ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਘਾਟੀ ’ਚ ਅੱਤਵਾਦ ਆਖਰੀ ਸਾਹਾਂ ’ਤੇ : ਸਿਨ੍ਹਾ

ਸ਼੍ਰੀਨਗਰ–ਘਾਟੀ ਵਿੱਚ ਵਾਦ ਵਿਵਾਦ ਨਿਰੰਤਰ ਜਾਰੀ ਹੈ। ਇਸ ਸੰਬੰਧੀ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨ੍ਹਾ ਨੇ ਕਿਹਾ ਕਿ ਘਾਟੀ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਕਤਲਾਂ ਨੂੰ ਅੱਤਵਾਦੀਆਂ ਵੱਲੋਂ ਨਿਰਾਸ਼ਾ ’ਚ ਸੁਰੱਖਿਆ ਬਲਾਂ ਨੂੰ ਕੋਈ ਗਲਤੀ ਕਰਨ ਲਈ ਉਕਸਾਉਣ ਦੇ ਮਕਸਦ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਜੋ ਲੋਕ ਵਿਰੋਧ ’ਚ ਸੜਕਾਂ ’ਤੇ ਉਤਰ ਸਕਣ।
ਸਿਨ੍ਹਾ ਨੇ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ ’ਚ ਇਕ ਸਮਾਗਮ ਦੌਰਾਨ ਕਿਹਾ, ‘ਨਿਰਦੋਸ਼ ਲੋਕਾਂ ਦੀ ਟਾਰਗੈੱਟ ਬਣਾ ਕੇ ਕਤਲ ਕੀਤੇ ਗਏ। ਬੱਚਿਆਂ ਨੂੰ ਪੜ੍ਹਾਉਣ ਵਾਲੀ ਇਕ ਮਹਿਲਾ ਅਧਿਆਪਕ ਦਾ ਕਤਲ ਕਰ ਦਿੱਤਾ ਗਿਆ। ਜੇਕਰ ਸਮਾਜ ਇਸ ਦੀ ਨਿਖੇਧੀ ਨਹੀਂ ਕਰਦਾ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਆਪਣੇ ਫਰਜ਼ਾਂ ਤੋਂ ਭੱਜ ਰਹੇ ਹਾਂ।’
ਉਨ੍ਹਾਂ ਕਿਹਾ, ‘ਨਿਰਾਸ਼ਾ ਦੇ ਆਲਮ ’ਚ ਅੱਤਵਾਦੀ ਅਜਿਹੀਆਂ ਕਾਰਵਾਈਆਂ ਕਰ ਰਹੇ ਹਨ। ਜੰਮੂ-ਕਸ਼ਮੀਰ ਪ੍ਰਸ਼ਾਸਨ ‘ਗੁਨਾਹਗਾਰ ਨੂੰ ਛੱਡੋ ਨਾ ਅਤੇ ਬੇਕਸੂਰਾਂ ਨੂੰ ਛੇੜੋ ਨਾ’ ਦੀ ਨੀਤੀ ’ਤੇ ਚੱਲ ਰਿਹਾ ਹੈ।’ ਸਿਨ੍ਹਾ ਨੇ ਕਿਹਾ ਕਿ ਅੱਤਵਾਦ ਆਪਣੇ ਆਖਰੀ ਸਮੇਂ ’ਚ ਹੈ ਅਤੇ ਜਦੋਂ ਮੋਮਬੱਤੀ ਬੁਝਣ ਵਾਲੀ ਹੁੰਦੀ ਹੈ ਤਾਂ ਉਸ ਦੀ ‘ਲੌਅ’ ਤੇਜ਼ ਹੋ ਜਾਂਦੀ ਹੈ। ਅੱਤਵਾਦ ਦੀ ‘ਲੌਅ’ ਤੇਜ਼ ਹੈ, ਕਿਉਂਕਿ ਪੁਲਸ ਅਤੇ ਸੁਰੱਖਿਆ ਬਲਾਂ ਨੇ ਉਨ੍ਹਾਂ ਦੇ ਚਾਰੇ ਪਾਸੇ ਘੇਰਾ ਘੱਤ ਲਿਆ ਹੈ। ਆਉਣ ਵਾਲੇ ਸਮੇਂ ਵਿਚ ਘਾਟੀ ਵਿਚ ਸ਼ਾਂਤੀ ਸਥਾਪਤ ਹੋ ਕੇ ਰਹੇਗੀ।

Comment here