ਖਬਰਾਂਚਲੰਤ ਮਾਮਲੇਦੁਨੀਆ

ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ ‘ਚ ਮੌਤ

ਲੁਧਿਆਣਾ-ਰਾਏਕੋਟ ਦੇ ਰਹਿਣ ਵਾਲੇ ਨੌਜਵਾਨ ਜਸਵਿੰਦਰ ਸਿੰਘ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਕੈਨੇਡਾ ਰੋਜੀ ਰੋਟੀ ਕਮਾਉਣ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ, ਜਿਸ ਕਰਕੇ ਰਾਏਕੋਟ ਹਲਕੇ ਵਿੱਚ ਸੋਗ ਦੀ ਲਹਿਰ ਹੈ। ਪਿੰਡ ਸੀਲੋਆਣੀ ਦੇ ਸਰਪੰਚ ਰਛਪਾਲ ਸਿੰਘ ਦਾ ਭਤੀਜਾ ਜਸਵਿੰਦਰ ਸਿੰਘ ਟੋਨਾ ਜਿਸ ਦੀ ਉਮਰ 27 ਸਾਲ ਸੀ। 2019 ‘ਚ ਜਸਵਿੰਦਰ ਰੋਜੀ ਰੋਟੀ ਕਮਾਉਣ ਲਈ ਕੈਨੇਡਾ ਗਿਆ ਸੀ। ਜਿਸ ਦੀ ਬੀਤੇ ਐਤਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਹੋਣ ਦੀ ਖਬਰ ਮਿਲੀ, ਨੌਜਵਾਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਸਵਿੰਦਰ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਪਰਿਵਾਰ ਦੀ ਭਲਾਈ ਅਤੇ ਸੁਖਾਲੇ ਭਵਿੱਖ ਦੀ ਕਾਮਨਾਂ ਕਰਦਾ ਹੋਇਆ ਮਿਹਨਤ ਕਰਨ ਲਈ ਕੈਨੇਡਾ ਗਿਆ ਸੀ।
ਪਰਿਵਾਰਿਕ ਮੈਂਬਰ ਨੇ ਦੱਸਿਆ ਜਨਵਰੀ 2019 ਨੂੰ ਕੈਨੇਡਾ ਵਰਕ ਪਰਮਿਟ ‘ਤੇ ਬਰੈਂਮਪਟਨ ਗਿਆ ਸੀ, ਪਰ ਪਿਛਲੇ ਕਾਫੀ ਸਮੇਂ ਤੋਂ ਉਸ ਨੂੰ ਕੰਮ ਨਹੀਂ ਮਿਲ ਰਿਹਾ ਸੀ ਜਿਸ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗਿਆ ਸੀ ਅਤੇ ਉਹ ਡਿਪ੍ਰੈਸ਼ਨ ਵਿਚ ਵੀ ਚਲਾ ਗਿਆ ਸੀ। ਇਸ ਕਾਰਨ ਉਹ ਕਾਫੀ ਸਮੇਂ ਤੱਕ ਹਸਪਤਾਲ ਵੀ ਰਿਹਾ। ਮੁੜ ਠੀਕ ਹੋਣ ਤੋਂ ਬਾਅਦ ਉਹ ਕੰਮ ਦੀ ਭਾਲ ‘ਚ ਸੀ। ਪਰਿਵਾਰ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ ਤਾਂ ਫਿਕਰ ਹੋਣ ਲੱਗੀ। ਜਿਸ ਦੇ ਚਲਦਿਆਂ ਕਿਸੇ ਜਾਣਕਾਰ ਰਾਹੀਂ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੈਨੇਡਾ ਰਹਿ ਰਹੇ ਉਸ ਦੇ ਸਾਥੀ ਨੌਜਵਾਨਾਂ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਕਿ 27 ਅਗਸਤ ਦੀ ਰਾਤ ਨੂੰ ਐਫਸਫੋਰਡ ਵਿਖੇ ਗੁਰਦੁਆਰਾ ਬੰਦਾ ਬਹਾਦਰ ਵਿਖੇ ਸੇਵਾ ਕਰਕੇ ਰਾਤ ਕਰੀਬ 10.30 ਵਜੇ ਜਸਵਿੰਦਰ ਆਪਣੇ ਕਮਰੇ ਵਿੱਚ ਆ ਕੇ ਸੌਂ ਗਿਆ, ਜਿਸ ਤੋਂ ਬਾਅਦ ਉਸ ਦੇ ਸਾਥੀ ਨੌਜਵਾਨ ਨੇ ਸਵੇਰੇ 6 ਵਜੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉੱਠਿਆ ਨਹੀਂ ।
ਬਾਅਦ ਵਿੱਚ ਪਤਾ ਲੱਗਾ ਕਿ ਉਸ ਦੀ ਤਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇਸ ਖਬਰ ਦੇ ਪਿੰਡ ਪਹੁੰਚਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਹੈ। ਚਾਰ ਭੈਣਾਂ ਵਿੱਚ ਤਿੰਨ ਵਿਆਹੀਆਂ ਸਨ ਅਤੇ ਇਕ ਦਾ ਵਿਆਹ ਕਰਵਾਉਣਾ ਅਜੇ ਬਾਕੀ ਸੀ। ਉਥੇ ਹੀ ਰੱਖੜੀ ਮੌਕੇ ਮਿਲੀ ਇਸ ਮੰਦਭਾਗੀ ਖਬਰ ਕਾਰਨ ਭੈਣਾਂ ਦਾ ਰੋ ਰੋ ਬੁਰਾ ਹਾਲ ਹੋ ਗਿਆ ਹੈ। ਰਿਸ਼ਤੇਦਾਰ ਨੇ ਕਿਹਾ ਕਿ ਮ੍ਰਿਤਕ ਪਰਿਵਾਰ ਆਰਥਿਕ ਤੌਰ ‘ਤੇ ਕਾਫੀ ਕਮਜ਼ੋਰ ਹੈ। ਇਸ ਲਈ ਉਨ੍ਹਾਂ ਜਿਥੇ ਕੈਨੇਡਾ ‘ਚ ਵਸਦੇ ਪੰਜਾਬੀਆਂ ਨੂੰ ਗੁਹਾਰ ਲਗਾਈ ਕਿ ਮ੍ਰਿਤਕ ਦੇਹ ਭਾਰਤ ਭੇਜਣ ਲਈ ਗਰੀਬ ਪਰਿਵਾਰ ਦੀ ਮਦਦ ਕਰਨ, ਉੱਥੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਕਿ ਜਸਵਿੰਦਰ ਸਿੰਘ ਦੀ ਮਿਰਤਕ ਦੇਹ ਨੂੰ ਪੰਜਾਬ ਲਿਆਉਣ ਲਈ ਮਦਦ ਕੀਤੀ ਜਾਵੇ ਤਾਂ ਜੋ ਪਰਿਵਾਰ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕੇ।

Comment here