ਸਾਹਿਤਕ ਸੱਥਬਾਲ ਵਰੇਸ

ਚਲਾਕ ਬਾਂਦਰ ਤੇ ਦਿਓ

(ਲੋਕ ਕਹਾਣੀ)

ਇੱਕ ਬਾਂਦਰ ਬੜਾ ਚਲਾਕ ਸੀ। ਓਸ, ਬਾਂਦਰ ਨੇ ਮੱਕੀ ਦੇ ਦਾਣੇ ਭੁਨਾਏ। ਇੱਕ ਰਾਹੀ ਘੋੜੀ ਤੇ ਚੜ੍ਹਿਆ ਜਾ ਰਿਹਾ ਸੀ। ਘੋੜੀ ਵਾਲੇ ਨੂੰ ਤੱਕ ਕੇ ਓਸ ਬਾਂਦਰ ਨੇ ਕਿਹਾ, “ਮਾਮਾ, ਮਾਮਾ ਦਾਣੇ ਚੱਬ ਲੈ।
ਘੋੜੀ ਵਾਲੇ ਨਾਂਹ ਨੁੱਕਰ ਕੀਤੀ, “ਨਾ ਬਈ ਤੂੰ ਹੀ ਚੱਬ ਲੈ।”
“ਨਾ ਬਈ ਮਾਮਾ ਜਰੂਰ ਚੱਬ,” ਕਹਿੰਦੇ ਹੋਏ ਬਾਂਦਰ ਨੇ ਇੱਕ ਮੁੱਠੀ ਭਰੀ ਤੇ ਓਸ ਨੂੰ ਦੇ ਦਿੱਤੀ। ਜਦ ਘੋੜੀ ਵਾਲਾ ਦਾਣੇ ਚੱਬ ਚੁੱਕਿਆ ਤਾਂ ਬਾਂਦਰ ਬੋਲਿਆ, “ਮਾਮਾ ਮਾਮਾ ਘੋੜੀ ਤੇ ਚੜ੍ਹਾ ਲੈ।
“ਨਾ ਸਾਲਿਆ ਘੋੜੀ ਮਾਰਨੀ ਐਂ।”
“ਤਾਂ ਦੇ ਯਾਰ ਦੇ ਦਾਣੇ।”
ਘੋੜੀ ਵਾਲਾ ਉਲਟਾ ਫਸ ਗਿਆ। ਦਾਣੇ ਚੱਬ ਚੁੱਕਿਆ ਸੀ ਕਿਥੋਂ ਦਿੰਦਾ ਫੇਰ ਦਾਣੇ। ਓਸ ਨੇ ਬਾਂਦਰ ਨੂੰ ਘੋੜੀ ਤੇ ਚੜ੍ਹਾ ਲਿਆ।
ਰਸਤੇ ਵਿੱਚ ਬਾਂਦਰ ਨੂੰ ਇੱਕ ਬੁੱਢਾ ਨਸੁੱਕੜੇ ਦੀਆਂ ਢਾਈਆਂ ਦੀਆਂ ਰੱਸੀਆਂ ਵੱਟਦਾ ਵਿਖਾਈ ਦਿੱਤਾ। ਉਸ ਨੂੰ ਫੇਰ ਇਲਤ ਸੁੱਝੀ। ਉਹ ਘੜੀ ਵਾਲੇ ਨੂੰ ਬੋਲਿਆ,
“ਮਾਮਾ ਮਾਮਾ ਬੁੜ੍ਹੇ ਤੋਂ ਢਾਈਆਂ ਖੋਹ ਲਿਆਵਾਂ।”
“ਨਾ ਸਾਲਿਆ ਢਾਹੀਆਂ ਨਾਲ ਹੀ ਨੂੜ ਕੇ ਕੁੱਟੂਗਾ?”
“ਤਾਂ ਦੇ ਯਾਰ ਦੇ ਦਾਣੇ।”
“ਚੰਗਾ ਜਾਹ ਫੇਰ ਖੋਹ ਲਿਆ, ਮੈਨੂੰ ਕੀ।”
ਬਾਂਦਰ ਘੋੜੀ ਤੋਂ ਉਤਰਿਆ। ਮਲੂਕ ਦੇਣੇ ਪਿੱਛੋਂ ਦੀ ਹੋ ਬਾਂਦਰ ਨੇ ਬੁੜੇ ਨੂੰ ਕੇਸਾਂ ਤੋਂ ਫੜਿਆ, ਧੱਕਾ ਦਿੱਤਾ ਤੇ ਢਾਈਆਂ ਖੋਹ ਲਿਆਇਆ ਤੇ ਨੱਸ ਕੇ ਘੋੜੀ ਵਾਲੇ ਨਾਲ ਜਾ ਰਲਿਆ ਤੇ ਓਸ ਨੂੰ ਆਖਿਆ, “ਮਾਮਾ ਮਾਮਾ ਢਾਈਆਂ ਵੀ ਘੋੜੀ ਤੇ ਰਖਾ ਲੈ।”
“ਸਾਲਿਆ ਘੋੜੀ ਮਾਰਨੀ ਐਂ।”
“ਤਾਂ ਦੇ ਯਾਰ ਦੇ ਦਾਣੇ।”
ਓਸ ਨੇ ਹਾਰ ਕੇ ਢਾਈਆਂ ਵੀ ਘੋੜੀ ਤੇ ਰੱਖ ਲਈਆਂ।
ਅਜੇ ਥੋੜ੍ਹਾ ਹੀ ਪੈਂਡਾ ਤੁਰੇ ਸੀ ਬਾਂਦਰ ਨੂੰ ਖੂਹ ਵਗਦਾ ਵੇਖ ਕੇ ਇਲਤ ਸੁੱਝੀ। ਘੋੜੀ ਵਾਲੇ ਨੂੰ ਕਹਿਣ ਲੱਗਾ।”ਮਾਮਾ ਮਾਮਾ ਹਲਟ ਦੀ ਚੱਕਲੀ ਤੇ ਪਾਰਸਾ ਕੱਢ ਲਿਆਵਾਂ।”
“ਬਸ ਵੀ ਕਰ ਹੁਣ। ਜੱਟ ਪਰੈਣੀਆਂ ਨਾਲ ਛਿਲੜੀ ਉਧੇੜ ਦਊਗਾ ।”
“ਤਾਂ ਦੇ ਯਾਰ ਦੇ ਦਾਣੇ।”
“ਜਾਹ ਮਰ ਹੋ ਦਫੇ।”
ਬਾਂਦਰ ਘੋੜੀ ਤੋਂ ਉਤਰਿਆ ਤੇ ਜਾ ਕੇ ਜੱਟ ਨੂੰ ਆਖਣ ਲੱਗਾ, “ਜਾਹ ਤੂੰ ਸੌਂ ਜਾ, ਮੈਂ ਤੇਰੇ ਬਲਦ ਹੱਕ ਦੇਂਦਾ ਆਂ, ਤੂੰ ਸਾਰੇ ਦਿਨ ਦਾ ਥੱਕਿਆ ਹੋਏਂਗਾ।”
ਜੱਟ ਹੈ ਸੀ ਭੋਲਾ ਭਾਲਾ ਬਾਂਦਰ ਦੀਆਂ ਗੱਲਾਂ ਵਿੱਚ ਆ ਗਿਆ-ਥੱਕਿਆ ਹੋਣ ਕਰਕੇ ਓਸ ਨੂੰ ਨੀਂਦ ਛੇਤੀ ਹੀ ਆ ਗਈ। ਜੱਟ ਦੇ ਸੌਣ ਦੀ ਦੇਰ ਸੀ ਬਾਂਦਰ ਨੇ ਬਲਦ ਪਰੈਣੀਆਂ ਨਾਲ ਕੁੱਟ-ਕੁੱਟ ਕੇ ਇੰਨੇ ਜ਼ੋਰ ਦੀ ਭਜਾਏ ਕਿ ਹਲਟ ਹੀ ਪੁੱਟਿਆ ਗਿਆ। ਫੇਰ ਬਾਂਦਰ ਨੇ ਇੱਕ ਦਮ ਚਕਲੀ ਤੇ ਪਾਰਸਾ ਕੱਢਿਆ ਤੇ ਘੋੜੀ ਵਾਲੇ ਨਾਲ ਜਾ ਰਲਿਆ ਅਤੇ ਜਾਂਦਾ ਹੀ ਬੋਲਿਆ, “ਮਾਮਾ ਮਾਮਾ ਇਹ ਵੀ ਘੋੜੀ ਤੇ ਧਰਾ ਲੈ।”
“ਸਾਲਿਆ ਐਨੇ ਬੋਝ ਨਾਲ ਘੋੜੀ ਮਾਰਨੀ ਐਂ।”
“ਤਾਂ ਦੇ ਯਾਰ ਦੇ ਦਾਣੇ।”
ਘੋੜੀ ਵਾਲੇ ਨੇ ਮੁੱਠੀ ਭਰ ਦਾਣੇ ਕੀ ਖਾਧੇ ਇੱਕ ਨਵੀਂ ਬਲਾ ਆਪਣੇ ਗਲ ਚਮੇੜ ਲਈ। ਪਾਰਸਾ ਤੇ ਚਕਲੀ ਧਰਾ ਅੱਗੇ ਤੁਰ ਪਏ। ਅਜੇ ਥੋੜ੍ਹੀ ਦੀ ਦੂਰ ਗਏ ਸੀ ਉਹਨਾਂ ਨੂੰ ਇੱਕ ਕੁੜੀ ਸਿਰ ਉੱਤੇ ਲੱਸੀ ਦਾ ਝੱਕਰਾ ਤੇ ਉੱਤੇ ਰੋਟੀਆਂ ਲਈ ਆਉਂਦੀ ਵਖਾਈ ਦਿੱਤੀ। ਬਾਂਦਰ ਕਹਿਣ ਲੱਗਾ, “ਮਾਮਾ ਮਾਮਾ ਰੋਟੀਆਂ ਖੋਹ ਲਿਆਵਾਂ।”
“ਨਾ ਸਾਲਿਆ ਜੱਟ ਨਾਨੀ ਚੇਤੇ ਕਰਾ ਦੇਣ ਗੇ ਕੁੱਟ ਕੁੱਟ ਕੇ।
“ਤਾਂ ਦੇ ਯਾਰ ਦੇ ਦਾਣੇ।”
“ਜਾਹ ਹੋ ਦਫੇ, ਮੈਨੂੰ ਨੀ ਤੂੰ ਛੱਡਦਾ।”
ਬਾਂਦਰ ਕੁੜੀ ਕੋਲ ਗਿਆ। ਉਸ ਤੋਂ ਡਰਾ ਕੇ ਰੋਟੀਆਂ ਤੇ ਲੱਸੀ ਦਾ ਝੱਕਰਾ ਖੋਹ ਲਿਆ ਤੇ ਆ ਕੇ ਕਹਿਣ ਲੱਗਾ, “ਮਾਮਾ ਮਾਮਾ ਘੋੜੀ ਤੇ ਧਰਾ ਲੈ।”
“ਸਾਲਿਆ ਘੋੜੀ ਮਾਰਨੀ ਐਂ।”
“ਤਾਂ ਦੇ ਯਾਰ ਦੇ ਦਾਣੇ।”
ਘੋੜੀ ਵਾਲੇ ਨੇ ਉਹ ਵੀ ਉੱਪਰ ਹੀ ਰਖਾ ਲਈਆਂ। ਅੱਗੇ ਗਏ ਤਾਂ ਬਾਜੇ ਵਾਲੇ ਮਰਾਸੀ ਵੱਡੇ-ਵੱਡੇ ਢੋਲ ਚੁੱਕੀ ਆ ਰਹੇ ਸੀ। ਬਾਂਦਰ ਇਹਨਾਂ ਨੂੰ ਦੇਖ ਕੇ ਕਹਿਣ ਲੱਗਾ, “ਮਾਮਾ ਮਾਮਾ ਇਹਨਾਂ ਤੋਂ ਇੱਕ ਢੋਲ ਖੋਹ ਲਿਆਵਾਂ।
“ਨਾ ਸਾਲਿਆ ਡੱਗਿਆਂ ਨਾਲ ਈ ਕੁੱਟਣਗੇ।”
“ਤਾਂ ਦੇ ਯਾਰ ਦੇ ਦਾਣੇ।”
“ਚੰਗਾ ਜਾਹ।”
ਬਾਂਦਰ ਬਾਜੇ ਵਾਲਿਆਂ ਕੋਲ ਗਿਆ। ਨੇੜੇ ਹੀ ਇੱਕ ਬਾਹਣ ਸੀ। ਬਾਂਦਰ ਉਹਨਾਂ ਦੇ ਡਲੇ ਮਾਰਨ ਲੱਗ ਪਿਆ। ਉਹਨਾਂ ਨੇ ਢੋਲ ਧਰਤੀ ਤੇ ਰੱਖ ਦਿੱਤੇ ਤੇ ਬਾਂਦਰ ਮਗਰ ਨਸ ਪਏ। ਜਦ ਉਹ ਢੋਲ ਤੋਂ ਜ਼ਰਾ ਪਰੇ ਹੋਏ ਤਾਂ ਬਾਂਦਰ ਨੇ ਇੱਕ ਬੜੀ ਸਾਰੀ ਛਲਾਂਗ ਮਾਰੀ ਤੇ ਝਪਟ ਮਾਰਕੇ ਸਭ ਤੋਂ ਵੱਡਾ ਢੋਲ ਲੈ ਕੇ ਨੱਸ ਪਿਆ। ਉਹ ਦੇਖਦੇ ਹੀ ਰਹਿ ਗਏ। ਬਾਂਦਰ ਘੋੜੀ ਵਾਲੇ ਦੇ ਕੋਲ ਜਾ ਕੇ ਕਹਿਣ ਲੱਗਾ, “ਮਾਮਾ ਮਾਮਾ ਇਹ ਵੀ ਧਰਾ ਲੈ।
“ਸਾਲਿਆ ਰਹਿਮ ਕਰ ਘੋੜੀ ਤੇ, ਇਹ ਮਾਰ ਈ ਦੇਣੀ ਐਂ।”
“ਤਾਂ ਦੇ ਯਾਰ ਦੇ ਦਾਣੇ।”
ਢੋਲ ਵੀ ਉੱਪਰ ਹੀ ਰੱਖ ਲਿਆ। ਚਲੋ ਚਾਲ ਚਲਦੇ ਗਏ। ਹਨੇਰਾ ਹੋਣ ਵਾਲਾ ਸੀ। ਉਹ ਇੱਕ ਪਿੰਡ ਵਿੱਚ ਗਏ। ਇੱਕ ਕੁੜੀ ਖੂਹ ਤੇ ਪਾਣੀ ਭਰ ਰਹੀ ਸੀ। ਪਿੰਡ ਵਿੱਚ ਸਵਾਏ ਉਸ ਕੁੜੀ ਤੋਂ ਕਿਸੇ ਹੋਰ ਜੀ ਦੇ ਨਾ ਹੋਣ ਦਾ ਕਾਰਨ ਪੁੱਛਿਆ, ਕੁੜੀ ਬੋਲੀ, “ਭਾਈ ਏਥੇ ਇੱਕ ਦਿਓ ਰਹਿੰਦੈ, ਉਸ ਨੇ ਹੀ ਸਾਰਾ ਪਿੰਡ ਮਾਰ ਕੇ ਉਜਾੜ ਦਿੱਤੈ। ਮੈਨੂੰ ਉਹ ਕੁਝ ਨੀ ਆਂਹਦਾ। ਤੁਸੀਂ ਕਿਸੇ ਹੋਰ ਪਿੰਡ ਚਲੇ ਜਾਵੋ ਨਹੀਂ ਉਸ ਨੇ ਥੋਨੂੰ ਨੀ ਛੱਡਣਾ।
ਬਾਂਦਰ ਘੋੜੀ ਵਾਲੇ ਨੂੰ ਬੋਲਿਆ, “ਮਾਮਾ ਮਾਮਾ ਰਾਤ ਤਾਂ ਇੱਥੇ ਹੀ ਕੱਟਾਂਗੇ।”
“ਨਾ ਬਈ ਮੈਨੂੰ ਤਾਂ ਜਾਣ ਦੇ। ਤੂੰ ਹੀ ਰਹਿ ਏਥੇ ।”
“ਤਾਂ ਦੇ ਯਾਰ ਦੇ ਦਾਣੇ।”
ਫੇਰ ਓਹ ਏਥੇ ਹੀ ਰਹਿ ਪਏ। ਘੋੜੀ ਬੰਨ੍ਹ ਦਿੱਤੀ। ਬਾਕੀ ਦਾ ਸਮਾਨ ਲੈ ਕੇ ਉਹ ਦੋਨੋਂ ਦਿਓ ਵਾਲੇ ਕੋਠੇ ਦੀ ਛੱਤ ਤੇ ਜਾ ਚੜ੍ਹੇ।
ਹਨੇਰਾ ਹੋਏ ਤੇ ਦਿਓ ਘਰ ਆਇਆ। ਕੁੜੀ ਨੇ ਦਿਓ ਨੂੰ ਰੋਟੀ ਪਰੋਸੀ। ਜਦ ਦਿਓ ਰੋਟੀ ਖਾਣ ਲੱਗਾ ਤਾਂ ਬਾਂਦਰ ਨੇ ਘੋੜੀ ਵਾਲੇ ਨੂੰ ਕਿਹਾ,
“ਮਾਮਾ ਮਾਮਾ ਮੈਨੂੰ ਤਾਂ ਪਸ਼ਾਬ ਆਉਂਦੈ।”
“ਕਰ ਲੈ ਇੱਥੇ ਕਿਤੇ”
“ਮੈਂ ਤਾਂ ਮੋਘੇ ਥਾਈਂ ਕਰਨੈ।”
“ਸਾਲਿਆ ਦਿਓ ਨੂੰ ਪਤਾ ਲੱਗ ਜੂ।”
”ਤਾਂ ਦੇ ਯਾਰ ਦੋ ਦਾਣੇ।”
ਬਾਂਦਰ ਮੋਘੇ ਥਾਣੀ ਪਸ਼ਾਬ ਕਰਨ ਲੱਗ ਪਿਆ। ਦਿਓ ਦੀ ਥਾਲੀ ਵਿੱਚ ਪਸ਼ਾਬ ਦੇ ਛਿੱਟੇ ਪਏ ਤਾਂ ਬੋਲਿਆ, “ਆਹ ਕੀ ਐ।”
ਕੁੜੀ ਬੋਲੀ, “ਮੈਂ ਚਿੜੀਆਂ ਨੂੰ ਪੀਣ ਵਾਸਤੇ ਪਾਣੀ ਰਖ ਕੇ ਆਈ ਸੀ। ਉਹ ਡੁੱਲ੍ਹ ਗਿਆ ਹੋਊ।”
ਥੋੜ੍ਹੇ, ਚਿਰ ਮਗਰੋਂ ਬਾਂਦਰ ਫੇਰ ਕਹਿਣ ਲੱਗਾ, “ਮਾਮਾ, ਮਾਮਾ ਰੋਣੇ ਨੂੰ ਦਿਲ ਕਰਦੈ।”
“ਸਾਲਿਆ ਤੂੰ ਨੀ ਅੱਜ ਛੱਡਦਾ।”
“ਤਾਂ ਦੇ ਯਾਰ ਦੇ ਦਾਣੇ।”
“ਚੰਗਾ ਮਰਾ ਦੇ ਸਾਲਿਆ।”
ਬਾਂਦਰ ਰੋਣ ਲੱਗ ਪਿਆ। ਦਿਓ ਨੂੰ ਫੇਰ ਵੀ ਪਤਾ ਨਾ ਲੱਗਿਆ। ਬਾਂਦਰ ਫੇਰ ਕਹਿਣ ਲੱਗਾ, “ਮਾਮਾ ਮਾਮਾ ਢੋਲ ਵਜਾਉਣ ਨੂੰ ਚਿੱਤ ਕਰਦੈ।”
“ਸਾਲਿਆ ਬਸ ਕਰ, ਕਿਉਂ ਮੇਰੇ ਮਗਰ ਪਿਐਂ ।”
“ਤਾਂ ਦੇ ਯਾਰ ਦੇ ਦਾਣੇ।”
“ਜੀ ਆਈ ਕਰ, ਮੈਨੂੰ ਕੀ ਪੁਛਦੈਂ?”
ਬਾਂਦਰ ਨੇ ਢੋਲ ਚੁੱਕਿਆ ਤੇ ਢੋਲ ਵਜਾਉਣ ਲੱਗ ਪਿਆ। ਢੋਲ ਬਜਾਉਂਦਾ ਬਜਾਉਂਦਾ ਉਹ ਕੋਠੇ ਦੇ ਬਨੇਰੇ ਤੇ ਆ ਖੜ੍ਹਾ ਹੋਇਆ।
ਦਿਓ ਅੰਦਰੋਂ ਨਿਕਲਿਆ ਤੇ ਕੜਕ ਕੇ ਬੋਲਿਆ, “ਤੂੰ ਕੌਣ ?”
“ਤੂੰ ਕੌਣ ?”
“ਮੈਂ ਦਿਓ ।”
“ਮੈਂ ਦਿਓ ਦਾ ਵੀ ਪਿਓ।”
“ਸੁੱਟ ਨਿਸ਼ਾਨੀ”
ਸਭ ਤੋਂ ਪਹਿਲਾਂ ਬਾਂਦਰ ਨੇ ਲੰਮੀਆਂ ਲੰਮੀਆਂ ਢਾਈਆਂ ਸੁੱਟੀਆਂ ਤੇ ਆਖਿਆ, “ਦੇਖ ਮੇਰੇ ਕੇਸ।”
“ਹੋਰ ਸੁੱਟ”
ਬਾਂਦਰ ਨੇ ਫੇਰ ਢੋਲ ਸੁੱਟਿਆ ਜਿਹੜਾ ਓਸ ਨੇ ਬਾਜੇ ਵਾਲਿਆਂ ਪਾਸੋਂ ਖੋਹਿਆ ਸੀ, ਦੇਖ ਮੇਰੇ ਸਾਜ ?”
ਦਿਓ ਨੇ ਹੋਰ ਨਿਸ਼ਾਨੀ ਮੰਗੀ, “ਕੋਈ ਹੋਰ ਨਿਸ਼ਾਨੀ।”
ਚਕਲੀ ਤੇ ਪਾਰਸਾ ਸੁੱਟ ਕੇ ਬਾਂਦਰ ਨੇ ਆਖਿਆ, “ਵੇਖ ਮੇਰੇ ਦੰਦ ਤੇ ਜੀਭ”
ਦਿਓ ਦੰਦ ਅਤੇ ਜੀਭ ਵੇਖ ਕੇ ਡਰ ਗਿਆ। ਉਹਦੇ ਬੋਲ ਥਿੜਕ ਪਏ। ਲੱਤਾਂ ਕੰਬਣ ਲੱਗ ਪਈਆਂ। ਓਹ ਫੇਰ ਬੋਲਿਆ, “ਕੋਈ ਹੋਰ ਨਿਸ਼ਾਨੀ।”
ਗਾੜ੍ਹੀ ਲੱਸੀ ਡੋਲ੍ਹਦਿਆਂ ਬਾਂਦਰ ਗਰਜਿਆ, “ਵੇਖ ਮੇਰਾ ਥੁੱਕ।”
ਥੁੱਕ ਵੇਖਦਿਆਂ ਸਾਰ ਹੀ ਦਿਓ ਮੂਹਰੇ ਮੂਹਰੇ ਨੱਸ ਪਿਆ।
ਓਸ ਦਿਨ ਤੋਂ ਉਹ ਮੁੜ ਕੇ ਨੀ ਆਇਆ। ਬਾਂਦਰ, ਕੁੜੀ ਤੇ ਘੋੜੀ ਵਾਲਾ ਹੁਣ ਉਸ ਪਿੰਡ ਵਿੱਚ ਬੜੇ ਖ਼ੁਸ਼-ਖ਼ੁਸ਼ ਰਹਿਣ ਲੱਗ ਪਏ।
-ਸੁਖਦੇਵ ਮਾਦਪੁਰੀ

Comment here