ਮਾਘੀ ਤੋਂ ਭਾਵ ਮਾਘ ਮਹੀਨੇ ਦੀ ਸੰਗਰਾਂਦ ਤੋਂ ਹੈ ਜੋ ਲੋਹੜੀ ਤੋਂ ਅਗਲੇ ਦਿਨ ਆਉਂਦੀ ਹੈ। ਹਿੰਦੂ ਧਰਮ ਵਿਚ ਇਸ ਦਿਨ ਨੂੰ ਮਕਰ ਸੰਕ੍ਰਾਂਤੀ ਵਜੋਂ ਬਹੁਤ ਸਾਰੇ ਤੀਰਥ ਅਸਥਾਨਾਂ ’ਤੇ ਮਨਾਇਆ ਜਾਂਦਾ ਹੈ। ਮਾਘੀ ਜਾਂ ਮਕਰ ਸੰਕ੍ਰਾਂਤੀ ਦਾ ਦਿਨ ਮਕਰ ਰਾਸ਼ੀ ਦੇ ਸੂਰਜ ਦੇ ਸੰਪਰਕ ਵਿਚ ਆਉਣ ਦੇ ਪਹਿਲੇ ਦਿਨ ਦੀ ਨਿਸ਼ਾਨਦੇਹੀ ਕਰਦਾ ਹੈ ਜਿਸ ਨਾਲ ਲੰਬੇ ਦਿਨਾਂ ਦੀ ਸ਼ੁਰੂਆਤ ਹੁੰਦੀ ਹੈ। ਮਕਰ ਸੰਕ੍ਰਾਂਤੀ ਉਨ੍ਹਾਂ ਕੁਝ ਪੁਰਾਣੇ ਭਾਰਤੀ ਤਿਉਹਾਰਾਂ ’ਚੋਂ ਇਕ ਹੈ ਜੋ ਸੂਰਜੀ ਚੱਕਰ ਅਨੁਸਾਰ ਮਨਾਏ ਜਾਂਦੇ ਹਨ। ਉੱਤਰੀ ਭਾਰਤ ਵਿਚ ਇਸ ਦਿਨ ਨੂੰ ਮਾਘੀ ਵਜੋਂ ਮਨਾਇਆ ਜਾਂਦਾ ਹੈ ਜਦਕਿ ਮਹਾਰਾਸ਼ਟਰ, ਗੋਆ, ਆਂਧਰ ਪ੍ਰਦੇਸ਼ ਤੇ ਪੱਛਮੀ ਬੰਗਾਲ ਦੇ ਲੋਕ ਇਸ ਦਿਨ ਨੂੰ ਪੂਸ ਸੰਕ੍ਰਾਂਤੀ ਦੇ ਨਾਮ ਨਾਲ ਜਾਣਦੇ ਹਨ। ਕਰਨਾਟਕ, ਤੇਲੰਗਾਨਾ ਅਤੇ ਮੱਧ ਭਾਰਤ ਵਿਚ ਇਸ ਤਿਉਹਾਰ ਨੂੰ ਸੁਕਾਰਤ ਦੇ ਨਾਮ ਨਾਲ ਜਦਕਿ ਅਸਾਮ ਦੇ ਲੋਕਾਂ ਦੁਆਰਾ ਮਾਘ ਬਿਹੂ ਅਤੇ ਤਾਮਿਲਾਂ ਦੁਆਰਾ ਥਾਈ ਪੋਂਗਲ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਮਕਰ ਸੰਕ੍ਰਾਂਤੀ ਦੇ ਦਿਨ ਲੋਕ ਪਵਿੱਤਰ ਨਦੀਆਂ ਜਾਂ ਝੀਲਾਂ ਦੇ ਕੰਢੇ ਸੂਰਜ ਦਾ ਧੰਨਵਾਦ ਕਰਦਿਆਂ ਇਸ਼ਨਾਨ ਕਰਨਾ ਸ਼ੁਭ ਸਮਝਦੇ ਹਨ। ਮਾਘੀ ਸਿੱਖ ਧਰਮ ਦਾ ਇਤਿਹਾਸਕ ਪੁਰਬ ਹੈ ਜੋ ਖਿਦਰਾਣੇ ਦੀ ਢਾਬ (ਮੁਕਤਸਰ) ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸੂਬਾ ਸਰਹਿੰਦ ਦੀ ਫ਼ੌਜ ਵਿਚਾਲੇ ਹੋਈ ਘਮਸਾਨ ਦੀ ਜੰਗ ਸਮੇਂ ਚਾਲੀ ਸਿੰਘਾਂ ਦੇ ਸ਼ਹੀਦ ਹੋ ਜਾਣ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਮੁਕਤਸਰ ਦੀ ਧਰਤੀ ’ਤੇ ਲੱਖਾਂ ਲੋਕ ਇਤਿਹਾਸਕ ਪੁਰਬ ਵਿਚ ਸ਼ਾਮਲ ਹੁੰਦੇ ਹਨ ਅਤੇ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ 40 ਮੁਕਤਿਆਂ ਦੀ ਯਾਦ ਵਿਚ ਸਥਾਪਤ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਣ ਦੇ ਨਾਲ-ਨਾਲ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਦੇ ਹਨ। ਇਤਿਹਾਸਕ ਤੱਥਾਂ ਅਨੁਸਾਰ ਅਨੰਦਪੁਰ ਦੇ ਕਿਲ੍ਹੇ ਦੀ ਘੇਰਾਬੰਦੀ ਸਮੇਂ ਮਾਝੇ ਦੇ ਚਾਲੀ ਸਿੰਘ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਆਪੋ-ਆਪਣੇ ਘਰ ਚਲੇ ਗਏ ਸਨ। ਮਾਈ ਭਾਗੋ ਅਤੇ ਹੋਰਨਾਂ ਸਿੱਖ ਸੰਗਤਾਂ ਨੇ ਜਦੋਂ ਉਨ੍ਹਾਂ 40 ਸਿੰਘਾਂ ਨੂੰ ਲਾਹਨਤਾਂ ਪਾਉਂਦੇ ਹੋਏ ਚੂੜੀਆਂ ਪਾ ਲੈਣ ਦਾ ਮਿਹਣਾ ਮਾਰਿਆ ਤਾਂ ਉਹ ਗੁਰੂ ਸਾਹਿਬ ਤੋਂ ਮਾਫ਼ੀ ਮੰਗ ਕੇ ਭੁੱਲ ਬਖ਼ਸ਼ਾਉਣ ਲਈ ਤਿਆਰ ਹੋ ਗਏ। ਗੁਰੂ ਜੀ ਚਮਕੌਰ ਸਾਹਿਬ, ਮਾਛੀਵਾੜਾ, ਆਲਮਗੀਰ, ਰਾਏਕੋਟ, ਦੀਨਾ ਹੁੰਦੇ ਹੋਏ ਜਦੋਂ ਕੋਟਕਪੂਰੇ ਪੁੱਜੇ ਤਾਂ ਪਤਾ ਲੱਗਾ ਕਿ ਮੁਗ਼ਲ ਫ਼ੌਜ ਗੁਰੂ ਜੀ ਦਾ ਪਿੱਛਾ ਕਰ ਰਹੀ ਸੀ। ਗੁਰੂ ਜੀ ਨੇ ਉਸ ਸਮੇਂ ਖਿਦਰਾਣੇ ਦੀ ਢਾਬ ਵਜੋਂ ਜਾਣੀ ਜਾਂਦੀ ਢਾਬ ਨੂੰ ਮੁਗ਼ਲਾਂ ਨਾਲ ਜੰਗ ਲੜਨ ਲਈ ਉੱਚਿਤ ਸਮਝਦਿਆਂ ਢਾਬ ’ਤੇ ਡੇਰੇ ਲਾ ਲਏ। ਓਧਰ ਮਾਝੇ ਦੇ ਉਹ ਚਾਲੀ ਸਿੰਘਾਂ ਦਾ ਜੱਥਾ ਮਾਈ ਭਾਗੋ ਅਤੇ ਭਾਈ ਮਹਾਂ ਸਿੰਘ ਨਾਲ ਕਲਗੀਧਰ ਪਾਤਸ਼ਾਹ ਦੀ ਭਾਲ ਕਰਦਾ ਹੋਇਆ ਖਿਦਰਾਣੇ ਦੀ ਢਾਬ ਪੁੱਜਾ ਅਤੇ ਗੁਰੂ ਸਾਹਿਬ ਦੀ ਕਮਾਨ ਹੇਠ ਮਾਈ ਭਾਗੋ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ’ਚ ਜੰਗ ਲੜਨ ਲੱਗਾ। ਜਦੋਂ ਢਾਬ ਤੋਂ ਗੁਰੂ ਸਾਹਿਬ ਨੇ ਇਨ੍ਹਾਂ ਸਿੰਘਾਂ ਨੂੰ ਵੀਰਤਾ ਨਾਲ ਲੜਦੇ ਵੇਖਿਆ ਤਾਂ ਗੁਰੂ ਸਾਹਿਬ ਸਿੰਘਾਂ ਕੋਲ ਆਏ ਤਾਂ ਭਾਈ ਮਹਾਂ ਸਿੰਘ ਨੇ ਸਹਿਕਦਿਆਂ ਹੋਇਆਂ ਲਿਖ ਕੇ ਦਿੱਤਾ ਬੇਦਾਵਾ ਪਾੜ ਦੇਣ ਦੀ ਬੇਨਤੀ ਕੀਤੀ। ਗੁਰੂ ਸਾਹਿਬ ਨੇ ਭਾਈ ਮਹਾਂ ਸਿੰਘ ਦਾ ਸਿਰ ਆਪਣੀ ਗੋਦ ਵਿਚ ਰੱਖ ਕੇ ਬੇਦਾਵਾ ਪਾੜ ਦਿੱਤਾ। ਗੁਰੂ ਸਾਹਿਬ ਨੇ ਆਪਣੇ ਹੱਥੀਂ ਉਨ੍ਹਾਂ ਸਿੰਘਾਂ ਦਾ ਸਸਕਾਰ ਕੀਤਾ ਤੇ ਉਸ ਥਾਂ ਦਾ ਨਾਮ ਮੁਕਤਸਰ ਰੱਖਿਆ। ਹੁਣ ਇਸ ਅਸਥਾਨ ’ਤੇ ਸਰੋਵਰ ਤੇ ਗੁਰਦੁਆਰਾ ਸ਼ਹੀਦ ਗੰਜ ਸਥਿਤ ਹੈ। ਮਾਘ ਦੇ ਮਹੀਨੇ ਬਾਰੇ ਗੁਰੂ ਸਾਹਿਬ ਦੁਆਰਾ ਬਾਣੀ ਵਿਚ ਵੀ ਫੁਰਮਾਨ ਹੈ :
ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ॥
ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ॥
ਇਨ੍ਹਾਂ 40 ਸਿੰਘਾਂ ਨੂੰ ਸਿੱਖ ਧਰਮ ਦੀ ਅਰਦਾਸ ਵਿਚ ਚਾਲੀ ਮੁਕਤਿਆਂ ਵਜੋਂ ਯਾਦ ਕੀਤਾ ਜਾਂਦਾ ਹੈ। ਤਿੰਨ ਦਿਨਾਂ ਦੇ ਮੁਕਤਸਰ ਦੀ ਮਾਘੀ ਦੇ ਮੇਲੇ ਵਿਚ ਸੰਗਤਾਂ ਨੂੰ ਸਿੱਖਾਂ ਦੇ ਗੌਰਵਮਈ ਇਤਿਹਾਸ ਨੂੰ ਗੁਰਬਾਣੀ ਕੀਰਤਨ, ਕਥਾ, ਬੀਰ ਰਸ ਕਾਵਿ, ਵਾਰਾਂ ਰਾਹੀਂ ਜਾਣੂ ਕਰਵਾਇਆ ਜਾਂਦਾ ਹੈ। ਮੇਲੇ ਦੇ ਅਖ਼ੀਰਲੇ ਦਿਨ ਗੁਰੂ ਸਾਹਿਬ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਵੱਲੋਂ ਰਲ ਕੇ ਮਹੱਲਾ (ਨਗਰ ਕੀਰਤਨ) ਕੱਢਿਆ ਜਾਂਦਾ ਹੈ ਜੋ ਕਿ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਮੁਕਤਸਰ) ਤੋਂ ਸ਼ੁਰੂ ਹੋ ਕੇ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਸਮਾਪਤ ਹੁੰਦਾ ਹੈ। ਸਾਨੂੰ ਸਭ ਨੂੰ ਇਨ੍ਹਾਂ 40 ਸ਼ਹੀਦ ਸਿੰਘਾਂ (ਚਾਲੀ ਮੁਕਤਿਆਂ) ਦੀ ਗੁਰੂ ਜੀ ਪ੍ਰਤੀ ਸਮਰਪਣ-ਭਾਵਨਾ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਮਾਘੀ ਦਾ ਤਿਉਹਾਰ ਪੂਰੇ ਭਾਰਤ ’ਚ ਹਰ ਫਿਰਕੇ ਵੱਲੋਂ ਕਿਸੇ ਨਾ ਕਿਸੇ ਇਤਿਹਾਸਕ ਤੱਥ ਦੇ ਆਧਾਰ ’ਤੇ ਮਨਾਇਆ ਜਾਂਦਾ ਹੈ ਤੇ ਇਹ ਤਿਉਹਾਰ ਧਾਰਮਿਕ, ਸਮਾਜਿਕ ਤੌਰ ’ਤੇ ਅੰਤਰੀਵ ਭਾਵਾਂ ਨੂੰ ਟੁੰਬਦਾ ਹੋਇਆ ਲੋਕ ਮਨਾਂ ’ਤੇ ਅਮਿੱਟ ਛਾਪ ਛੱਡਦਾ ਹੈ।
-ਗੁਰਪ੍ਰੀਤ ਸਿੰਘ
Comment here