ਅਪਰਾਧਖਬਰਾਂਚਲੰਤ ਮਾਮਲੇ

ਘਾਟੀ ’ਚ ਲਸ਼ਕਰ ਦੇ 4 ਅੱਤਵਾਦੀ ਢੇਰ

ਸ਼੍ਰੀਨਗਰ-ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਪੁਲਵਾਮਾ ਦੇ ਖੰਡੀਪੋਰਾ ’ਚ ਤਿੰਨ ਅੱਤਵਾਦੀ ਮਾਰੇ ਗਏ, ਉੱਥੇ ਹੀ ਅਨੰਤਨਾਗ ਦੇ ਸੇਮਥਾਨ ’ਚ ਇਕ ਅੱਤਵਾਦੀ ਨੂੰ ਮਾਰ ਮੁਕਾ ਦਿੱਤਾ ਗਿਆ। ਇਸ ਤੋਂ ਇਲਾਵਾ ਲਸ਼ਕਰ-ਏ-ਤੋਇਬਾ ਦੇ 3 ‘ਹਾਈਬ੍ਰਿਡ’ ਅੱਤਵਾਦੀਆਂ ਨੂੰ ਸ਼੍ਰੀਨਗਰ ਅਤੇ ਬਡਗਾਮ ਜ਼ਿਲਿਆਂ ’ਚ ਅੱਤਵਾਦ ਵਿਰੋਧੀ ਮੁਹਿੰਮਾਂ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਅੱਤਵਾਦੀਆਂ ਕੋਲੋਂ 10 ਕਿਲੋ ਆਈ. ਈ. ਡੀ. ਅਤੇ 2 ਗ੍ਰਨੇਡ ਬਰਾਮਦ ਹੋਏ ਹਨ।
ਕਸ਼ਮੀਰ ਦੇ ਏ. ਡੀ. ਜੀ. ਪੀ. ਵਿਜੇ ਕੁਮਾਰ ਨੇ ਪੁਲਵਾਮਾ ਮੁਕਾਬਲੇ ’ਚ ਅੱਤਵਾਦੀਆਂ ਦੇ ਮਾਰੇ ਜਾਣ ਨੂੰ ਸੁਰੱਖਿਆ ਬਲਾਂ ਲਈ ਇੱਕ ‘ਵੱਡੀ ਸਫਲਤਾ’ ਕਰਾਰ ਦਿੱਤਾ ਹੈ।ਉਨ੍ਹਾਂ ਨੇ ਟਵੀਟ ’ਚ ਕਿਹਾ ਕਿ ਸਾਡੇ ਸੂਤਰਾਂ ਮੁਤਾਬਕ ਇਕ ਵਿਦੇਸ਼ੀ ਅੱਤਵਾਦੀ ਹੈ ਅਤੇ ਇਕ ਲਸ਼ਕਰ ਦਾ ਸਥਾਨਕ ਅੱਤਵਾਦੀ ਮੁਖਤਿਆਰ ਭੱਟ ਹੈ, ਜੋ ਸੀ. ਆਰ. ਪੀ. ਐੱਫ. ਦੇ ਇਕ ਏ. ਐੱਸ. ਆਈ ਅਤੇ ਦੋ ਆਰ. ਪੀ. ਐੱਫ. ਮੁਲਾਜ਼ਮਾਂ ਦੀ ਹੱਤਿਆ ਸਮੇਤ ਕਈ ਅੱਤਵਾਦੀ ਘਟਨਾਵਾਂ ’ਚ ਸ਼ਾਮਲ ਸੀ।
ਉਨ੍ਹਾਂ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ 2 ਏ. ਕੇ. ਰਾਈਫਲਾਂ ਅਤੇ ਇਕ ਪਿਸਤੌਲ ਬਰਾਮਦ ਹੋਇਆ ਹੈ। ਅਧਿਕਾਰੀ ਨੇ ਦੱਸਿਆ ਕਿ ਅਨੰਤਨਾਗ ਦੇ ਬਿਜਬੇਹਰਾ ਦੇ ਸੇਮਥਾਨ ਇਲਾਕੇ ’ਚ ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਕਰਨ ਤੋਂ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਨਾਲ ਤਲਾਸ਼ੀ ਮੁਹਿੰਮ ਮੁਕਾਬਲੇ ’ਚ ਬਦਲ ਗਈ।

Comment here