ਸਾਹਿਤਕ ਸੱਥਦੁਨੀਆਵਿਸ਼ੇਸ਼ ਲੇਖ

ਘਰ ਦਾ ਮਾਹੌਲ ਖੁਸ਼ਨੁਮਾ ਬਣਾ ਕੇ ਰੱਖੋ

ਇੱਕ ਸਕੂਨਮਈ ਜਿੰਦਗੀ ਨੂੰ ਜਿਉਣ ਲਈ ਤੁਹਾਡੇ ਘਰ ਦੇ ਮਾਹੌਲ ਦਾ ਸਕਾਰਾਤਮਕ ਅਤੇ ਖੁਸ਼ਨੁਮਾ ਹੋਣਾ ਬਹੁਤ ਜਰੂਰੀ ਹੈ। ਜਿੰਨਾਂ ਘਰ ਦਾ ਮਾਹੌਲ ਚੜਦੀਕਲਾ ਅਤੇ ਖੁਸ਼ਨੁਮਾ ਹੁੰਦਾ ਹੈ, ਉੱਥੇ ਰਹਿਣ ਵਾਲੇ ਪਰਿਵਾਰਿਕ ਮੈਂਬਰ ਵੀ ਖੁਸ਼, ਤੰਦਰੁਸਤ ਅਤੇ ਚੜਦੀਕਲਾ ਵਾਲੇ ਹੁੰਦੇ ਹਨ। ਸਮਾਂ ਨਿਰੰਤਰ ਚੱਲ ਰਿਹਾ ਹੈ, ਸਮੇਂ ਨਾਲ ਤਬਦੀਲੀਆਂ ਆਈਆਂ ਹਨ ਅਤੇ ਆ ਰਹੀਆਂ ਹਨ, ਇਹ ਤਬਦੀਲੀਆਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਭਾਵੇਂ ਅੱਜ ਵੀ ਮਨੁੱਖ ਲਈ ਸਭ ਤੋਂ ਪਿਆਰੀ ਜਗ੍ਹਾ ਉਸਦਾ ਘਰ ਹੀ ਹੈ, ਪਰ ਅੱਜ ਘਰਾਂ ਦੇ ਮਾਹੌਲ ਵਿੱਚ ਬਹੁਤ ਪਰਿਵਰਤਨ ਆ ਗਿਆ ਹੈ। ਬਹੁਤਾਤ ਲੋਕਾਂ ਦੀ ਸਥਿਤੀ ਅਜਿਹੀ ਬਣੀ ਹੈ ਕਿ ਉਹ ਆਪਣੇ ਘਰਾਂ ਨੂੰ ਜੇਲ੍ਹਾਂ ਸਮਝੀ ਬੈਠੇ ਹਨ। ਘਰ ਆਉਂਦਿਆਂ ਹੀ ਪਰਿਵਾਰਿਕ ਝਗੜੇ, ਅਣਸੁਖਾਵੇਂ ਮਾਹੌਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਆਧੁਨਿਕਵਾਦ ਨੇ ਮਨੁੱਖੀ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਮਨੁੱਖ ਦੀਆਂ ਖਵਾਹਿਸ਼ਾਂ ਬਹੁਤ ਵੱਧ ਗਈਆਂ ਹਨ, ਅਤੇ ਉਹਨਾਂ ਇਛਾਵਾਂ ਨੂੰ ਪੂਰਿਆਂ ਕਰਨ ਲਈ ਸਾਧਨ ਅੱਜ ਵੀ ਸੀਮਤ ਹੀ ਹਨ। ਘਰ ਵਿੱਚ ਕਮਾਉਣ ਵਾਲਾ ਇੱਕ ਵਿਅਕਤੀ ਹੈ, ਜਿਸ ਦੇ ਸਿਰ ਉੱਪਰ ਸਾਰੇ ਪਰਿਵਾਰ ਦੀਆਂ ਖਵਾਹਿਸ਼ਾਂ ਪੂਰੀਆਂ ਕਰਨ ਦੀ ਜਿੰਮੇਵਾਰੀ ਹੈ। ਵੱਧ ਰਹੀਆਂ ਖਵਾਹਿਸ਼ਾਂ ਦੀ ਪੂਰਤੀ ਨਾ ਹੋਣ ਤੇ ਬਹੁਤਾਤ ਘਰਾਂ ਵਿੱਚ ਲੜਾਈਆਂ ਝਗੜੇ ਹੁੰਦੇ ਹਨ, ਜੋ ਘਰ ਦੇ ਮਾਹੌਲ ਨੂੰ ਖਰਾਬ ਕਰਦੀਆਂ ਹਨ। ਇੱਕ ਵਧੀਆ ਪਰਿਵਾਰਿਕ ਖੁਸ਼ਨੁਮਾ ਮਾਹੌਲ ਨਾ ਸਿਰਫ਼ ਸਰੀਰਕ ਬਲਕਿ ਮਨੁੱਖ ਦੀ ਮਾਨਸਿਕ ਸਿਹਤ ਨੂੰ ਤਰੋਤਾਜ਼ਾ ਅਤੇ ਤੰਦਰੁਸਤ ਰੱਖਣ ਵਿੱਚ ਬਹੁਤ ਮਦਦਗਾਰ ਸਿੱਧ ਹੁੰਦਾ ਹੈ। ਜਿਹੜਾ ਪਰਿਵਾਰ ਇੱਕ ਦੂਜੇ ਨਾਲ ਖੁਸ਼ੀ ਖੁਸ਼ੀ ਵਿਚਰਦੇ ਹਨ, ਸਮਾਂ ਬਿਤਾਉਂਦੇ ਹਨ ਉਹ ਪਰਿਵਾਰ ਦੂਸਰੇ ਪਰਿਵਾਰਾਂ ਨਾਲੋ ਵੱਧ ਸਕੂਨ ਮਈ ਜਿੰਦਗੀ ਜਿਉਂਦੇ ਹਨ।
ਯਤਨ ਕਰੋ ਕਿ ਤੁਹਾਡੇ ਘਰ ਦਾ ਵਾਤਾਵਰਣ ਅਜਿਹਾ ਹੋਵੇ ਕਿ ਤੁਹਾਡੇ ਪਰਿਵਾਰ ਤੋਂ ਇਲਾਵਾ ਕੋਈ ਰਿਸ਼ਤੇਦਾਰ ਸਾਕ ਸੰਬੰਧੀ ਵੀ ਤੁਹਾਡੇ ਘਰ ਆਵੇ ਤਾਂ ਉਸ ਨੂੰ ਸਕਾਰਾਤਮਕ ਤਰੰਗਾਂ ਆਉਣ, ਉਸਨੂੰ ਤੁਹਾਡੇ ਘਰ ਵਿੱਚ ਘੁਟਣ ਨਹੀਂ ਬਲਕਿ ਸਕੂਨ ਮਿਲੇ। ਹੁਣ ਸਵਾਲ ਇਹ ਹੈ ਕਿ ਘਰ ਦਾ ਵਾਤਾਵਰਣ ਖੁਸ਼ਨੁਮਾ ਕਿਵੇਂ ਬਣਾਇਆ ਜਾ ਸਕਦਾ ਹੈ ਤਾਂ ਇਸਦਾ ਬਹੁਤ ਹੀ ਸਰਲ ਉੱਤਰ ਹੈ ਕਿ ਘਰ ਨੂੰ ਅਸਲ ਅਰਥਾਂ ਵਿੱਚ ਘਰ ਬਣਾਉਣ ਲਈ ਪਰਿਵਾਰ ਦੇ ਹਰ ਮੈਬਰ ਦੀ ਜਿੰਮੇਵਾਰੀ ਹੈ। ਜੇਕਰ ਅਸੀਂ ਕਹੀਏ ਕਿ ਘਰ ਪਰਿਵਾਰ ਨੂੰ ਖੁਸ਼ ਰੱਖਣ ਦੀ ਜਿੰਮੇਵਾਰੀ ਕੇਵਲ ਔਰਤ ਦੀ ਹੈ ਤਾਂ ਅਸੀਂ ਗਲਤ ਹਾਂ, ਜੇਕਰ ਅਸੀਂ ਸੋਚੀਏ ਕਿ ਘਰ ਦੇ ਮਾਹੌਲ ਨੂੰ ਸੁਹਾਵਨਾ ਬਣਾਈ ਰੱਖਣ ਲਈ ਮਰਦ ਹੀ ਹਰ ਕੋਸ਼ਿਸ਼ ਕਰੇ ਤਾਂ ਇਹ ਵੀ ਉਚਿਤ ਨਹੀਂ। ਅਸਲ ਵਿੱਚ ਘਰ ਵਿੱਚ ਰਹਿੰਦੇ ਹਰ ਮੈਬਰ, ਪਤੀ, ਪਤਨੀ, ਬੱਚੇ, ਬਜ਼ੁਰਗ ਦਾ ਫਰਜ਼ ਹੈ ਕਿ ਘਰ ਦਾ ਮਾਹੌਲ ਸੋਹਣਾ ਬਣਾ ਕੇ ਰੱਖਣ ਵਿੱਚ ਆਪਣਾ ਬਣਦਾ ਯੋਗਦਾਨ ਅਤੇ ਜਿੰਮੇਵਾਰੀ ਨਿਭਾਏ।
ਪਰਿਵਾਰ ਦੇ ਕਿਸੇ ਇੱਕ ਮੈਂਬਰ ਦੀ ਬੇਰੁਖੀ, ਉਦਾਸੀ ਸਾਰੇ ਪਰਿਵਾਰ ਨੂੰ ਨਿਰਾਸ਼ ਕਰਦੀ ਹੈ ਅਤੇ ਘਰ ਦੀ ਸਥਿਤੀ ਚਿੰਤਾਂਜਨਕ ਬਣਾ ਦਿੰਦੀ ਹੈ। ਇਸ ਲਈ ਹਰ ਮੈਂਬਰ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਘਰ ਦੀਆਂ ਸਥਿਤੀਆਂ ਅਨੁਸਾਰ ਆਪਣੇ ਆਪ ਨੂੰ ਢਾਲੇ। ਜੇਕਰ ਕੋਈ ਖਵਾਹਿਸ਼ ਜਾਂ ਮੰਗ ਪੂਰੀ ਨਹੀਂ ਹੁੰਦੀ ਜਾਂ ਫਿਰ ਵੱਡੇ ਛੋਟੇ ਕਿਸੇ ਦੀ ਵੀ ਕੋਈ ਗੱਲ ਚੰਗੀ ਨਹੀਂ ਲੱਗ ਰਹੀ ਤਾਂ ਉਸਨੂੰ ਬੈਠ ਕੇ ਵਿਚਾਰਿਆ ਜਾਵੇ, ਇੱਕ ਦੂਸਰੇ ਨਾਲ ਗੱਲਬਾਤ ਕੀਤੀ ਜਾਵੇ ਅਤੇ ਉਸਦਾ ਵਾਜਿਬ ਹੱਲ ਕੱਢਿਆ ਜਾਵੇ।
ਘਰ ਪਰਿਵਾਰ ਦਾ ਮਾਹੌਲ ਅਜਿਹਾ ਹੋਣਾ ਚਾਹੀਦਾ ਹੈ ਕਿ ਕੰਮਾਂ ਕਾਜਾਂ ਵਿੱਚ ਰੁਝਿਆ ਜਾਂ ਹੋਰ ਸਥਿਤੀਆਂ ਵਿੱਚ ਵਿਚਰਦੇ ਇਨਸਾਨ ਨੂੰ ਆ ਕੇ ਸਕੂਨ ਮਿਲੇ, ਪਰਿਵਾਰ ਦੇ ਹਸੋਂ ਹਸੋਂ ਕਰਦੇ ਚਿਹਰੇ ਉਸਦੀ ਸਾਰੇ ਦਿਨ ਦੀ ਥਕਾਵਟ ਉਤਾਰ ਦੇਣ। ਜੇਕਰ ਕਿਸੇ ਕਾਰਣ ਕਰਕੇ ਦਿਨ ਠੀਕ ਨਹੀਂ ਗਿਆ ਹੋਵੇ ਤਾਂ ਪਰਿਵਾਰ ਨੂੰ ਮਿਲਦੇ ਸਾਰ ਹੀ ਉਸ ਨੂੰ ਸਭ ਭੁੱਲ ਜਾਵੇ। ਇੱਕ ਸਕੂਨਮਈ ਜਿੰਦਗੀ ਜਿਊਣ ਲਈ ਘਰਾਂ ਦੇ ਮਾਹੌਲ ਸਿਰਜੀਏ, ਜਿੱਥੇ ਰਹਿੰਦੇ ਹਰ ਮੈਂਬਰ ਦੀ ਸਖਸੀਅਤ ਵੀ ਸਕਾਰਾਤਮਕ ਅਤੇ ਚੜਦੀਕਲਾ ਵਾਲੀ ਸਿਰਜੀ ਜਾਵੇ। ਚੰਗਾ ਘਰ ਚੰਗੀ ਮਾਨਸਿਕ ਸਿਹਤ ਦਾ ਵੀ ਰਾਜ ਹੈ, ਇਸ ਲਈ ਆਪਣੀ ਅਤੇ ਆਪਣਿਆਂ ਦੀ ਖੁਸ਼ੀ, ਚੜਦੀਕਲਾ ਅਤੇ ਚੰਗੀ ਸਿਹਤ ਲਈ ਘਰ ਦੇ ਮਾਹੌਲ ਨੂੰ ਖੁਸ਼ਨੁਮਾ ਬਣਾਈਏ।

Comment here