ਸਿਆਸਤਖਬਰਾਂ

ਚਰਨਜੀਤ ਸਿੰਘ ਚੰਨੀ ਪੰਜਾਬ ਦੇ ਨਵੇਂ ਮੁੱਖ ਮੰਤਰੀ

ਵਿਸ਼ੇਸ਼ ਰਿਪੋਰਟ-ਜਸਪਾਲ ਸਿੰਘ

ਪੰਜਾਬ ਦੇ ਇਤਿਹਾਸ ਵਿੱਚ ਪਹਿਲਾ ਦਲਿਤ ਮੁੱਖ ਮੰਤਰੀ ਬਣ ਗਿਆ ਹੈ।  ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਮਗਰੋਂ ਲਗਾਤਾਰ ਮੀਟਿੰਗਾਂ ਦੇ ਚਲੇ ਦੌਰ ਤੋਂ ਬਾਅਦ ਆਖਰ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਦੇ ਮੋਢਿਆਂ ਤੇ ਸਰਕਾਰ ਦੇ ਰਹਿੰਦੇ ਛੇ ਮਹੀਨਿਆਂ ਦੇ ਕਾਰਜਕਾਲ ਲਈ ਮੁਖ ਮੰਤਰੀ ਦੀ ਜ਼ਮੇਵਾਰੀ ਪਾਈ ਗਈ ਹੈ। ਤੇ ਕੈਪਟਨ ਨੇ ਵੀ ਚਰਨਜੀਤ ਚੰਨੀ ਨੂੰ ਵਧਾਈ ਤੇ ਸ਼ੁਭ ਕਾਮਨਾਵਾਂ ਦਿਤੀਆਂ ਹਨ। ਗਵਰਨਰ ਹਾਊਸ ਦੇ ਬਾਹਰ ਚੰਨੀ ਦੇ ਸਮਰਥਕਾਂ ਨੇ ਖੂਬ ਭੰਗੜੇ ਪਾਏ.. ਢੋਲ ਢਮਕੇ ਨਾਲ ਖੁਸ਼ੀ ਮਨਾਈ ਗਈ। ਚੰਨੀ ਤੋਂ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਤਕਰੀਬਨ ਤਕਰੀਬਨ ਮੁਖ ਮੰਤਰੀ ਵਜੋਂ ਤੈਅ ਹੋ ਗਿਆ ਸੀ, ਰੰਧਾਵਾ ਦੇ ਹਲਕੇ ਚ ਤਾਂ ਆਤਿਸ਼ਬਾਜੀ ਵੀ ਚਲ ਪਈ, ਪਰ ਫੇਰ ਅਚਾਨਕ ਹੀ ਖਬਰ ਆਈ ਕਿ ਕੁਝ ਵਿਧਾਇਕ ਰੰਧਾਵਾ ਦੇ ਨਾਮ ਤੇ ਸਹਿਮਤ ਨਹੀੰ, ਉਸ ਮਗਰੋੰ ਚੰਨੀ ਦਾ ਨਾਮ ਐਲਾਨ ਦਿਤਾ ਗਿਆ। ਇਥੋਂ ਤਕ ਕਿ ਇਹ ਵੀ ਖਬਰ ਆਈ ਸੀ ਕਿ  ‘ਵਿਕੀਪੀਡੀਆ’ ਨੇ ਵੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਐਲਾਨ ਦਿੱਤਾ ਸੀ। ਕੁਝ ਚਿਰ ਲਈ ਗੂਗਲ ’ਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਸਰਚ ਕਰਨ ’ਤੇ ‘ਵਿਕੀਪੀਡੀਆ’ ’ਤੇ ਰੰਧਾਵਾ ਦੇ ਨਾਂ ਨਾਲ ‘ਕਰੰਟ ਚੀਫ ਮਨਿਸਟਰ ਆਫ਼ ਪੰਜਾਬ’ ਲਿਖਿਆ ਆਇਆ। ਰੰਧਾਵਾ ਦੇ ਘਰ ਦੇ ਬਾਹਰ ਵਿਧਾਇਕਾਂ ਦਾ ਤਾਂਤਾ ਵੀ ਲੱਗਾ ਰਿਹਾ। ਸੁਨੀਲ ਜਾਖੜ ਦਾ ਨਾਮ ਵੀ ਚਰਚਾ ਚ ਰਿਹਾ, ਅੰਬਿਕਾ ਸੋਨੀ ਨੂੰ ਤਾਂ ਹਾਈਕਮਾਂਡ ਨੇ ਸੀ ਐਮ ਅਹੁਦਾ ਆਫਰ ਕੀਤਾ ਪਰ ਉਹਨਾਂ ਸਾਫ ਮਨਾ ਕੀਤਾ ਤੇ ਕਿਹਾ ਕਿ ਕਿਸੇ ਸਿੱਖ ਨੂੰ ਹੀ ਪੰਜਾਬ ਦਾ ਮੁਖ ਮੰਤਰੀ ਬਣਾਇਆ ਜਾਵੇ। ਦੋ ਕੁ ਦਿਨ ਚ ਪੰਜਾਬ ਦੀ ਸਿਆਸਤ ਖਾਸ ਕਰੇਕ ਕਾਂਗਰਸ ਚ ਕਾਫੀ ਕੁਝ ਬਲਦਿਆ।

ਕੈਪਟਨ ਅਮਰਿੰਦਰ ਸਿੰਘ ਵਲੋਂ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੱਧੂ ’ਤੇ ਜ਼ੁਬਾਨੀ ਹਮਲੇ ਕੀਤੇ ਗਏ, ਨਾਕਾਬਿਲ ਇਨਸਾਨ ਦਸਿਆ, ਦੇਸ਼ ਲਈ ਖਤਰਾ ਦਸਿਆ, ਪਾਕਿਸਤਾਨ ਦੇ ਪਰਧਾਨ ਮੰਤਰੀ ਤੇ ਫੌਜ ਮੁਖੀ ਦਾ ਦੋਸਤ ਦੱਸ ਕੇ ਰਾਸ਼ਟਰ ਲਈ ਖਤਰੇ ਦੇ ਸੰਕੇਤ ਦਿਤੇ। ਇਸ ਮਗਰੋਂ  ਸਿੱਧੂ ਦੇ ਰਣਨੀਤਕ ਸਲਾਹਕਾਰ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ ਨੇ ਕੈਪਟਨ ’ਤੇ ਹੱਲਾ ਬੋਲਿਆ, ਕਿਹਾ ਹੈ ਕਿ ਤੁਸੀਂ 14 ਸਾਲ ਤੋਂ ਆਈ. ਐੱਸ. ਆਈ. ਏਜੰਟ ਦੇ ਨਾਲ ਰਹਿ ਰਹੇ ਹੋ। ਮੇਰਾ ਮੂੰਹ ਨਾ ਖੁਲ੍ਹਵਾਓ। ਅਸੀਂ ਪਰਿਵਾਰਕ ਦੋਸਤ ਰਹੇ ਹਾਂ, ਇਸ ਲਈ ਮੇਰੇ ਕੋਲ ਬੋਲਣ ਲਈ ਬਹੁਤ ਕੁੱਝ ਹੈ। ਮੁਸਤਫਾ ਕੈਪਟਨ ਦੀ ਪਾਕਿਸਤਾਨੀ ਮਹਿਲਾ ਪੱਤਰਕਾਰ ਨਾਲ ਦੋਸਤੀ ਨੂੰ ਲੈ ਕੇ ਸ਼ਬਦੀ ਹਮਲੇ ਕਰ ਰਹੇ ਹਨ।ਮੁਸਤਫਾ ਨੇ ਟਵੀਟ ਰਾਹੀਂ ਕਿਹਾ ਹੈ ਕਿ ਉਹ ਜਾਣਦੇ ਹਨ ਕਿ ਕੈਪਟਨ ਮੂੰਹ ’ਤੇ ਹੀ ਝੂਠ ਬੋਲਣ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ’ਤੇ ਤੁਸੀਂ ਹਰ ਤਰ੍ਹਾਂ ਦਾ ਸਿਆਸੀ ਹਮਲਾ ਕਰ ਸਕਦੇ ਹੋ ਪਰ ਉਨ੍ਹਾਂ ਦੀ ਦੇਸ਼ ਭਗਤੀ ਅਤੇ ਰਾਸ਼ਟਰਭਗਤੀ ਨੂੰ ਚੁਣੌਤੀ ਨਾ ਦਿਓ। ਮੁਸਤਫਾ ਨੇ ਕੈਪਟਨ ਦੀ ਪਾਕਿ ਪੱਤਰਕਾਰ ਦੋਸਤ ਦੇ ਸਰਕਾਰ ਦੇ ਕੰਮਕਾਜ ਵਿਚ ਦਖਲਅੰਦਾਜ਼ੀ ਦਾ ਵੀ ਦੋਸ਼ ਲਗਾਇਆ ਤੇ ਪੁਰਾਣਾ ਗੀਤ ‘ਰਾਜ਼ ਕੋ ਰਾਜ਼ ਰਹਿਨੇ ਦੋ’ ਵੀ ਸਾਂਝਾ ਕੀਤਾ। ਭਾਜਪਾ ਆਗੂ ਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਦੇਸ਼ ਵਿਰੋਧੀ ਦੱਸਣ ਵਾਲੇ ਬਿਆਨ ’ਤੇ ਕਾਂਗਰਸ ਨੂੰ ਆਪਣਾ ਰੁਖ ਸਪੱਸ਼ਟ ਕਰਨ ਲਈ ਕਿਹਾ ਹੈ। ਜਾਵਡੇਕਰ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਦੋਸ਼ ਹੈ। ਭਾਜਪਾ ਕਾਂਗਰਸ ਤੋਂ ਸਿਰਫ਼ ਇਕ ਹੀ ਸਵਾਲ ਪੁੱਛ ਰਹੀ ਹੈ ਕਿ ਸੋਨੀਆ, ਰਾਹੁਲ ਅਤੇ ਪ੍ਰਿਯੰਕਾ ਇਸ ’ਤੇ ਚੁੱਪ ਕਿਉਂ ਹਨ?’’ ਅਸੀਂ ਕਾਂਗਰਸ ਨੂੰ ਇਸ ਮੁੱਦੇ ’ਤੇ ਬੋਲਣ ਅਤੇ ਆਪਣਾ ਪੱਖ ਰੱਖਣ ਦੀ ਮੰਗ ਕਰਦੇ ਹਾਂ। ਕੀ ਕਾਂਗਰਸ ਇਨ੍ਹਾਂ ਦੋਸ਼ਾਂ ’ਤੇ ਨੋਟਿਸ ਲੈ ਕੇ ਕਾਰਵਾਈ ਕਰੇਗੀ?’’

ਕੈਪਟਨ ਵੱਲੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਉਨ੍ਹਾਂ ਦੀ ‘ਸਲਾਹਕਾਰ ਫੌਜ’ ਨੇ ਵੀ ਧੜਾਧੜ ਅਸਤੀਫੇ ਦੇ ਦਿੱਤੇ। ਚੀਫ ਪ੍ਰਮੁੱਖ ਸਕੱਤਰ ਰਹੇ ਸੁਰੇਸ਼ ਕੁਮਾਰ ਨੇ ਅਹੁਦਾ ਛੱਡ ਦਿੱਤਾ। ਰਵੀਨ ਠੁਕਰਾਲ ਨੇ ਵੀ ਮੁੱਖ ਮੰਤਰੀ ਦੇ ਸਲਾਹਕਾਰ ਵਜੋਂ ਅਸਤੀਫਾ ਦੇ ਦਿੱਤਾ। ਐਡਵੋਕੇਟ ਜਨਰਲ ਅਤੁਲ ਨੰਦਾ ਨੇ ਵੀ ਅਸਤੀਫ਼ਾ ਦੇ ਦਿੱਤਾ। ਸੰਦੀਪ ਸੰਧੂ ਨੇ ਤਾਂ ਸਭ ਤੋਂ ਪਹਿਲਾਂ ਅਹੁਦਾ ਛਡਿਆ।
ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਦੇ ਲੋਕਾਂ ਨੂੰ ਉਨ੍ਹਾਂ ਦੇ ਅਸਤੀਫ਼ਾ ਦੇਣ ਦਾ ਕੋਈ ਮਲਾਲ ਨਹੀਂ ਹੈ। ਪਿੰਡ ਦੇ ਬਹੁਤੇ ਲੋਕਾਂ ਦਾ ਕਹਿਣਾ ਹੈ ਕਿ ਚੰਗਾ ਹੋਇਆ ਮਹਾਰਾਜਾ ਸਾਹਿਬ ਨੇ ਅਸਤੀਫ਼ਾ ਦੇ ਦਿੱਤਾ, ਜਿਹੜਾ ਆਪਣੇ ਪਿੰਡ ਵਾਸਤੇ ਕੁਝ ਨਹੀਂ ਕਰ ਸਕਦਾ, ਉਸ ਤੋਂ ਪੰਜਾਬ ਦੇ ਭਲੇ ਦੀ ਕੀ ਆਸ ਕੀਤੀ ਜਾ ਸਕਦੀ ਸੀ । ਬਹੁਤੇ ਲੋਕਾਂ ਨੂੰ ਕੈਪਟਨ ਦੇ ਅਸਤੀਫ਼ੇ ਦਾ ਕੋਈ ਅਫ਼ਸੋਸ ਨਹੀਂ। ਉਨ੍ਹਾਂ ਰੋਸ ਜਤਾਇਆ ਕਿ ਪਿਛਲੇ ਕਾਰਜਕਾਲ ਵਿਚ ਮੁੱਖ ਮੰਤਰੀ ਹੁੰਦਿਆਂ ਵੀ ਕੈਪਟਨ ਨੇ ਮਹਿਰਾਜ ਪਿੰਡ ਲਈ ਕੁਝ ਨਹੀਂ ਕੀਤਾ। ਦੂਜੇ ਪਿੰਡਾਂ ਦੇ ਲੋਕ ਸਾਡਾ ਮਜ਼ਾਕ ਉਡਾਉਂਦੇ ਸਨ ਕਿ ਤੁਹਾਡੇ ਪਿੰਡ ਦਾ ਮੁੱਖ ਮੰਤਰੀ ਹੈ , ਫਿਰ ਵੀ ਤੁਹਾਡੇ ਪਿੰਡ ਦੀ ਸਥਿਤੀ ਬਦ ਤੋਂ ਬਦਤਰ ਹੈ। ਹੁਣ ਵੀ ਪਿਛਲੇ ਸਾਢੇ ਚਾਰ ਸਾਲਾਂ ਤੋਂ ਮਹਿਰਾਜ ਪਿੰਡ ਦੀ ਕੋਈ ਮੰਗ ਨਹੀਂ ਮੰਨੀ ਗਈ। ਪਿੰਡ ਮਹਿਰਾਜ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਹੈ। ਉਨ੍ਹਾਂ ਸਾਲ 2017 ‘ਚ ਵਿਧਾਨ ਸਭਾ ਲਈ ਚੋਣ ਮੁਹਿੰਮ ਦੀ ਸ਼ੁਰੂਆਤ ਇਸ ਪਿੰਡ ‘ਚੋਂ ਆਪਣੇ ਵੱਡੇ ਵਡੇਰਿਆਂ ਦੀ ਸਮਾਧ ‘ਤੇ ਮੱਥਾ ਟੇਕ ਕੇ ਕੀਤੀ ਸੀ। ਚੋਣਾਂ ਜਿੱਤਣ ਬਾਅਦ ਜਲਦੀ ਪਿੰਡ ਆਉਣ ਦਾ ਵਾਅਦਾ ਕੀਤਾ ਸੀ ਪਰ ਕਈ ਸਾਲਾਂ ਦੀ ਉਡੀਕ ਬਾਅਦ ਕੈਪਟਨ ਕਰਜ਼ ਮਾਫ਼ੀ ਸਮੇਂ ਹੋਏ ਸਮਾਗਮ ਦੌਰਾਨ ਹੀ ਆਏ ਸਨ ਪਰ ਉਹ ਪਿੰਡ ਦੇ ਕਿਸੇ ਵੀ ਬਸ਼ਿੰਦੇ ਨੂੰ ਨਹੀ ਮਿਲੇ, ਜਿਸ ਕਰਕੇ ਪਿੰਡ ਦੇ ਲੋਕਾਂ ਚ ਉਹਨਾਂ ਪ੍ਰਤੀ ਨਰਾਜ਼ਗੀ ਹੈ

ਅਸਤੀਫਿਆਂ ਦਾ ਇਤਿਹਾਸ

ਵੈਸੇ ਕੈਪਟਨ ਅਮਰਿੰਦਰ ਦੇ ਸਿਆਸੀ ਸਫਰ ‘ਤੇ ਨਿਗ੍ਹਾ ਮਾਰੀਏ ਤਾਂ ਉਨ੍ਹਾਂ ਨੇ ਕਈ ਵਾਰ ਅਸਤੀਫਾ ਦੇ ਕੇ ਵੱਡਾ ਧਮਾਕਾ ਕੀਤਾ ਹੈ। ਉਨ੍ਹਾਂ ਨੇ ਪਹਿਲਾ ਅਸਤੀਫ਼ਾ 1984 ’ਚ ਹਰਿਮੰਦਰ ਸਾਹਿਬ ’ਤੇ ਹੋਏ ਫੌਜੀ ਹਮਲੇ ਖ਼ਿਲਾਫ਼ ਦਿੱਤਾ ਸੀ। ਉਦੋਂ ਉਹ 1980 ਤੋਂ ਪਟਿਆਲਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਸਨ ਪਰ ਆਪਣੀ ਹੀ ਪਾਰਟੀ ਦੀ ਕੇਂਦਰ ਸਰਕਾਰ ਦੀ ਅਧੀਨਗੀ ’ਚ ਹੋਏ ਇਸ ਹਮਲੇ ਦੇ ਰੋਸ ਵਜੋਂ ਉਨ੍ਹਾਂ ਨਾ ਸਿਰਫ਼ ਲੋਕ ਸਭਾ ਬਲਕਿ ਕਾਂਗਰਸ ਦੀ ਮੁਢਲੀ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਇਸ ਮਗਰੋਂ ਉਹ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ ਤੇ 1985 ’ਚ ਤਲਵੰਡੀ ਸਾਬੋ ਤੋਂ ਅਕਾਲੀ ਦਲ ਦੇ ਵਿਧਾਇਕ ਬਣੇ ਤੇ ਬਰਨਾਲਾ ਸਰਕਾਰ ’ਚ ਕੈਬਨਿਟ ਮੰਤਰੀ ਬਣੇ। ਅਪਰੈਲ 1986 ’ਚ ਹੋਏ ਬਲੈਕ ਥੰਡਰ ਦੇ ਰੋਸ ਵਜੋਂ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਫੇਰ 2014 ’ਚ ਅੰਮ੍ਰਿਤਸਰ ਤੋਂ ਕਾਂਗਰਸ ਤਰਫ਼ੋਂ ਲੋਕ ਸਭਾ ਮੈਂਬਰ ਚੁਣੇ ਜਾਣ ’ਤੇ ਉਨ੍ਹਾਂ ਪਟਿਆਲਾ ਸ਼ਹਿਰੀ ਹਲਕੇ ਦੇ ਵਿਧਾਇਕ ਵਜੋਂ ਅਸਤੀਫ਼ਾ ਦੇ ਦਿੱਤਾ ਸੀ ਜਿਸ ਮਗਰੋਂ ਹੋਈ ਜਿਮਨੀ ਚੋਣ ਦੌਰਾਨ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਪਟਿਆਲਾ ਤੋਂ ਵਿਧਾਇਕ ਚੁਣੇ ਗਏ ਸਨ। ਫੇਰ  2017 ’ਚ ਮੁੜ ਪਟਿਆਲਾ ਤੋਂ ਵਿਧਾਇਕ ਚੁਣੇ ਜਾਣ ’ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੰਮ੍ਰਿਤਸਰ ਦੇ ਸੰਸਦ ਮੈਂਬਰ ਵਜੋਂ ਅਸਤੀਫ਼ਾ ਦੇ ਦਿੱਤਾ ਸੀ।

ਇਹ ਵੀ ਚਰਚਾ ਹੋ ਰਹੀ ਹੈ ਕਿ 1966 ’ਚ ਪੰਜਾਬ ਦੇ ਵੱਖਰਾ ਸੂਬਾ ਬਣਨ ਤੋਂ ਲੈ ਕੇ ਹੁਣ ਤੱਕ ਕੈਪਟਨ ਅਮਰਿੰਦਰ ਸਿੰਘ 11ਵੇਂ ਅਜਿਹੇ ਮੁੱਖ ਮੰਤਰੀ ਹਨ, ਜੋ ਆਪਣਾ ਪੰਜ ਸਾਲਾਂ ਦਾ ਕਾਰਜਕਾਲ ਮੁਕੰਮਲ ਕਰਨ ਵਿਚ ਨਾਕਾਮ ਰਹੇ ਹਨ। ਕਾਂਗਰਸ ਦੇ ਗਿਆਨੀ ਗੁਰਮੁਖ ਸਿੰਘ ਮੁਸਾਫਿਰ 1 ਨਵੰਬਰ 1966 ਤੋਂ 8 ਮਾਰਚ 1967 ਤੱਕ 127 ਦਿਨਾਂ ਤੱਕ  ਮੁੱਖ ਮੰਤਰੀ ਰਹੇ ਸਨ। ਉਨ੍ਹਾਂ ਦੇ ਉੱਤਰਾਧਿਕਾਰੀ ਅਕਾਲੀ ਦਲ-ਸੰਤ ਫਤਿਹ ਸਿੰਘ ਧੜੇ ਦੇ ਗੁਰਨਾਮ ਸਿੰਘ 262 ਦਿਨਾਂ ਤੱਕ ਮੁੱਖ ਮੰਤਰੀ ਰਹੇ ਸਨ। ਪੰਜਾਬ ਜਨਤਾ ਪਾਰਟੀ ਦੇ ਮੁੱਖ ਮੰਤਰੀ ਲਛਮਣ ਸਿੰਘ ਗਿੱਲ 272 ਦਿਨਾਂ ਤੱਕ ਅਹੁਦੇ ’ਤੇ ਰਹੇ ਸਨ। ਉਨ੍ਹਾਂ ਦੇ ਅਸਤੀਫੇ ਕਾਰਨ ਰਾਜ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਸੀ। ਗੁਰਨਾਮ ਸਿੰਘ 17 ਫਰਵਰੀ, 1969 ਨੂੰ ਮੁੱਖ ਮੰਤਰੀ ਵਜੋਂ ਪਰਤੇ ਤੇ ਇੱਕ ਸਾਲ 38 ਦਿਨਾਂ ਤੱਕ ਅਹੁਦੇ ‘ਤੇ ਰਹੇ। ਸ਼੍ਰੋਮਣੀ ਅਕਾਲੀ ਦਲ ਵਿੱਚ ਬਗਾਵਤ ਕਾਰਨ ਉਨ੍ਹਾਂ ਨੂੰ 27 ਮਾਰਚ 1970 ਨੂੰ ਆਪਣਾ ਅਹੁਦਾ ਛੱਡਣਾ ਪਿਆ ਸੀ। ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਅਹੁਦਾ ਸੰਭਾਲਿਆ, ਉਹ ਵੀ ਸਿਰਫ ਇੱਕ ਸਾਲ ਤੇ 79 ਦਿਨਾਂ ਤੱਕ ਮੁੱਖ ਮੰਤਰੀ ਰਹਿ ਸਕੇ ਸਨ। ਉਨ੍ਹਾਂ ਨੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਕਾਰਨ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਰਾਸ਼ਟਰਪਤੀ ਰਾਜ 277 ਦਿਨਾਂ ਤੱਕ ਚੱਲਿਆ। ਕਾਂਗਰਸ ਦੇ ਗਿਆਨੀ ਜ਼ੈਲ ਸਿੰਘ, ਦੀ ਸਰਕਾਰ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੋ ਸਾਲ ਅਤੇ 242 ਦਿਨ ਇਸ ਅਹੁਦੇ ‘ਤੇ ਰਹੇ। ਫੇਰ ਪੰਜਾਬ 110 ਦਿਨਾਂ ਲਈ ਰਾਸ਼ਟਰਪਤੀ ਰਾਜ ਦੇ ਅਧੀਨ ਆਇਆ, ਇਸ ਤੋਂ ਬਾਅਦ ਕਾਂਗਰਸ ਦੇ ਦਰਬਾਰਾ ਸਿੰਘ ਤਿੰਨ ਸਾਲ ਤੇ 122 ਦਿਨ ਮੁਖ ਮੰਤਰੀ ਰਹੇ। ਫੇਰ ਰਾਸ਼ਟਰਪਤੀ ਰਾਜ ਲਗਿਆ, ਜੋ ਇੱਕ ਸਾਲ  358 ਦਿਨਾਂ ਚਲਿਆ। ਫੇਰ ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਪਰ ਉਹ ਵੀ ਇੱਕ ਸਾਲ 255 ਦਿਨਾਂ ਹੀ ਅਹੁਦੇ ਤੇ ਰਹਿ ਸਕੇ। ਕਾਂਗਰਸ ਦੇ ਅਗਲੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਹੋ ਗਈ, ਉਨ੍ਹਾਂ ਦਾ ਕਾਰਜਕਾਲ ਤਿੰਨ ਸਾਲ ਅਤੇ 187 ਦਿਨਾਂ ਰਿਹਾ,  ਉਨ੍ਹਾਂ ਦੇ ਉੱਤਰਾਧਿਕਾਰੀ ਹਰਚਰਨ ਸਿੰਘ ਬਰਾੜ ਇੱਕ ਸਾਲ  82 ਦਿਨਾਂ ਲਈ ਮੁੱਖ ਮੰਤਰੀ ਰਹੇ। ਉਹਨਾਂ ਦੇ ਅਸਤੀਫੇ ਤੋਂ ਬਾਅਦ, ਰਾਜਿੰਦਰ ਕੌਰ ਭੱਠਲ ਨੇ ਰਾਜ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਵਜੋਂ ਆਈ ਤੇ 82 ਦਿਨਾਂ ਤੱਕ ਅਹੁਦੇ ਤੇ ਰਹੀ। ਫੇਰ ਪ੍ਰਕਾਸ਼ ਸਿੰਘ ਬਾਦਲ ਨੇ 1997-2002 ਤੇ 2007-17 ਦੇ ਤਿੰਨ ਪੂਰੇ ਕਾਰਜਕਾਲ ਪੂਰੇ ਕੀਤੇ , ਕੈਪਟਨ ਅਮਰਿੰਦਰ ਨੇ (2002-07) ਦਾ ਕਾਰਜਕਾਲ  ਪੂਰਾ ਕੀਤਾ। ਤੇ  ਉਨ੍ਹਾਂ ਦੇ ਅਸਤੀਫੇ ਨਾਲ ਉਨ੍ਹਾਂ ਦਾ ਦੂਜਾ ਮੁਖ ਮੰਤਰੀ ਦਾ ਕਾਰਜਕਾਲ ਚਾਰ ਸਾਲ 185 ਦਿਨਾਂ ਬਾਅਦ ਸਮਾਪਤ ਹੋ ਗਿਆ।

 

 

 

Comment here