ਅਪਰਾਧਖਬਰਾਂ

ਘਾਟੀ ’ਚ ਫੌਜ ਨੇ ਟੀ. ਆਰ. ਐਫ਼ ਕਮਾਂਡਰ ਸਮੇਤ 3 ਅੱਤਵਾਦੀ ਕੀਤੇ ਢੇਰ

ਸ਼੍ਰੀਨਗਰ-ਇਥੋਂ ਦੇ ਰਾਮ ਬਾਗ ਇਲਾਕੇ ’ਚ ਸੁਰੱਖਿਆ ਫੋਰਸਾਂ ਨੂੰ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਪਿੱਛੋਂ ਘੇਰ ਲਿਆ ਅਤੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ। ਅੱਤਵਾਦੀਆਂ ਨੇ ਆਤਮ ਸਮਰਪਣ ਕਰਨ ਦੀ ਥਾਂ ਸੁਰੱਖਿਆ ਫੋਰਸਾਂ ਦੇ ਜਵਾਨਾਂ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਦੌਰਾਨ 3 ਅੱਤਵਾਦੀ ਮਾਰੇ ਗਏ।
ਆਈ.ਜੀ.ਪੀ. (ਕਸ਼ਮੀਰ) ਵਿਜੇ ਕੁਮਾਰ ਨੇ ਉਕਤ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਲਾਕੇ ’ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਲਾਕਾ ਭੀੜ ਵਾਲਾ ਹੋਣ ਕਾਰਨ ਜਵਾਨਾਂ ਨੇ ਸੰਜਮ ਵਰਤਦਿਆਂ ਕਾਰਵਾਈ ਕੀਤੀ। ਇਸ ਆਪ੍ਰੇਸ਼ਨ ਨੂੰ ਫੌਜ ਦੇ ਨਾਲ ਹੀ ਪੁਲਸ ਅਤੇ ਸੀ.ਆਰ.ਪੀ.ਐੱਫ ਦੇ ਜਵਾਨਾਂ ਨੇ ਮਿਲ ਕੇ ਨੇਪਰੇ ਚਾੜਿ੍ਹਆ। ਜਵਾਨਾਂ ਨੇ ਮੋਰਚਾ ਸੰਭਾਲਣ ਦੇ ਨਾਲ ਹੀ ਸਥਾਨਕ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤਾ। ਮੁਕਾਬਲੇ ’ਚ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਮਹਿਰੀਨ ਯਾਸੀਨ ਸ਼ਾਲਾ ਪੁੱਤਰ ਮੁਹੰਮਦ ਯਾਸੀਨ ਵਾਸੀ ਜਮਾਲਤਾ ਐੱਮ.ਆਰ. ਗੰਜ, ਬਾਸਿਤ ਮਲਿਕ ਪੁੱਤਰ ਅਲੀ ਮੁਹੰਮਦ ਮਲਿਕ ਵਾਸੀ ਨੌਪੋਰਾ ਸਫਾ ਕਦਲ ਅਤੇ ਮਨਜ਼ੂਰ ਅਹਿਮਦ ਪੁੱਤਰ ਸੋਨੌਲਾਹ ਮੀਰ ਵਾਸੀ ਬਾਬਰ ਪੁਲਵਾਮਾ ਵਜੋਂ ਹੋਈ ਹੈ।
ਵਿਜੇ ਕੁਮਾਰ ਨੇ ਕਿਹਾ ਕਿ ਮੁਕਾਬਲੇ ’ਚ ਮਾਰੇ ਗਏ 3 ਅੱਤਵਾਦੀਆਂ ’ਚੋਂ ਇਕ ਮਹਿਰਾਨ ਟੀ.ਆਰ.ਐੱਫ ਦਾ ਕਮਾਂਡਰ ਸੀ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਦੋ ਅਧਿਆਪਕਾਂ ਅਤੇ ਕੁਝ ਹੋਰ ਨਾਗਰਿਕਾਂ ਦੀ ਹੱਤਿਆ ’ਚ ਉਸ ਦਾ ਨਾਂ ਸਾਹਮਣੇ ਆਉਣ ਪਿੱਛੋਂ ਪੁਲਸ ਉਸ ਦੀ ਭਾਲ ਕਰ ਰਹੀ ਸੀ।

Comment here