂ ਤਿੰਨਾਂ ਦੇ ਖੰਭ ਸੁੱਕ ਗਏ ਅਤੇ ਉਹ ਤਿੰਨੇ ਉੱਡ ਗਏ।’ ਇਹ ਕਹਿ ਕੇ ਉਹ ਖ਼ੁਦ ਵੀ ਉੱਡ ਗਈ।
ਬਿੱਲੀ ਉਨ੍ਹਾਂ ਚਾਰਾਂ ਨੂੰ ਉੱਡਦਿਆਂ ਵੇਖ ਕੇ ਹੱਥ ਮਲਦੀ ਰਹਿ ਗਈ। ਚਿੜੀ ਨੇ ਆਪਣੀ ਅਕਲ ਅਤੇ ਸਮਝਦਾਰੀ ਨਾਲ ਆਪਣੇ ਪਰਿਵਾਰ ਨੂੰ ਬਚਾ ਲਿਆ।
Comment here