ਕਸ਼ਮੀਰ ਤੋਂ ਪਲਾਇਨ ਕਰਕੇ ਜੰਮੂ ਪੁੱਜੇ ਮਜ਼ਦੂਰ
ਜੰਮੂ – ਬੀਤੇ ਦਿਨੀਂ ਕਸ਼ਮੀਰ ਦੇ ਵਨਪੋਹ ’ਚ ਬਿਹਾਰ ਦੇ ਦੋ ਮਜ਼ਦੂਰਾਂ ਦੀ ਹੱਤਿਆ ਤੋਂ ਬਾਅਦ ਘਾਟੀ ਛੱਡਣ ਵਾਲੇ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ ਤੇ ਜਦੋਂ ਕਸ਼ਮੀਰ ਤੋਂ ਗੱਡੀਆਂ ਦਾ ਜੰਮੂ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਉਨ੍ਹਾਂ ’ਚ ਪਰਵਾਸੀ ਮਜ਼ਦੂਰ ਹੀ ਸਭ ਤੋਂ ਜ਼ਿਆਦਾ ਸੀ। ਸ੍ਰੀਨਗਰ ਤੋਂ ਜੰਮੂ ਛੱਤੀਸਗੜ੍ਹ ਨਿਵਾਸੀ ਅਜੀਤ ਸਾਹੂ ਨੇ ਦੱਸਿਆ ਕਿ ਉਹ ਉੱਥੇ ਇੱਟਾਂ ਦੇ ਭੱਠੇ ’ਤੇ ਕੰਮ ਕਰਦਾ ਸੀ। ਉਸ ਨਾਲ ਉਸ ਦੀ ਪਤਨੀ ਤੇ ਦੋ ਛੋਟੇ ਬੱਚੇ ਵੀ ਉੱਥੇ ਹੀ ਰਹਿ ਰਹੇ ਸੀ। ਜਿਵੇਂ ਹੀ ਸਾਨੂੰ ਰਾਤ ਨੂੰ ਦੋ ਬਿਹਾਰੀ ਨੌਜਵਾਨਾਂ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਤਾਂ ਅਸੀਂ ਉਦੋਂ ਹੀ ਕਸ਼ਮੀਰ ਛੱਡਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਹਾਲਾਂਕਿ ਭੱਠਾ ਮਾਲਕ ਨੇ ਉਨ੍ਹਾਂ ਨੂੰ ਉੱਥੇ ਸੁਰੱਖਿਅਤ ਰੱਖਣ ਦਾ ਵਿਸਵਾਸ਼ ਦਿੱਤਾ ਪਰ ਪਰਿਵਾਰ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਸ ਨੇ ਘਾਟੀ ਨੂੰ ਛੱਡਣਾ ਹੀ ਬਿਹਤਰ ਸਮਝਿਆ।
ਵਾਦੀ ’ਚ ਕੇਂਦਰੀ ਸੁਰੱਖਿਆ ਏਜੰਸੀ ਕਰ ਰਹੀ ਵੱਡੇ ਆਪ੍ਰੇਸ਼ਨ ਦੀ ਤਿਆਰੀ
ਫੌਜ ਮੁਖੀ ਜਨਰਲ ਐੱਮ. ਐੱਮ. ਨਰਵਣੇ ਕਸ਼ਮੀਰ ’ਚ ‘ਗੈਰ-ਸਥਾਨਕ ਲੋਕਾਂ’ ਦੀ ਹੱਤਿਆ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲਾ ਅਤੇ ਸੁਰੱਖਿਆ ਏਜੰਸੀਆਂ ਵੱਡੇ ਆਪ੍ਰੇਸ਼ਨ ਦੀ ਤਿਆਰੀ ਕਰ ਰਹੇ ਹਨ। ਉਹ ਅੱਤਵਾਦੀਆਂ ਖਿਲਾਫ ਕਸ਼ਮੀਰ ਘਾਟੀ ’ਚ ਚੱਲ ਰਹੇ ਆਪ੍ਰੇਸ਼ਨ ਦਾ ਜਾਇਜ਼ਾ ਲੈਣਗੇ। ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ ’ਚ ਹੋ ਰਹੀਆਂ ‘ਗੈਰ-ਸਥਾਨਕ ਲੋਕਾਂ’ ਦੀਆਂ ਹੱਤਿਆਵਾਂ ਦੇ ਮਾਮਲਿਆਂ ਦੇ ਮੱਦੇਨਜ਼ਰ ਉਹ ਸੁਰੱਖਿਆ ਏਜੰਸੀਆਂ ਦੇ ਮੁਖੀਆਂ ਦੇ ਨਾਲ ਬੈਠਕ ਵੀ ਕਰ ਸਕਦੇ ਹਨ।
ਦੂਜੇ ਪਾਸੇ ਸੀ. ਆਰ. ਪੀ. ਐੱਫ. ਦੇ ਡੀ. ਜੀ. ਅਤੇ ਐੱਨ. ਆਈ. ਏ. ਮੁਖੀ ਦਾ ਵਾਧੂ ਕਾਰਜਭਾਰ ਸੰਭਾਲ ਰਹੇ ਕੁਲਦੀਪ ਸਿੰਘ ਪਹਿਲਾਂ ਤੋਂ ਹੀ ਵਾਦੀ ’ਚ ਮੌਜੂਦ ਹਨ। ਸੂਤਰਾਂ ਦਾ ਕਹਿਣਾ ਹੈ ਕਿ ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ ’ਚ ਚੱਲ ਰਹੇ ਆਪ੍ਰੇਸ਼ਨਾਂ, ਪਾਕਿਸਤਾਨ ਦੇ ਓਵਰ ਗਰਾਊਂਡ ਵਰਕਰਾਂ ਦੀ ਤਲਾਸ਼, ਰੇਲ ਪੁਲ, ਪਾਵਰ ਸਟੇਸ਼ਨ ਅਤੇ ਪਣ-ਬਿਜਲੀ ਪਲਾਂਟਾਂ ਦੀ ਚੌਕਸੀ ਨੂੰ ਲੈ ਕੇ ਨਵੀਂ ਰਣਨੀਤੀ ਬਣਾਈ ਜਾਵੇਗੀ। ਸੰਭਵ ਹੈ ਕਿ ਇਸ ਲਈ ਘਾਟੀ ’ਚ ਵਾਧੂ ਸੁਰੱਖਿਆ ਦਸਤੇ ਤਾਇਨਾਤ ਕੀਤੇ ਜਾਣ। ਉਧਰ, ਜੰਮੂ-ਕਸ਼ਮੀਰ ’ਚ ਵੱਡੇ ਜਨਤਕ ਸੰਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ, ਸੁਰੱਖਿਆ ਏਜੰਸੀਆਂ ਨੂੰ ਅਜਿਹੇ ਖੁਫੀਆ ਇਨਪੁਟ ਮਿਲ ਰਹੇ ਹਨ।
ਮੇਰੇ ਰਾਜਕਾਲ ਦੌਰਾਨ ਅੱਤਵਾਦੀ ਸ਼੍ਰੀਨਗਰ ਸੀਮਾ ਵੀ ਨਾ ਪਾਰ ਕਰ ਸਕੇ-ਮਲਿਕ
ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਅਤੇ ਹੁਣ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਅੱਤਵਾਦੀ ਗਤੀਵਿਧੀਆਂ ਨੂੰ ਲੈ ਕੇ ਕਿਹਾ ਕਿ ਮੇਰੇ ਕਾਰਜਕਾਲ ਦੌਰਾਨ ਅੱਤਵਾਦੀ ਸ਼੍ਰੀਨਗਰ ਤਾਂ ਕੀ, ਸ਼੍ਰੀਨਗਰ ਦੇ 50-100 ਕਿਲੋਮੀਟਰ ਦੀ ਦੂਰੀ ਤੱਕ ਵੀ ਨਹੀਂ ਪਹੁੰਚ ਸਕਦੇ ਸਨ। ਉਨ੍ਹਾਂ ਅੱਗੇ ਕਿਹਾ ਕਿ ਉਦੋਂ ਕੋਈ ਅੱਤਵਾਦੀ ਸ਼੍ਰੀਨਗਰ ਦੀ ਸੀਮਾ ਵਿੱਚ ਦਾਖਲ ਨਹੀਂ ਹੁੰਦਾ ਸੀ ਪਰ ਅੱਜ ਅੱਤਵਾਦੀ ਸ਼੍ਰੀਨਗਰ ਵਿੱਚ ਗਰੀਬਾਂ ਦੀ ਹੱਤਿਆ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸੱਤਿਆਪਾਲ ਮਲਿਕ ਜੰਮੂ-ਕਸ਼ਮੀਰ ਦੇ ਅੰਤਿਮ ਰਾਜਪਾਲ ਵੀ ਹਨ। ਸੱਤਿਆਪਾਲ ਮਲਿਕ ਦੇ ਰਾਜਪਾਲ ਰਹਿੰਦੇ ਹੀ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਈ ਗਈ ਸੀ। ਸੱਤਿਆਪਾਲ ਮਲਿਕ ਦੇ ਕਾਰਜਕਾਲ ਵਿੱਚ ਹੀ ਜੰਮੂ-ਕਸ਼ਮੀਰ ਰਾਜ ਦਾ ਪੁਨਰਗਠਨ ਕਰਦੇ ਹੋਏ ਇਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਲੇਹ ਲੱਦਾਖ ਨੂੰ ਵੱਖਰਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਸੀ।
ਲਾਲ ਚੌਕ ’ਤੇ ਔਰਤਾਂ ਦੀ ਤਲਾਸ਼ੀ
ਕੇਂਦਰੀ ਰਿਜ਼ਰਵ ਪੁਲਸ ਬਲ ਦੀਆਂ ਮਹਿਲਾ ਕਰਮਚਾਰੀਆਂ ਨੇ ਸ੍ਰੀਨਗਰ ਦੇ ਲਾਲ ਚੌਕ ਇਲਾਕੇ ਤੋਂ ਲੰਘਣ ਵਾਲੀਆਂ ਔਰਤਾਂ ਦੇ ਬੈਗ ਦੀ ਜਾਂਚ ਕੀਤੀ। ਆਮ ਤੌਰ ’ਤੇ ਔਰਤਾਂ ਨੇ ਇਸ ਦਾ ਵਿਰੋਧ ਨਹੀਂ ਕੀਤਾ ਪਰ ਕੁੱਝ ਔਰਤਾਂ ਨੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਜਾਂਚ ਜਨਤਕ ਰੂਪ ਨਾਲ ਨਹੀਂ ਕੀਤੀ ਜਾਣੀ ਚਾਹੀਦੀ ਸੀ। ਫਰੀਦਾ ਨਾਮ ਦੀ ਇੱਕ ਮਹਿਲਾ ਨੇ ਕਿਹਾ, ਔਰਤਾਂ ਦੇ ਕੋਲ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜੋ ਨਿੱਜੀ ਹੁੰਦੀਆਂ ਹਨ… ਸੀ.ਆਰ.ਪੀ.ਐੱਫ. ਦੀਆਂ ਔਰਤਾਂ ਨੂੰ ਜਾਂਚ ਲਈ ਇੱਕ ਅਸਥਾਈ ਸਥਾਨ ਬਣਾਉਣਾ ਚਾਹੀਦਾ ਸੀ, ਤਾਂ ਕਿ ਗੁਪਤ ਬਣੀ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਲਾਸ਼ੀ ਨੂੰ ਲੈ ਕੇ ਨਹੀਂ ਸਗੋਂ ਜਾਂਚ ਦੇ ਤਰੀਕੇ ਨੂੰ ਲੈ ਕੇ ਸਮੱਸਿਆ ਹੈ। ਇਸ ਤੋਂ ਪਹਿਲਾਂ, ਕਸ਼ਮੀਰ ਵਿੱਚ ਔਰਤਾਂ ਦੀ ਤਲਾਸ਼ੀ ਨਹੀਂ ਲਈ ਗਈ ਸੀ ਪਰ ਪਿਛਲੇ ਕੁੱਝ ਦਿਨਾਂ ਵਿੱਚ ਗੈਰ-ਸਥਾਨਕ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਤੀਆਂ ਗਈਆਂ ਹੱਤਿਆਵਾਂ ਤੋਂ ਬਾਅਦ ਇਸ ਨੂੰ ਸ਼ੁਰੂ ਕੀਤਾ ਗਿਆ ਹੈ।
Comment here