ਨਵੀਂ ਦਿੱਲੀ – ਕੇਂਦਰ ਦੇ ਕਿਰਤ ਤੇ ਰੁਜ਼ਗਾਰ ਮੰਤਰੀ ਭੁਪਿੰਦਰ ਯਾਦਵ ਨੇ ਘਰੇਲੂ ਨੌਕਰਾਂ ਦਾ ਸਰਵੇ ਸ਼ੁਰੂ ਕਰਵਾਇਆ ਹੈ। ਦੇਸ਼ ’ਚ ਪਹਿਲੀ ਵਾਰੀ ਘਰੇਲੂ ਨੌਕਰਾਂ ਦਾ ਸਰਵੇ ਹੋ ਰਿਹਾ ਹੈ, ਇਹ ਕੰਮ ਦੇਸ਼ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਕੀਤਾ ਜਾਵੇਗਾ। 742 ਜ਼ਿਲ੍ਹਿਆਂ ’ਚ ਹੋਣ ਵਾਲੇ ਇਸ ਸਰਵੇ ਦਾ ਕੰਮ ਅਗਲੇ ਇਕ ਸਾਲ ’ਚ ਪੂਰਾ ਹੋਣ ਦੀ ਉਮੀਦ ਹੈ। ਇਸ ਸਰਵੇ ਜ਼ਰੀਏ ਘਰੇਲੂ ਨੌਕਰਾਂ ਦੇ ਕੰਮ ਕਰਨ ਦੀ ਉਮਰ, ਸਮਾਜਿਕ ਸਥਿਤੀ, ਕਾਰੋਬਾਰੀ ਸਿਖਲਾਈ ਤੇ ਸਿੱਖਿਆ, ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਕੰਮ, ਕੰਮ ਦੇ ਦਿਨਾਂ ਦੀ ਗਿਣਤੀ ਵਰਗੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ।ਕੰਮ ਦੇ ਘੰਟੇ, ਮਜ਼ਦੂਰੀ ਤੇ ਠੇਕੇ ਦੀਆਂ ਕਿਸਮਾਂ, ਕੰਮ ਲਈ ਤੈਅ ਕੀਤੀ ਜਾਣ ਵਾਲੀ ਦੂਰੀ, ਕੋਰੋਨਾ ਮਹਾਮਾਰੀ ਤੋਂ ਪਹਿਲਾਂ ਤੇ ਬਾਅਦ ’ਚ ਰੱਖੇ ਗਏ ਘਰੇਲੂ ਨੌਕਰ, ਮਜ਼ਦੂਰੀ ਤੇ ਨੌਕਰੀ ’ਤੇ ਇਸ ਦੇ ਅਸਰ, ਰਹਿਣ-ਸਹਿਣ ਦਾ ਪੱਧਰ ਤੇ ਸਮਾਜਿਕ ਸੁਰੱਖਿਆ ਲਾਭ ਦੇ ਬਾਰੇ ’ਚ ਵੀ ਜਾਣਕਾਰੀ ਮਿਲੇਗੀ। ਹੁਣ ਤਕ ਘਰੇਲੂ ਨੌਕਰਾਂ ਦਾ ਕੋਈ ਡਾਟਾ ਕਿਤੇ ਵੀ ਉਪਲਬਧ ਨਹੀਂ ਹੈ। ਕਿਰਤ ਤੇ ਰੁਜ਼ਗਾਰ ਮੰਤਰਾਲੇ ਮੁਤਾਬਕ ਘਰੇਲੂ ਨੌਕਰਾਂ ਦੇ ਇਸ ਤਰ੍ਹਾਂ ਦੇ ਸਰਵੇ ਨਾਲ ਉਨ੍ਹਾਂ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਸਰਕਾਰ ਕੋਲ ਹੋਣਗੀਆਂ ਜਿਸ ਨਾਲ ਇਨ੍ਹਾਂ ਘਰੇਲੂ ਨੌਕਰਾਂ ਨੂੰ ਵੀ ਸਰਕਾਰੀ ਫ਼ਾਇਦੇ ਦਾ ਹਿੱਸਾ ਬਣਾਇਆ ਜਾ ਸਕੇਗਾ। ਘਰੇਲੂ ਨੌਕਰਾਂ ’ਤੇ ਆਲ ਇੰਡੀਆ ਸਰਵੇ ਦਾ ਮਕਸਦ ਰਾਸ਼ਟਰੀ ਤੇ ਸੂਬਾ ਪੱਧਰ ’ਤੇ ਘਰੇਲੂ ਨੌਕਰਾਂ ਦੀ ਗਿਣਤੀ ਤੇ ਅਨੁਪਾਤ, ਰਸਮੀ-ਗ਼ੈਰਰਸਮੀ ਰੁਜ਼ਗਾਰ, ਪਰਵਾਸੀ-ਗ਼ੈਰ ਪਰਵਾਸੀ, ਉਨ੍ਹਾਂ ਦੀ ਮਜ਼ਦੂਰੀ ਤੇ ਹੋਰ ਸਮਾਜਿਕ-ਆਰਥਿਕ ਵਿਸ਼ੇਸ਼ਤਾਵਾਂ ਦੇ ਸਬੰਧ ’ਚ ਜਾਣਕਾਰੀ ਇਕੱਠਾ ਕਰਨਾ ਹੈ। ਕੁਝ ਮਹੀਨੇ ਪਹਿਲਾਂ ਹੀ ਕਿਰਤ ਮੰਤਰਾਲੇ ਨੇ ਗ਼ੈਰ-ਸੰਗਠਿਤ ਖੇਤਰਾਂ ਦੇ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਲਈ ਈ-ਸ਼੍ਰਮ ਪੋਰਟਲ ਲਾਂਚ ਕੀਤਾ ਸੀ ਤੇ ਹੁਣ ਤਕ ਅੱਠ ਕਰੋੜ ਤੋਂ ਜ਼ਿਆਦਾ ਮਜ਼ਦੂਰ ਇਸ ਪੋਰਟਲ ’ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਅਜਿਹਾ ਕਰਨ ਵਾਲਿਆਂ ਨੂੰ ਸਰਕਾਰੀ ਸਹੂਲਤਾਂ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ।
Comment here