ਗੁਸਤਾਖੀਆਂ

ਚਹੇਤੇ, ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ ਸਫ਼ਰ

ਕਿਸੇ ਗਾਇਕ ਦਾ ਫੈਨ ਜਾਂ ਚਾਹੁਣ ਵਾਲਾ, ਉਸ ਗਾਇਕ ਲਈ ਗੀਤ ਲਿਖਣ ਵਾਲਾ ਜਾਂ ਸੰਗੀਤ ਤਿਆਰ ਕਰਨ ਵਾਲਾ ਲਿਆਕਤਮੰਦ ਹੋ ਸਕਦੈ ਪਰ ਇਸ ਗੱਲ ਦੀ ਕਦਾਚਿਤ ਗਾਰੰਟੀ ਨਹੀਂ ਕਿ ਓਹ ਗਾਇਕ ਬੂਝੜ ਨਹੀਂ ਹੋ ਸਕਦਾ। ਗਾਇਕੀ ਖੇਤਰ ਵਿੱਚ ਅਸੀਂ ਸ਼ੋਹਰਤ ਤੇ ਮਿਹਨਤ ਦੇ ਤੁਪਕੇ ਤੁਪਕੇ ਦੀ ਖੁਰਾਕ ਨਾਲ ਪਲ਼ੇ ਤੇ ਛਾਵਾਂ ਵੰਡਣ ਵਾਲੇ ਬੋਹੜ ਵੀ ਬਹੁਤ ਦੇਖੇ ਹੋਣਗੇ ਤੇ ਸਾਡੀਆਂ ਰਗਾਂ ‘ਚ ਸਿੱਧੀ ਫੈਨਪੁਣੇ ਦੀ ਨਾਲ਼ੀ ਲਾ ਕੇ ਦਿਨਾਂ ‘ਚ ਵਧੇ ਸਫੈਦੇ ਵੀ ਬਹੁਤ ਦੇਖੇ ਹੋਣਗੇ। ਸਭ ਤੋਂ ਪਹਿਲਾਂ ਇਹ ਗੱਲ ਦਿਮਾਗ ਦਾ ਹਿੱਸਾ ਬਣਾਉਣ ਦੀ ਲੋੜ ਐ ਕਿ ਸਫੈਦਾ ਅਸਮਾਨ ਵੱਲ ਨੂੰ ਲੰਮਾ ਤਾਂ ਬਹੁਤ ਲੰਘ ਜਾਂਦੈ ਪਰ ਜੜ੍ਹ ਜਿਆਦਾ ਡੂੰਘੀ ਨਹੀਂ ਹੁੰਦੀ।

ਇੱਕ ਸਰੋਤੇ ਵਜੋਂ ਜਿਉਂ ਹੀ ਕੋਈ ਗੀਤ ਟੁੰਬਦੈ ਤਾਂ ਵਾਰ ਵਾਰ ਸੁਣਦਾ ਹਾਂ ਪਰ ਜਿਸ ਚੀਜ਼ ਨੂੰ ਅੱਖ ਨਾ ਝੱਲੇ, ਓਹਨੂੰ ਜੀਭ ਨਹੀਂ ਝੱਲ ਸਕਦੀ। ਗਾਇਕਾਂ ਦੇ ਫੈਨ ਬਣਨਾ ਮਾੜੀ ਗੱਲ ਨਹੀਂ, ਸਗੋਂ ਪਿਛਲੱਗ ਬਣਨਾ ਓਨਾ ਹੀ ਖਤਰਨਾਕ ਹੈ ਜਿੰਨਾ ਪੈਸੇ ਜਾਂ ਬੋਤਲ ਖਾਤਰ ਵੋਟ ਵੇਚਣੀ। ਮਾਂ ਪਿਓ ਨੂੰ ਘਰੇ ਪਾਣੀ ਨਾ ਪੁੱਛਣਾ ਤੇ ਡੇਰੇ ਜਾ ਕੇ ਬੂਬਨੇ ਦੇ ਖੁਰੜਿਆਂ ਦੀ ਮੈਲ ਧੋਣੀ। ਤੁਸੀਂ ਇੱਕ ਨੂੰ ਸੁਣਦੇ ਹੋ ਤੇ ਦੂਜਾ ਤੁਹਾਨੂੰ ਲੀਰਾਂ, ਭੇਡਾਂ, ਖੱਚਾਂ ਦੱਸੇ? ਇਹ ਕਸੂਰ ਓਹਨਾਂ ਦਾ ਨਹੀਂ, ਸਗੋਂ ਸਾਡਾ ਹੈ। ਅਸੀਂ ਇਹ ‘ਸਮਾਨ’ ਖੁਦ ਬਣ ਰਹੇ ਹਾਂ, ਓਹਨਾਂ ਨੂੰ ਮੂੰਹ ਥਾਈਂ ਜੰਗਲ ਪਾਣੀ ਜਾਣ ਦੀ ਆਦਤ ਪਾ ਰਹੇ ਹਾਂ। ਅਸੀਂ ਇਹ ਨਹੀਂ ਕਿਹਾ ਕਿ “ਨਿੱਕਿਆ! ਤੇਰੀ ਜੀਭ ਗਾਉਂਦੀ ਹੀ ਸ਼ੋਭਦੀ ਐ। ਜੇ ਸਾਡੇ ਹੋਰ ਭੈਣਾਂ ਭਾਈਆਂ ਨੂੰ ਤੂੰ ਭੇਡਾਂ ਬੱਕਰੀਆਂ ਦੱਸੇਂਗਾ, ਤਾਂ ਮੂਹਰਲਾ ਅਖੌਤੀ ਵੈਲੀ ਤੇਰੇ ਪਿਛਲੱਗ ਸਾਡੇ ਹੀ ਭੈਣਾਂ ਭਾਈਆਂ ਲਈ ਪਤਾ ਨਹੀਂ ਕੀ ਕੀ ਗੰਦ ਮੂੰਹ ਰਾਹੀਂ ਹੱਗੂ?”

ਗੀਤਾਂ ‘ਚ ਸਾਲੇ ਪ੍ਰਾਹੁਣੇ ਸੁਣਨ ਦੇ ‘ਰਿਵਾਜ਼’ ਨੂੰ ਵੀ ਤਾਂ ਅਸੀਂ ਹੀ ਹਵਾ ਦੇ ਰਹੇ ਹਾਂ। ਅਸੀਂ ਕੂਕਾਂ ਚੀਕਾਂ ਮਾਰ ਮਾਰ ਕੇ ਸਹਿਮਤੀ ਦੇ ਦਿੰਨੇ ਆਂ ਕਿ “ਪ੍ਰਵਾਨ ਆ ਬਈ, ਪ੍ਰਵਾਨ ਐ। ਅਗਲੇ ਗੀਤ ‘ਚ ਮਾਂ ਦੀ ਗਾਲ ਕੱਢੀਂ। ਅਸੀਂ ਚੀਕਾਂ ਦੇ ਨਾਲ ਨਾਲ ਭੰਗੜਾ ਵੀ ਪਾਵਾਂਗੇ।”

ਇੱਕ ਕੁਆਰੀ ਬੀਬੀ ਦੇ ਨਾਂ ਖ਼ਤ ਰੂਪੀ ਲੇਖ ਲਿਖਿਆ ਸੀ ਤਾਂ ਗੁੰਮਰਾਹ ਹੋਏ ‘ਕੁਝ’ ਕੁ ਸੱਜਣਾਂ ਵੱਲੋਂ “ਧਮਕਾਊ-ਸੰਵਾਦ” ਸ਼ੁਰੂ ਕੀਤਾ ਗਿਆ ਸੀ। ਹਾਲਾਂਕਿ ਉਸ ਲੇਖ ‘ਚ ਗਾਇਕਾ ਨੂੰ ਕੁਝ ਕੁ ਸਵਾਲ ਕੀਤੇ ਸਨ ਪਰ ਦੋ ਵੱਖ ਵੱਖ ਮੁਲਕਾਂ (ਇਟਲੀ ਤੇ ਅਮਰੀਕਾ) ਤੋਂ ਮਾਰਨ ਤੱਕ ਦੀ ਧਮਕੀ ਵੀ ਆਈ। (ਸ਼ਾਇਦ ਪ੍ਰਮੋਟਰ ਸੱਜਣ ਹੋਣਗੇ) ਸਬੱਬੀਂ ਦੋਵੇਂ ਦੇਸ਼ੀਂ ਹੀ ਜਾਣ ਦਾ ਸਬੱਬ ਬਣ ਗਿਆ। ਦੋਵੇਂ ਥਾਈਂ ਜਾ ਕੇ ਖੁੱਲ੍ਹੇਆਮ ਇਹੀ ਸੱਦਾ ਦਿੱਤਾ ਸੀ ਕਿ “ਮੈਂ ਮਰਨ ਲਈ ਖੁਦ ਹਵਾਈ ਟਿਕਟ ਖਰਚ ਕੇ ਤੁਹਾਡੇ ਦੇਸ਼ ਆਇਆ ਹਾਂ। ਜੀਅ ਸਦਕੇ ਮਾਰੋ ਪਰ ਓਹੀ ਸਵਾਲਾਂ ਦੇ ਜੁਆਬ ਤੁਸੀਂ ਜ਼ਰੂਰ ਦੇ ਦੇਣੇ।”  ਅਮਰੀਕਾ ਤਾਂ ਮੈਂ ਲਗਭਗ ਦੋ ਹਫਤੇ ਰਿਹਾ, ਪਰ ਬਹੁੜਿਆ ਕੋਈ ਨਾ। ਵਜ੍ਹਾ ਇਹੀ ਸੀ ਕਿ ਜਿਵੇਂ ਅਸੀਂ ਜੀਭ ਦੇ ਸੁਆਦ ਲਈ ਤਰ੍ਹਾਂ ਤਰ੍ਹਾਂ ਦੇ ਖਾਣੇ ਖਾਂਦੇ ਹਾਂ, ਓਸੇ ਤਰ੍ਹਾਂ ਹੀ ਕੰਨਾਂ ਦੇ ਸੁਆਦ ਲਈ ਇੱਕ ਕਿੱਲੇ ਬੱਝ ਹੀ ਨਹੀਂ ਸਕਦੇ। ਇਹੀ ਕਾਰਨ ਹੋ ਸਕਦੈ ਕਿ ਮੇਰੇ ਅਮਰੀਕਾ ਜਾਂ ਇਟਲੀ ਜਾਣ ਤੱਕ ਉਹਨਾਂ “ਬਦਮਾਸ਼ ਫੈਨਾਂ” ਨੇ ਕਿਸੇ ਹੋਰ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਹੋਵੇ।

ਸਾਡੇ ਮਾਨਸਿਕ ਨਿਘਾਰ ਦਾ ਸਬੂਤ ਹੀ ਹੈ ਇਹ, ਕਿ ਅਸੀਂ ਦੂਜੇ ਨੂੰ ਸਾਲ਼ਾ ਬਣਾ ਕੇ ਤੇ ਪ੍ਰਾਹੁਣਾ ਅਖਵਾ ਕੇ ਜੇਤੂ ਮਹਿਸੂਸ ਕਰਦੇ ਹਾਂ। ਜੇ ਸਾਲ਼ਾ ਸ਼ਬਦ ਐਨਾ ਹੀ ਤਰਸ ਦਾ ਪਾਤਰ ਐ ਤਾਂ ਦੁਆ ਕਰੂੰਗਾ ਕਿ ਅਜਿਹੇ ਕਪੂਤ ਦੇ ਘਰੇ ਕੁੜੀ ਨਾ ਹੀ ਜੰਮੇ। ਜਿਹੜੇ ਕਲੱਗ ਲਈ ਕੁੜੀ ਸਿਰਫ਼ ‘ਪ੍ਰਾਹੁਣੇ ਦਾ ਤਾਜ’ ਸਿਰ ਧਰਾਉਣ ਵਾਲੀ ਸ਼ਾਮਲਾਟ ਹੈ, ਅਜਿਹੇ ਦੇ ਘਰੋਂ ਕਦੇ ਵੀ ਕੋਈ ਵੀ ਮਨਹੂਸ ਖ਼ਬਰ ਸੁਣਨ ਨੂੰ ਮਿਲ ਸਕਦੀ ਐ। ਗੀਤਾਂ ‘ਚ ਸਾਲ਼ੇ ਪ੍ਰਾਹੁਣਿਆਂ ਵਾਲ਼ੇ ਬੋਲਾਂ ‘ਤੇ ਬਾਘੀਆਂ ਪਾਉਣ ਵਾਲਿਆਂ ਨੂੰ ਇਹ ਵੀ ਸੋਚਣਾ ਪਵੇਗਾ ਕਿ ਇਹ ਤੁਹਾਡੇ ਲਈ ਵੀ ਕਿਹਾ ਗਿਆ ਹੈ। ਕਿਉਂਕਿ ਤੁਸੀਂ ਇੱਕ ਦੇ ਫੈਨ ਤੇ ਦੂਜੇ ਲਈ ਇਹੀ ਕੁਝ ਹੋ। ਇਹ ਸਵਾਲ ਵੀ ਵਾਰ ਵਾਰ ਜ਼ਿਹਨ ‘ਚ ਆਉਂਦੈ ਕਿ ਜੇ ‘ਪ੍ਰਾਹੁਣਾ’ ਸ਼ਬਦ ਕਿਸੇ ਜਿੱਤ, ਹੈਂਕੜ ਜਾਂ ਧੌਂਸ ਦਾ ਪ੍ਰਤੀਕ ਐ ਤਾਂ…… ਗੀਤਾਂ ‘ਚ ਪ੍ਰਾਹੁਣਾ ਪ੍ਰਾਹੁਣਾ ਦਾ ਅਲਾਪ ਰਟਣ ਵਾਲੇ ਆਪਣੀਆਂ ਭੈਣਾਂ ਨੂੰ ਤਾ-ਉਮਰ ਕੁਆਰੀਆਂ ਰੱਖਣਗੇ ਕਿ ਕਿਸੇ ਦੇ ਸਾਲ਼ੇ ਬਣਨਾ ਪਊ??

ਥੋੜ੍ਹੀ ਜਿਹੀ ਉਮਰ ‘ਚ ਹੀ ਉੱਚੇ ਉੱਚੇ ਸਫੈਦੇ ਖਤਾਨਾਂ ‘ਚ ਡਿੱਗੇ ਪਏ ਦੇਖੇ ਹਨ। ਮੀਂਹ ਕਣੀ ਜੜ੍ਹਾਂ ਨਾਲ ਕਿਲੋ ਮਿੱਟੀ ਵੀ ਨਹੀਂ ਲੱਗੀ ਰਹਿਣ ਦਿੰਦੀ। ਪੱਤੇ, ਬੱਕਰੀਆਂ ਭੇਡਾਂ ਦੀ ਹੀ ਖੁਰਾਕ ਬਣ ਜਾਂਦੇ ਨੇ ਤੇ ਟਾਹਣੀਆਂ ਲੋੜਵੰਦਾਂ ਦੇ ਚੁੱਲ੍ਹਿਆਂ ਦਾ ਬਾਲਣ ਬਣ ਜਾਂਦੀਆਂ ਹਨ। ਬਾਕੀ ਬਚਦਾ ਮੁੱਚਰ ਸਿਉਂਕ ਦੇ ਹਿੱਸੇ ਆ ਜਾਂਦੈ। ਸਵਾਲ ਸਾਡੇ ਸਭ ਲਈ ਐ ਕਿ ਬਣਨਾ ਕੀ ਐ? ਸਾਲੇ ਪ੍ਰਾਹੁਣੇ ਬਣਨੈ? ਸਿਰਫ ਪਿਛਲੱਗ ਸ਼ਰਧਾਲੂ, ਫੈਨ ਬਣਨੈ? ਜਾਂ ਆਪਣੇ ਖੋਪੜ ਵਰਤਣ ਵਾਲੇ ਬਣਨੈ?? ਲੋੜ ਤਾਂ ਇਹੀ ਐ ਕਿ ਸਾਲ਼ੇ ਜਾਂ ਪ੍ਰਾਹੁਣੇ ਬਣਨ ਬਣਾਉਣ ਦੀ ਦੌੜ ‘ਚ ਬਚਿਆ ਖੁਚਿਆ ਦਿਮਾਗ ਖਰਚਣ ਨਾਲੋਂ ਬੰਦੇ ਬਣ ਲਿਆ ਜਾਵੇ। ਸਮਾਜ ‘ਚ ਗੰਦ ਪਾਉਣ ਨਾਲੋਂ ਗੰਦ ਸਾਫ਼ ਕਰਨ ਵਾਲ਼ਿਆਂ ‘ਚ ਸ਼ੁਮਾਰ ਹੋਈਏ। ਸਾਡੇ ਛੇ ਛੇ ਫੁੱਟੇ ਕੱਦ, ਮੋਢੇ ਡੱਬਾਂ ‘ਚ ਟੰਗੇ ਪਿਸਤੌਲ ਬੰਦੂਕਾਂ, ਫੁਕਰੀਆਂ ਕਿਸੇ ਕੰਮ ਨਹੀਂ ਕਿਉਂਕਿ ਕੁੱਤਾ ਵੀ ਪੂਛ ਮਾਰਕੇ, ਥਾਂ ਸਾਫ਼ ਕਰਕੇ ਬਹਿੰਦੈ। ਸ਼ਾਇਦ ਇਸੇ ਕਰਕੇ ਹੀ ਕਿਸੇ ਦੀ ਮੱਤ ਟਿਕਾਣੇ ਲਿਆਉਣ ਲਈ ਅਕਸਰ ਹੀ ਇਹੀ ਕਿਹਾ ਜਾਂਦੈ ਕਿ “ਤੈਨੂੰ ਮੈਂ ਬਣਾਉਨਾਂ ਬੰਦਾ”। ਸਿੱਧਾ ਜਿਹਾ ਮਤਲਬ ਮੁੜ ਇਹੀ ਐ ਕਿ ਅਸੀਂ ਅਜੇ ਬੰਦੇ ਵੀ ਨਹੀਂ ਬਣ ਸਕੇ।

-ਮਨਦੀਪ ਖੁਰਮੀ ਹਿੰਮਤਪੁਰਾ

Comment here