ਸਿਆਸਤਖਬਰਾਂਚਲੰਤ ਮਾਮਲੇ

ਚਮਕੌਰ ਸਾਹਿਬ ਤੇ ਬੇਲਾ ’ਚ ਚੋਣ ਨਤੀਜਿਆਂ ਤੇ ਲੱਗੀਆਂ ਸ਼ਰਤਾਂ

ਚਮਕੌਰ ਸਾਹਿਬ– ਪੰਜਾਬ ਵਿਧਾਨ ਸਭਾ ਚੋਣਾਂ 20 ਫਰਵਰੀ ਨੂੰ ਮੁਕੰਮਲ ਹੋ ਚੁੱਕੀਆਂ ਹਨ ਪਰ ਮਾਹੌਲ ਅਜੇ ਵੀ ਗਰਮ ਹੈ। ਦਰਅਸਲ ਇਹ ਗਰਮ ਮਾਹੌਲ ਮੁੱਖ ਮੰਤਰੀ ਚੰਨੀ ਦੇ ਹਲਕਾ ਚਮਕੌਰ ਸਾਹਿਬ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜਿਥੇ ਆਪ ਅਤੇ ਕਾਂਗਰਸ ਸਮਰਥਕ ਦੋਵੇ ਆਪਣੇ ਆਪਣੇ ਉਮੀਦਵਾਰ ਦੇ ਜਿੱਤਣ ਦਾ ਦਾਅਵਾ ਕਰ ਰਹੇ ਹਨ। ਦਰਅਸਲ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਟਿੱਪਣੀ ਵਿੱਚ ਕਿਹਾ ਸੀ ਕਿ ਮੁੱਖ ਮੰਤਰੀ ਦੋਵੇਂ ਸੀਟਾਂ (ਚਮਕੌਰ ਸਾਹਿਬ ਤੇ ਭਦੌੜ) ਤੋਂ ਹਾਰ ਰਹੇ ਹਨ, ਤੋਂ ਬਾਅਦ ਇਹ ਸੀਟ ਹੋਰ ਵੀ ਚਰਚਾ ਵਿਚ ਆ ਗਈ ਹੈ। ਲੰਘੀ 20 ਫਰਵਰੀ ਨੂੰ ਚੋਣਾਂ ਲੜ ਰਹੇ ਉਮੀਦਵਾਰਾਂ ਦੀ ਕਿਸਮਤ ਈਵੀਐੱਮਜ਼ ਵਿੱਚ ਬੰਦ ਹੋ ਚੁੱਕੀ ਹੈ ਅਤੇ ਹੁਣ ਨਤੀਜਿਆਂ ਵਾਲੇ ਦਿਨ 10 ਮਾਰਚ ਦਾ ਸਭ ਨੂੰ ਇੰਤਜ਼ਾਰ ਹੈ। ਕਈ ਸਮਰਥਕਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦਾ ਉਮੀਦਵਾਰ ਜਿੱਤਦਾ ਹੈ ਤਾਂ ਉਹ ਜਿੱਤ ਦੀ ਖੁਸ਼ੀ ਵਿੱਚ ਅਜਿਹੀ ਅਤਿਸ਼ਬਾਜ਼ੀ ਕਰਨਗੇ ਕਿ ਇਲਾਕੇ ਦੇ ਲੋਕਾਂ ਨੇ ਕਦੇ ਦੇਖੀ ਨਹੀਂ ਹੋਵੇਗੀ। ਕੁਝ ਲੋਕ ਜਿੱਤ ਦੀ ਖੁਸ਼ੀ ਵਿੱਚ ਡੀਜੇ ਬਜਾ ਕੇ ਖੁਸ਼ੀ ਮਨਾਉਣ ਦੇ ਮੂਡ ਵਿੱਚ ਹਨ। ਚੋਣ ਨਤੀਜਿਆਂ ਨੂੰ ਭਾਵੇਂ ਕਿ ਅਜੇ ਸਮਾਂ ਬਾਕੀ ਹੈ, ਪਰ ਕਾਂਗਰਸ ਅਤੇ ‘ਆਪ’ ਸਮਰਥਕ ਆਸਵੰਦ ਹਨ ਕਿ ਉਨ੍ਹਾਂ ਨੂੰ ਖੁਸ਼ੀ ਮਨਾਉਣ ਦਾ ਮੌਕਾ ਜ਼ਰੂਰ ਮਿਲੇਗਾ। ਜ਼ਿਕਰਯੋਗ ਹੈ ਕਿ ਹਲਕਾ ਚਮਕੌਰ ਸਾਹਿਬ ਵਿੱਚ ਭਾਵੇਂ ਕਿ ਭਾਜਪਾ ਤੇ ਬਸਪਾ ਸਮੇਤ ਹੋਰਨਾਂ ਪਾਰਟੀਆਂ ਦੇ ਉਮੀਦਵਾਰ ਵੀ ਮੈਦਾਨ ਵਿੱਚ ਹਨ, ਪ੍ਰੰਤੂ ਮੁੱਖ ਮੁਕਾਬਲਾ ਕਾਂਗਰਸ ਤੇ ‘ਆਪ’ ਦੇ ਚਰਨਜੀਤ ਵਿਚਾਲੇ ਹੈ। ਸਾਲ 2017 ਵਿੱਚ ਜਿੱਤ ਕਾਂਗਰਸੀ ਉਮੀਦਵਾਰ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਸੀਬ ਹੋਈ ਸੀ, ਪਰ ਹੁਣ ‘ਆਪ’ ਉਮੀਦਵਾਰ ਵੀ ਡਾ. ਚਰਨਜੀਤ ਸਿੰਘ ਪੂਰਾ ਆਸਵੰਦ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ 10 ਮਾਰਚ ਨੂੰ ਕਿਸ ਚਰਨਜੀਤ ਸਿੰਘ ਦੇ ਸਮਰਥਕ ਖੁਸ਼ੀ ਮਨਾਉਂਦੇ ਹਨ।

Comment here