ਚੰਡੀਗੜ੍ਹ-ਇੱਥੇ ਯੂਨੀਵਰਸਿਟੀ ਘੜੂੰਆਂ ਵਿਖੇ ਹੋਸਟਲ ਵਿੱਚ ਕੁੜੀਆਂ ਦੀਆਂ ਵੀਡੀਓ ਬਣਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਵਿਦਿਆਰਥੀਆਂ ਵੱਲੋਂ ਲਗਾਤਾਰ ਇਨਸਾਫ਼ ਨੂੰ ਲੈ ਕੇ ਪ੍ਰਦਰਸ਼ਨ ਜਾਰੀ ਹੈ। ਵਿਦਿਆਰਥਣਾਂ ਅਤੇ ਵਿਦਿਆਰਥੀ ਮਿਲ ਕੇ ਯੂਨੀਵਰਸਿਟੀ ਅੰਦਰ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਕਾਲੇ ਚੋਲੇ ਪਹਿਨੇ ਗਏ ਅਤੇ ਮਨੁੱਖੀ ਚੇਨ ਬਣਾ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਨਿਰਪੱਖ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਭਾਜਪਾ ਦੀ ਸਟੂਡੈਂਟ ਜਥੇਬੰਦੀ ਏਬੀਵੀਪੀ ਦੇ ਵਰਕਰਾਂ ਨੇ ਵੀ ਮਾਮਲੇ ‘ਚ ਯੂਨੀਵਰਸਿਟੀ ਪ੍ਰਬੰਧਕਾਂ ‘ਤੇ ਦੋਸ਼ ਲਾਏ ਹਨ। ਜਥੇਬੰਦੀ ਆਗੂਆਂ ਦਾ ਕਹਿਣਾ ਹੈ ਕਿ ਪ੍ਰਬੰਧਕ ਮਾਮਲੇ ਨੂੰ ਦਬਾਅ ਰਹੇ ਹਨ ਅਤੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਵਿੱਚ ਪੁਲਿਸ ਕੁੱਝ ਕਹਿ ਰਹੀ ਹੈ, ਯੂਨੀਵਰਸਿਟੀ ਪ੍ਰਬੰਧਕ ਕੁੱਝ ਕਹਿ ਰਹੇ ਹਨ ਅਤੇ ਸਾਹਮਣੇ ਆਈਆਂ ਵੀਡੀਓਜ਼ ਕੁੱਝ ਹੋਰ ਹੀ ਬਿਆਨ ਕਰ ਰਹੀਆਂ ਹਨ।
ਏਬੀਵੀਪੀ ਵਰਕਰਾਂ ਵੱਲੋਂ ਸੈਕਟਰ 17 ਪਲਾਜ਼ਾ ਵਿਖੇ ਪ੍ਰਦਰਸ਼ਨ ਕੀਤਾ ਗਿਆ ਅਤੇ ਨਿਰਪੱਖ ਦੀ ਜਾਂਚ ਦੀ ਮੰਗ ਕੀਤੀ ਗਈ। ਜਥੇਬੰਦੀ ਨੇ ਨਿਰਪੱਖ ਇਨਸਾਫ਼ ਲਈ ਐਸਆਈਟੀ ਗਠਨ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਵਿ ਦਿਆਰਥੀ ਹੁਣ ਤੱਕ ਦੀ ਜਾਂਚ ਤੋਂ ਸੰਤੁਸ਼ਟੀ ਨਹੀਂ ਹੈ ਅਤੇ ਇਹ ਵਿਿਦਆਰਥੀਆਂ ਦੀ ਨਿੱਜਤਾ ਦਾ ਸੋਸ਼ਣ ਹੈ।
ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ.ਆਰ.ਐਸ.ਬਾਵਾ ਨੇ ਕਿਹਾ, “ਅਜਿਹੀਆਂ ਅਫਵਾਹਾਂ ਹਨ ਕਿ 7 ਲੜਕੀਆਂ ਨੇ ਖੁਦਕੁਸ਼ੀ ਕਰ ਲਈ ਹੈ ਜਦਕਿ ਅਸਲੀਅਤ ਇਹ ਹੈ ਕਿ ਕਿਸੇ ਵੀ ਲੜਕੀ ਨੇ ਅਜਿਹਾ ਕੋਈ ਕਦਮ ਨਹੀਂ ਚੁੱਕਿਆ। ਘਟਨਾ ਵਿੱਚ ਕਿਸੇ ਵੀ ਲੜਕੀ ਨੂੰ ਹਸਪਤਾਲ ਵਿੱਚ ਦਾਖਲ ਨਹੀਂ ਕਰਵਾਇਆ ਗਿਆ ਹੈ। ਡਾ: ਬਾਵਾ ਨੇ ਅੱਗੇ ਕਿਹਾ, “ਇਕ ਹੋਰ ਅਫਵਾਹ ਹੈ ਜੋ ਮੀਡੀਆ ਰਾਹੀਂ ਫੈਲ ਰਹੀ ਹੈ ਕਿ ਵੱਖ-ਵੱਖ ਵਿਦਿਆਰਥੀਆਂ ਦੇ 60 ਇਤਰਾਜ਼ਯੋਗ ਐਮ.ਐਮ.ਐਸ. ਇਹ ਬਿਲਕੁਲ ਝੂਠ ਅਤੇ ਬੇਬੁਨਿਆਦ ਹੈ। ਯੂਨੀਵਰਸਿਟੀ ਵੱਲੋਂ ਕੀਤੀ ਮੁਢਲੀ ਜਾਂਚ ਦੌਰਾਨ ਕਿਸੇ ਵੀ ਵਿਦਿਆਰਥੀ ਦਾ ਕੋਈ ਵੀ ਵੀਡੀਓ ਨਹੀਂ ਮਿਲਿਆ ਜੋ ਇਤਰਾਜ਼ਯੋਗ ਹੋਵੇ, ਸਿਵਾਏ ਇੱਕ ਲੜਕੀ ਵੱਲੋਂ ਬਣਾਈ ਗਈ ਇੱਕ ਨਿੱਜੀ ਵੀਡੀਓ ਜੋ ਉਸ ਨੇ ਆਪਣੇ ਬੁਆਏਫ੍ਰੈਂਡ ਨਾਲ ਸਾਂਝੀ ਕੀਤੀ ਸੀ। ਹੋਰ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਵੀਡੀਓਜ਼ ਦੀਆਂ ਸਾਰੀਆਂ ਅਫਵਾਹਾਂ ਸਰਾਸਰ ਝੂਠ ਅਤੇ ਬੇਬੁਨਿਆਦ ਹਨ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕੁੜੀਆਂ ਦੇ ਐਮਐਮਐਸ (ਵੀਡੀਓ) ਵਾਇਰਲ ਕੀਤੇ ਜਾਣ ਦੇ ਮਾਮਲੇ ਵਿੱਚ ਉਚ ਪੱਧਰੀ ਜਾਂਚ ਦੇ ਹੁਕਮਾਂ ਤੋਂ ਬਾਅਦ ਕੌਮੀ ਮਹਿਲਾ ਕਮਿਸ਼ਨ ਨੇ ਵੀ ਖੁਦ ਇਸ ਘਟਨਾ ਦਾ ਨੋਟਿਸ ਲਿਆ ਹੈ।
ਕਿਸੇ ਨੇ ਖੁਦਕੁਸ਼ੀ ਦੀ ਕੋਸ਼ਿਸ਼ ਨਹੀੰ ਕੀਤੀ-ਪੁਲਿਸ
ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਮਾਮਲੇ ‘ਚ ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਹ ਗੱਲ ਦੇਰ ਸ਼ਾਮ ਉਨ੍ਹਾਂ ਦੇ ਧਿਆਨ ਵਿੱਚ ਆਈ ਸੀ, ਜਿਸ ਵਿੱਚ ਪਤਾ ਲੱਗਿਆ ਸੀ ਕਿ ਕਿਸੇ ਲੜਕੀ ਵੱਲੋਂ ਇੱਕ ਵੀਡੀਓ ਬਣਾਈ ਗਈ ਹੈ। ਇਸ ਵੀਡੀਓ ਨੂੰ ਲੈ ਕੇ ਕਈ ਅਫਵਾਹਾਂ ਫੈਲ ਗਈਆਂ ਸਨ ਕਿ ਵੀਡੀਓ ਕੁੱਝ ਹੋਰਨਾਂ ਦੀ ਵੀ ਬਣਾਈ ਗਈ ਹੈ, ਜਿਸ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਇਥੇ ਪ੍ਰਦਰਸ਼ਨ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਜਿਹੜਾ ਦੋਸ਼ੀ ਹੈ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਨਾਲ ਹੀ ਉਨ੍ਹਾਂ ਕਿਹਾ ਕਿ ਕਿਸੇ ਵੀ ਮੌਤ ਨਹੀਂ ਹੋਈ ਹੈ ਅਤੇ ਅਜਿਹੀਆਂ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਈ ਅਜਿਹੀਆਂ ਵੀਡੀਓ ਅਫਵਾਹਾਂ ਵਾਲੀਆਂ ਵੀਡੀਓ ਸਾਹਮਣੇ ਆਈਆਂ ਹਨ, ਪਰੰਤੂ ਮੈਡੀਕਲ ਰਿਪੋਰਟ ਵਿੱਚ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਫੋਰੈਂਸਿਕ ਜਾਂਚ ਵੀ ਕੀਤੀ ਜਾ ਰਹੀ ਹੈ ਅਤੇ ਸਬੂਤ ਇਕੱਠੇ ਕਰਕੇ ਉਹ ਪੂਰੇ ਵੇਰਵੇ ਨਾਲ ਦੱਸਣਗੇ। ਉਨ੍ਹਾਂ ਕਿਹਾ ਕਿ ਅਜੇ ਬਹੁਤ ਸਾਰੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਰਿਕਾਰਡ ਵਿੱਚ ਲਿਆ ਜਾਣਾ ਹੈ।
Comment here