ਕਾਂਗਰਸ ਪਾਰਟੀ ਵੱਲੋਂ ਇੱਕ ਦਲਿਤ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੈ | ਨਵੇਂ ਮੁੱਖ ਮੰਤਰੀ ਕੋਲ ਕੰਮ ਕਰਨ ਲਈ ਸਿਰਫ਼ ਪੰਜ ਮਹੀਨੇ ਹਨ | ਇੰਨੇ ਥੋੜ੍ਹੇ ਸਮੇਂ ਵਿੱਚ ਉਹ ਲੋਕਾਂ ਨੂੰ ਰਾਹਤ ਦੇਣ ਵਾਲੇ ਕਿੰਨੇ ਕੁ ਕਦਮ ਚੁੱਕ ਲਵੇਗਾ, ਇਹ ਭਵਿੱਖ ਦੀ ਬੁੱਕਲ ਵਿੱਚ ਹੈ, ਪਰ ਇਸ ਨਿਯੁਕਤੀ ਦੇ ਸਮਾਜਕ ਮਾਇਨੇ ਬਹੁਤ ਵੱਡੇ ਹਨ |
ਹਰਿਆਣਾ ਤੇ ਹਿਮਾਚਲ ਦੇ ਕੁਝ ਹਿੱਸੇ ਕੱਟ ਦੇਣ ਬਾਅਦ ਬਚੇ ਪੰਜਾਬ ਵਿੱਚ ਗਿਆਨੀ ਜ਼ੈਲ ਸਿੰਘ ਨੂੰ ਛੱਡ ਕੇ ਕਦੇ ਕਿਸੇ ਸੋਚਿਆ ਵੀ ਨਹੀਂ ਸੀ ਕਿ ਇੱਥੇ ਜੱਟ ਭਾਈਚਾਰੇ ਤੋਂ ਬਾਹਰਲਾ ਵੀ ਕੋਈ ਮੁੱਖ ਮੰਤਰੀ ਬਣ ਸਕਦਾ ਹੈ | ਪੰਜਾਬ ਦੇ ਜੱਟ ਤਾਂ ਆਪਣੇ ਤੋਂ ਬਿਨਾਂ ਕਿਸੇ ਨੂੰ ਸਿੱਖ ਵੀ ਨਹੀਂ ਸਮਝਦੇ | ਬਾਕੀ ਸਿੱਖ ਤਾਂ ਉਨ੍ਹਾਂ ਲਈ ਭਾਪੇ, ਕੰਬੋਜ, ਲੁਬਾਣੇ, ਸੈਣੀ ਤੇ ਰਾਮਗੜ੍ਹੀਏ ਹਨ | ਸਵਰਗੀ ਬਲਵੰਤ ਸਿੰਘ ਨੂੰ ਅਕਾਲੀ ਦਲ ਦਾ ਦਿਮਾਗ਼ ਕਿਹਾ ਜਾਂਦਾ ਸੀ | ਰਾਜੀਵ-ਲੌਂਗੋਵਾਲ ਸਮਝੌਤਾ ਕਰਾਉਣ ਵਿੱਚ ਉਸ ਦੀ ਮੁੱਖ ਭੂਮਿਕਾ ਸੀ, ਪਰ ਚੋਣਾਂ ਜਿੱਤ ਜਾਣ ਬਾਅਣ ਜਦੋਂ ਮੁੱਖ ਮੰਤਰੀ ਬਣਾਉਣ ਦੀ ਵਾਰੀ ਆਈ ਤਾਂ ਗੁਣਾ ਸੁਰਜੀਤ ਸਿੰਘ ਬਰਨਾਲੇ ਉੱਤੇ ਪਿਆ, ਕਿਉਂਕਿ ਬਲਵੰਤ ਸਿੰਘ ਜੱਟ ਨਹੀਂ, ਕੰਬੋਜ ਸੀ | ਪੰਜਾਬ ਦੇ ਧੜੱਲੇਦਾਰ ਮੁੱਖ ਮੰਤਰੀ ਕਹੇ ਜਾਣ ਵਾਲੇ ਪ੍ਰਤਾਪ ਸਿੰਘ ਕੈਰੋਂ ਦੀ ਇਹ ਬੜ੍ਹਕ ਬੜੀ ਮਸ਼ਹੂਰ ਸੀ, ‘ਜੱਟ ਤਾ ਸੁਹਾਗੇ ‘ਤੇ ਚੜਿ੍ਹਆ ਮਾਣ ਨਹੀਂ, ਮੈਂ ਤਾਂ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠਾਂ |’ ਇੰਜ ਕਹਿ ਕੇ ਉਹ ਜੱਟਾਂ ਦੀ ਸਿਫ਼ਤ ਨਹੀਂ ਸੀ ਕਰ ਰਿਹਾ, ਜੱਟਾਂ ਦੇ ਜੱਟਵਾਦ ਨੂੰ ਪੱਠੇ ਪਾ ਰਿਹਾ ਸੀ | ਇਸ ਸਮੇਂ ਇਹ ਗੱਲ ਵੀ ਸੋਚਣ ਵਾਲੀ ਹੈ ਕਿ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਦੇ ਪੈਰੋਕਾਰ ਕਹਾਉਣ ਵਾਲੇ ਸਿੱਖ ਧਰਮ ਦੇ ਲੋਕਾਂ ਨੇ ਕੀ ਜਾਤ-ਪਾਤ ਨੂੰ ਤਿਲਾਂਜਲੀ ਦੇ ਦਿੱਤੀ ਹੈ? ਕੀ ਅੱਜ ਵੀ ਸਾਡੇ ਘਰਾਂ ਵਿੱਚ ਦਲਿਤ ਦਿਹਾੜੀਦਾਰ ਕਾਮੇ ਦੇ ਬਰਤਨ ਵੱਖਰੇ ਨਹੀਂ ਰੱਖੇ ਜਾਂਦੇ? ਕੀ ਆਪਣੇ ਸਮਾਜਕ ਸਮਾਗਮ ਵਿੱਚ ਅਸੀਂ ਉਨ੍ਹਾਂ ਨੂੰ ਉਹੀ ਮਾਣ ਦਿੰਦੇ ਹਾਂ, ਜਿਹੜਾ ਅਸੀਂ ਉੱਚ ਵਰਗ ਦੇ ਮਹਿਮਾਨਾਂ ਨੂੰ ਦਿੰਦੇ ਹਾਂ? ਇਸ ਬਾਰੇ ਸਭ ਵਖਰੇਵੇਂ ਗਿਣਾਏ ਜਾਣ ਤਾਂ ਫਹਿਰਿਸਤ ਬਹੁਤ ਲੰਮੀ ਹੋ ਜਾਵੇਗੀ |
ਇਸ ਸੰਦਰਭ ਵਿੱਚ ਕਾਂਗਰਸ ਪਾਰਟੀ ਵੱਲੋਂ ਇੱਕ ਦਲਿਤ ਨੂੰ ਮੱਖ ਮੰਤਰੀ ਬਣਾਏ ਜਾਣਾ ਉਸ ਦਾ ਇੱਕ ਦਲੇਰਾਨਾ ਕਦਮ ਹੈ | ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿ ਅੱਜ ਜਦੋਂ ਭਾਜਪਾ ਤੇ ਆਰ ਐੱਸ ਐੱਸ ਹਿੰਦੂਤਵ ਦੇ ਨਾਂਅ ਉੱਤੇ ਸੱਤਾ ਉੱਤੇ ਸਵਰਨ ਹਿੰਦੂ ਮਰਦਾਂ ਦੀ ਸਰਦਾਰੀ ਸਥਾਪਤ ਕਰਨ ਦੇ ਰਾਹ ਪਈ ਹੋਈ ਹੈ, ਉਸ ਵੇਲੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੂੰ ਵੰਚਿਤ ਵਰਗ ਨੂੰ ਸੱਤਾ ਵਿੱਚ ਸਿਖਰਲੀ ਹਿੱਸੇਦਾਰੀ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ |
ਅਜ਼ਾਦੀ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਸਦਾ ਹੀ ਸਵਰਨ ਜਾਤਾਂ ਦਾ ਦਬਦਬਾ ਰਿਹਾ ਹੈ | ਪ੍ਰਧਾਨ ਮੰਤਰੀ ਤੋਂ ਲੈ ਕੇ ਸਭ ਰਾਜਾਂ ਦੇ ਮੁੱਖ ਮੰਤਰੀ ਉਪਰਲੀਆਂ ਜਾਤਾਂ ਵਿੱਚੋਂ ਹੀ ਬਣਦੇ ਰਹੇ | ਜਨਤਾ ਪਾਰਟੀ ਤੇ ਭਾਜਪਾ ਦੇ ਦੌਰ ਵਿੱਚ ਵੀ ਇਹੋ ਰੁਝਾਨ ਰਿਹਾ | ਇਸ ਸਾਰੇ ਸਮੇਂ ਦੌਰਾਨ ਵੰਚਿਤ ਵਰਗਾਂ ਵਿੱਚ ਇਹ ਸੋਚ ਪੈਦਾ ਹੁੰਦੀ ਰਹੀ ਕਿ ਉਹ ਬਹੁਜਨ ਹੁੰਦੇ ਹੋਏ ਵੀ ਸੱਤਾ ਦੇ ਸਿਖਰ ਉੱਤੇ ਨਹੀਂ ਪਹੁੰਚ ਰਹੇ | ਕਾਂਸ਼ੀ ਰਾਮ ਨੇ ਇਸੇ ਸੋਚ ਨੂੰ ਖੰਭ ਲਾਏ, ਜਿਸ ਦੇ ਸਿੱਟੇ ਵਜੋਂ ਕਾਂਗਰਸ ਹੇਠਲਾ ਪਛੜਾ ਤੇ ਦਲਿਤ ਵਰਗ ਉਸ ਤੋਂ ਦੂਰ ਹੁੰਦਾ ਗਿਆ, ਸਿੱਟੇ ਵਜੋਂ ਬਹੁਤੇ ਰਾਜਾਂ ਵਿੱਚ ਕਾਂਗਰਸ ਕੱਖੋਂ ਹੌਲੀ ਹੋ ਗਈ | ਯੂ ਪੀ ਤੇ ਬਿਹਾਰ ਵਰਗੇ ਰਾਜਾਂ ਵਿੱਚ ਪਛੜਿਆਂ ਦੀਆਂ ਆਪਣੀਆਂ ਪਾਰਟੀਆਂ ਬਣ ਗਈਆਂ ਤੇ ਦਲਿਤ ਬਸਪਾ ਦੇ ਝੰਡੇ ਹੇਠ ਇਕੱਠੇ ਹੋ ਗਏ | ਭਾਜਪਾ ਨੂੰ ਇਸ ਤਬਦੀਲੀ ਦੀ ਸਮਝ ਆ ਗਈ ਤੇ ਉਸ ਨੇ ਯੂ ਪੀ ਵਿੱਚ ਕਲਿਆਣ ਸਿੰਘ ਤੇ ਮੱਧ ਪ੍ਰਦੇਸ਼ ਵਿੱਚ ਉਮਾ ਭਾਰਤੀ ਨੂੰ ਮੁੱਖ ਮੰਤਰੀ ਬਣਾ ਕੇ ਆਪਣਾ ਅਧਾਰ ਬਚਾਈ ਰੱਖਿਆ, ਪਰ ਕਾਂਗਰਸ ‘ਤੇ ਉੱਚ ਜਾਤਾਂ ਦੇ ਧੁਨੰਤਰਾਂ ਦੀ ਪਕੜ ਏਨੀ ਮਜ਼ਬੂਤ ਸੀ ਕਿ ਉਹ ਸਮੇਂ ਸਿਰ ਮੋੜਾ ਨਾ ਕੱਟ ਸਕੀ |
ਭਾਰਤ ਦੇ ਪੱਛੜੇ ਤੇ ਦਲਿਤ ਵਰਗਾਂ ਵਿੱਚ ਅੱਜ ਇਹ ਚੇਤਨਾ ਘਰ ਕਰ ਚੁੱਕੀ ਹੈ ਕਿ ਸਾਡੀ ਸਿਆਸੀ ਨੁਮਾਇੰਦਗੀ ਸਾਡੇ ਵਰਗ ਦੇ ਵਿਅਕਤੀ ਨੂੰ ਹੀ ਕਰਨੀ ਚਾਹੀਦੀ ਹੈ | ਕਾਂਗਰਸ ਪਾਰਟੀ ਲੰਮੇ ਸਮੇਂ ਤੱਕ ਦੁਬਿਧਾ ਵਿੱਚ ਫਸੀ ਰਹੀ, ਕਿਉਂਕਿ ਕਾਂਗਰਸ ਦੇ ਪੁਰਾਣੇ ਤੇ ਘਿਸੇ -ਪਿਟੇ ਆਗੂ ਆਪਣੀ ਸਰਦਾਰੀ ਛੱਡਣ ਲਈ ਤਿਆਰ ਨਹੀਂ ਸਨ | ਹੁਣ ਕੁਝ ਸਮੇਂ ਤੋਂ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਨੇ ਇਹ ਸੋਚਣਾ ਸ਼ੁਰੂ ਕੀਤਾ ਹੈ ਕਿ ਜੇਕਰ ਪਾਰਟੀ ਨੂੰ ਮੁੜ ਪੈਰਾਂ ਸਿਰ ਕਰਨਾ ਹੈ ਤਾਂ ਉਸ ਨੂੰ ਪਛੜੇ ਤੇ ਦਲਿਤ ਵਰਗ ਦੀਆਂ ਭਾਵਨਾਵਾਂ ਨੂੰ ਸਮਝਣਾ ਪਵੇਗਾ | ਇਸ ਦਿਸ਼ਾ ਵਿੱਚ ਪਹਿਲਾਂ ਭੁਪੇਸ਼ ਬਘੇਲ ਨੂੰ ਛੱਤੀਸਗੜ੍ਹ ਦਾ ਮੁੱਖ ਮੰਤਰੀ ਬਣਾਇਆ ਗਿਆ | ਇਸ ਦੇ ਨਾਲ ਹੀ ਜਾਤੀ ਜਨਗਣਨਾ ਤੇ ਨੀਟ ਵਿੱਚ ਰਾਖਵੇਂਕਰਨ ਦੀ ਮੰਗ ਦਾ ਸਮਰਥਨ ਕੀਤਾ ਗਿਆ | ਹੁਣ ਅਗਲੇ ਕਦਮ ਵਜੋਂ ਪੰਜਾਬ ਦਾ ਮੁੱਖ ਮੰਤਰੀ ਇੱਕ ਦਲਿਤ ਨੂੰ ਬਣਾ ਕੇ ਚਿਰਾਂ ਤੋਂ ਬੰਦ ਪਿਆ ਬੂਹਾ ਖੋਲ੍ਹ ਦਿੱਤਾ ਹੈ |
-ਚੰਦ ਫਤਿਹਪੁਰੀ
ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਦੇ ਮਾਅਨੇ

Comment here