ਲੁਧਿਆਣੇ ਚ ਪਾਦਰੀ ਜਖਮੀ ਕੀਤਾ, ਦੋ ਧੜੇ ਆਹਮੋ-ਸਾਹਮਣੇ
ਜਗਰਾਓਂ : ਪੰਜਾਬ ਵਿੱਚ ਧਰਮ ਪਰਿਵਰਤਨ ਵੱਡੇ ਪੱਧਰ ’ਤੇ ਚੱਲ ਰਿਹਾ ਹੈ। ਹੁਣ ਇਸ ਨੂੰ ਲੈ ਕੇ ਵੀ ਵਿਵਾਦ ਖੜ੍ਹਾ ਹੋ ਗਿਆ ਹੈ। ਅਜਿਹਾ ਹੀ ਇਕ ਮਾਮਲਾ ਲੁਧਿਆਣਾ ਜ਼ਿਲ੍ਹੇ ਵਿੱਚ ਸਾਹਮਣੇ ਆਇਆ ਹੈ। ਇੱਥੋਂ ਦੇ ਮੁੱਲਾਂਪੁਰ ਪਿੰਡ ਲਾਗੇ ਪਿੰਡ ਵਲੀਪੁਰ ਖ਼ੁਰਦ ਸਥਿਤ ਘਰ ਵਿਚ ਬਣੀ ਚਰਚ ਵਿਚ ਕਥਿਤ ਧਰਮ ਤਬਦੀਲੀ ਦਾ ਮਾਮਲਾ ਤੂਲ ਫਡ਼ਦਾ ਜਾ ਰਿਹਾ ਹੈ। ਪਾਸਟਰ ਨੇ ਹਮਲਾਵਰਾਂ ’ਤੇ ਜ਼ਖ਼ਮੀ ਕਰਨ ਦੇ ਦੋਸ਼ ਲਾ ਕੇ ਸ਼ਿਕਾਇਤ ਦਿੱਤੀ ਹੈ। ਦੂਜੇ ਪਾਸੇ ਪੰਚਾਇਤ ਨੇ ਇਨ੍ਹਾਂ ਦੋਸ਼ਾਂ ਨੂੰ ਸੋਚੀ ਸਮਝੀ ਸਾਜ਼ਿਸ਼ ਕਰਾਰ ਦਿੱਤਾ ਹੈ। ਪਾਦਰੀ ਦੀ ਸ਼ਿਕਾਇਤ ’ਤੇ ਪੁਲਿਸ ਨੇ ਪਿੰਡ ਵਾਸੀ ਤਿੰਨ ਜਣਿਆਂ ਤੇ 9 ਹੋਰਨਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ। ਸਰਪੰਚ ਜਗੀਰ ਸਿੰਘ ਨੇ ਕਿਹਾ ਕਿ ਪਾਦਰੀ ਵੱਲੋਂ ਪਿੰਡ ਦੇ ਲੋਕਾਂ ’ਤੇ ਹਮਲਾ ਕਰਨ ਦੇ ਜੋ ਦੋਸ਼ ਲਾਏ ਗਏ ਹਨ, ਉਹ ਸਭ ਬੇਬੁਨਿਆਦ ਹਨ। ਸਰਪੰਚ ਜਗੀਰ ਸਿੰਘ ਤੋਂ ਇਲਾਵਾ ਪਿੰਡ ਦੇ ਲੋਕਾਂ ਦਾ ਦੋਸ਼ ਹੈ ਕਿ ਪਿੰਡ ਵਾਸੀ ਬੀਰਬਲ ਸਿੰਘ ਨੇ 8-10 ਸਾਲ ਪਹਿਲਾਂ ਘਰ ਵਿਚ ਚਰਚ ਦੀ ਸਥਾਪਨਾ ਕੀਤੀ ਸੀ। ਜਿੱਥੇ ਹਰ ਐਤਵਾਰ ਨੂੰ ਪ੍ਰਾਰਥਨਾ ਸਭਾ ਹੁੰਦੀ ਹੈ। ਉਨ੍ਹਾਂ ਦੋਸ਼ ਲਾਏ ਸਨ ਕਿ ਇੱਥੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਤੇ ਇਕ ਧਰਮ ਦੇ ਖ਼ਿਲਾਫ਼ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਪੁਲਿਸ ਤੇ ਪਿੰਡ ਵਾਸੀਆਂ ਨੇ ਐਤਵਾਰ ਨੂੰ ਪ੍ਰਾਰਥਨਾ ਸਭਾ ਦੇ ਵਿਰੋਧ ਵਿਚ ਧਰਨਾ ਦਿੱਤਾ ਸੀ। ਪ੍ਰਸ਼ਾਸਨ ਨੇ ਕਦੇ ਕਾਰਵਾਈ ਨਹੀਂ ਕੀਤੀ’’। ਸੀਐੱਮਸੀ ਹਸਪਤਾਲ ਵਿਚ ਦਾਖ਼ਲ ਪਾਸਟਰ ਬੀਰਬਲ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਪ੍ਰਾਰਥਨਾ ਸਭਾ ਕਰ ਕੇ ਵਾਪਸ ਪਿੰਡ ਪਰਤ ਰਹੇ ਸਨ। ਬੀਤੇ ਦਿਨੀਂ ਪਿੰਡ ਨੇਡ਼ੇ ਪੁੱਜਾ ਤਾਂ 10-12 ਵਿਅਕਤੀ ਉਸ ਦੀ ਕਾਰ ਦੇ ਅੱਗੇ ਆ ਗਏ ਸਨ ਤੇ ਉਸ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪਾਦਰੀ ਦੇ ਬਿਆਨਾਂ ’ਤੇ ਥਾਣਾ ਮੁੱਲਾਂਪੁਰ ਦੀ ਪੁਲਿਸ ਨੇ ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ, ਸਤਨਾਮ ਸਿੰਘ ਤੇ ਪਿੰਡ ਦੇ 9 ਹੋਰ ਅਣਪਛਾਤੇ ਵਿਅਕਤੀਆਂ ’ਤੇ ਕਤਲ ਦੀ ਕੋਸ਼ਿਸ਼ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਪੰਚਾਇਤ, ਗੁਰਦੁਆਰਾ ਕਮੇਟੀ ਤੇ ਹੋਰ ਲੋਕਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਾਮਲੇ ਵਿਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਸਰਪੰਚ ਜਗੀਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕਾਂ ’ਤੇ ਵਿਦੇਸ਼ ਤੋਂ ਪਰਚੇ ਦਰਜ ਕਰਵਾਉਣ ਲਈ ਦਬਾਅ ਪਾਇਆ ਗਿਆ। ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਧਰਮ ਤਬਦੀਲੀ ਰੁਕਾਉਣ ਅਤੇ ਝੂਠਾ ਪਰਚਾ ਦਰਜ ਕਰਵਾਉਣ ਦੇ ਮਾਮਲੇ ਵਿਚ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
Comment here