ਸਿਆਸਤਖਬਰਾਂਚਲੰਤ ਮਾਮਲੇ

ਚਮਨ ਸਰਹੱਦ ਮੁੜ ਖੋਲ੍ਹਣ ਲਈ ਪਾਕਿ ਸਹਿਮਤ

ਕਵੇਟਾ-ਚਮਨ ਦੇ ਡਿਪਟੀ ਕਮਿਸ਼ਨਰ ਅਬਦੁਲ ਹਮੀਦ ਜੇਹਰੀ ਨੇ ਮੀਡੀਆ ਨੂੰ ਦੱਸਿਆ ਕਿ ਅਫਗਾਨਿਸਤਾਨ ਨਾਲ ਲੱਗਦੀ ਚਮਨ ਸਰਹੱਦ ਨੂੰ ਮੁੜ ਤੋਂ ਖੋਲ੍ਹਣ ਲਈ ਪਾਕਿਸਤਾਨ ਸਹਿਮਤ ਹੋ ਗਿਆ ਹੈ। ਫਰੈਂਡਸ਼ਿਪ ਗੇਟ ਫਰੰਟੀਅਰ ਕਾਰਪਸ ਦੇ ਅਧਿਕਾਰੀਆਂ ’ਤੇ ਅਫਗਾਨ ਵਲੋਂ ਗੋਲੀਬਾਰੀ ਦੇ ਇਕ ਹਫ਼ਤੇ ਤੋਂ ਵੱਧ ਸਮੇਂ ਤੋਂ ਬੰਦ ਹੈ। ਸਰਹੱਦ ਖੋਲ੍ਹਣ ਦਾ ਫ਼ੈਸਲਾ ਪਾਕਿਸਤਾਨੀ ਤੇ ਅਫਗਾਨ ਅਧਿਕਾਰੀਆਂ ਵਿਚਾਲੇ ਹੋਈ ਬੈਠਕ ਦੌਰਾਨ ਕੀਤਾ ਗਿਆ।
ਦੋਵਾਂ ਦੇਸ਼ਾਂ ਵਿਚਾਲੇ ਸਰਹੱਦ ਨੂੰ ਖੋਲ੍ਹਣ ਤੇ ਗੱਲਬਾਤ ਕਰਨ ਤੋਂ ਬਾਅਦ ਫ਼ੈਸਲੇ ਨਾਲ ਚਮਨ ਦੀ ਨਾਗਰਿਕ-ਫੌਜ ਸੰਪਰਕ ਸੰਮਤੀ ਨੂੰ ਜਾਣੂ ਕਰਵਾਇਆ ਗਿਆ ਹੈ, ਜਿਸ ਨੇ ਸੋਮਵਾਰ ਨੂੰ ਵਪਾਰ ਤੇ ਯਾਤਰਾ ਲਈ ਸਰਹੱਦ ਖੋਲ੍ਹਣ ’ਤੇ ਸਹਿਮਤੀ ਜਤਾਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਦੇ ਨਾਲ ਹੀ ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਤੇ ਪਾਕਿਸਤਾਨ ਸਰਹੱਦ ਟੈਕਸ ਦੇ ਇਮੀਗ੍ਰੇਸ਼ਨ ਦਫ਼ਤਰ ਵੀ ਖੋਲ੍ਹੇ ਜਾਣਗੇ।
ਜੇਹਰੀ ਨੇ ਕਿਹਾ ਕਿ ਬੈਠਕ ਦੌਰਾਨ ਅਫਗਾਨ-ਤਾਲਿਬਾਨ ਦੇ ਅਧਿਕਾਰੀਆਂ ਨੇ 13 ਨਵੰਬਰ ਦੀ ਘਟਨਾ ’ਤੇ ਦੁੱਖ ਪ੍ਰਗਟਾਇਆ ਤੇ ਪਾਕਿਸਤਾਨੀ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਵਲੋਂ ਗੋਲੀਬਾਰੀ ਤੋਂ ਬਾਅਦ ਪਾਕਿਸਤਾਨ ਨੇ ਫਰੈਂਡਸ਼ਿਪ ਗੇਟ ਬੰਦ ਕਰ ਦਿੱਤਾ ਸੀ।
ਦੋਵਾਂ ਦੇਸ਼ਾਂ ਵਿਚਾਲੇ ਭਵਿੱਖ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ, ਇਸ ਲਈ ਸਖ਼ਤ ਕਦਮ ਚੁੱਕੇ ਜਾਣਗੇ। ਚਮਨ ਦੇ ਡਿਪਟੀ ਕਮਿਸ਼ਨਰ ਜੇਹਰੀ ਨੇ ਅਣਮਿੱਥੇ ਸਮੇਂ ਲਈ ਸਰਹੱਦ ਬੰਦ ਹੋਣ ਦੀ ਪੁਸ਼ਟੀ ਕਰਦਿਆਂ ਪਿਛਲੇ ਹਫ਼ਤੇ ਕਿਹਾ ਸੀ, ‘‘ਇਕ ਵਿਅਕਤੀ ਨੇ ਅਫਗਾਨ ਸਰਹੱਦ ਤੋਂ ਫਰੈਂਡਸ਼ਿਪ ਗੇਟ ’ਤੇ ਪਾਕਿਸਤਾਨੀ ਸਰਹੱਦ ’ਚ ਘੁਸਪੈਠ ਕੀਤੀ ਤੇ ਗੇਟ ’ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਘੁਸਪੈਠੀਏ ਨੇ ਵੀ ਗੋਲੀ ਚਲਾਈ, ਜਿਸ ’ਚ ਇਕ ਫੌਜੀ ਦੀ ਮੌਤ ਹੋ ਗਈ ਤੇ ਹੋਰ ਦੋ ਜ਼ਖ਼ਮੀ ਹੋ ਗਏ।’’

Comment here