ਜ਼ਿੰਦਗੀ ਵਿੱਚ ਗੁਰੂ ਤੇ ਚੇਲੇ ਦਾ ਰਿਸ਼ਤਾ ਬਹੁਤ ਮਹੱਤਵਪੂਰਣ ਹੈ.. ਚੰਗਾ ਗੁਰੂ ਹੀ ਤੁਹਾਨੂੰ ਵਧੀਆ ਇਨਸਾਨ ਬਣਾ ਸਕਦਾ ਹੈ। ਹਰ ਪ੍ਰਤੀਵੱਧ ਗੁਰ ਦੀ ਇੱਛਾ ਹੁੰਦੀ ਹੈ ਕਿ ਉਸਦੇ ਚੇਲੇ , ਉਸ ਤੋਂ ਚਾਰ ਕਦਮ ਅੱਗੇ ਜਾਣ। ਪਹਿਲਾਂ ਗੁਰੂ ਆਪਣੇ ਕਿੱਤੇ ਦੇ ਲਈ ਪ੍ਰਤੀਵੱਧ ਹੁੰਦੇ ਸਨ। ਪਰ ਸਮਾਂ ਬਦਲਣ ਦੇ ਨਾਲ ਗੁਰੂ ਤਾਂ ਰਹਿ ਗਏ ਪਰ ਪ੍ਰਤੀਵੱਧਤਾ ਖਤਮ ਹੋ ਗਈ ਹੈ। ਗੁਰੂ ਨੂੰ ਪਤਾ ਹੁੰਦਾ ਹੈ ਕਿ ਉਸਦੇ ਚੇਲਿਆਂ ਦੇ ਵਿੱਚ ਕੀ ਗੁਣ ਤੇ ਔਗੁਣ ਹਨ। ਉਸ ਨੇ ਔਗੁਣ ਦੂਰ ਕਰਨੇ ਹੁੰਦੇ ਹਨ ਜਿਵੇਂ ਮੂਰਤੀ ਤਾਂ ਪੱਥਰ ਵਿੱਚ ਹੁੰਦੀ ਹੈ ਤੇ ਮੂਰਤੀਕਾਰ ਨੇ ਤਾਂ ਵਾਧੂ ਦਾ ਮਲਬਾ ਉਤਾਰਨਾ ਹੁੰਦਾ ਹੈ। ਗੁਰਬਾਣੀ ਦੇ ਵਿੱਚ ਇਹ ਸ਼ਬਦ ਆਉਂਦਾ ਹੈ
ਸੋ ਗੁਰੂ ਕਰਹੁ ਜਿ ਬਾਹੁਰਿ ਨਾ ਕਰਨਾ ।।
ਪਰ ਜੇ ਗੁਰੂ ਆਪ ਹੀ ਅੰਨ੍ਹਾ ਹੋਵੇ ਤਾਂ ਉਹ ਦੂਸਰੇ ਨੂੰ ਕੀ ਸਿੱਖਿਆ ਦੇਵੇਗਾ? ਉਸ ਦੀ ਹਾਲਤ ਇਸ ਸ਼ਬਦ ਵਰਗੀ ਹੁੰਦੀ ਹੈ।
ਗੁਰੂ ਜਿੰਨਾਂ ਕਾ ਅੰਧਲਾ
ਚੇਲੇ ਨਾਹੀ ਠਾਉ ।
ਬਿਨੁ ਸਤਿਗੁਰ ਨਾਉ
ਨਾ ਪਾਈਐ ਬਿਨੁ
ਲਾਵੈ ਕਿਆ ਸੁਆਉ।।
———
ਸਿੱਖਿਆ ਦੇ ਖੇਤਰ ਵਿੱਚ ਹੀ ਨਹੀਂ ਸਗੋਂ ਜ਼ਿੰਦਗੀ ਦੇ ਹਰ ਕਿੱਤੇ ਦੇ ਵਿੱਚ ਗੁਰੂ ਤੇ ਚੇਲੇ ਦੀ ਪ੍ਰੰਪਰਾ ਹੈ। ਬਿਨ ਗੁਰੂ ਦੇ ਤੁਸੀਂ ਕੋਈ ਵੀ ਮੈਦਾਨ ਸਰ ਨਹੀ ਕਰ ਸਕਦੇ। ਜਿਵੇਂ ਤਗੜੀ ਫੌਜ ਦਾ ਬੇਸਮਝ ਕਪਤਾਨ ਜਾਨ ਦਾ ਖੌਹ ਬਣ ਜਾਂਦਾ ਹੈ। ਜੰਗ ਕੋਈ ਵੀ ਹੋਵੇ, ਤਾਕਤ ਦੇ ਨਾਲ ਨਹੀਂ ਜੁਗਤ ਤੇ ਸਿਆਣਪ ਦੇ ਨਾਲ ਲੜੀ ਤੇ ਜਿੱਤੀ ਜਾਂਦੀ ਹੈ। ਬਹੁਤ ਵਾਰ ਜ਼ੋਰਾਵਰ ਪਹਿਲਵਾਨ ਆਪਣੀ ਤਾਕਤ ਦੇ ਨਾਲ ਬਿਨਾ ਦਾਅ ਦੇ ਹੁੰਦਿਆਂ ਢਹਿ ਜਾਂਦਾ ਹੈ। ਜ਼ਿੰਦਗੀ ਦੇ ਵਿੱਚ ਹਰ ਜੰਗ ਜਿੱਤਣ ਦੇ ਲਈ ਨਹੀਂ ਸਗੋਂ ਆਪਣੀ ਹੋੰਦ ਬਚਾਈ ਰੱਖਣ ਤੇ ਅਜ਼ਾਦ ਜਿਉਣ ਦੇ ਲਈ ਲੜੀ ਜਾਂਦੀ ਹੈ। ਬਹੁਗਿਣਤੀ ਲੋਕ ਤਾਂ ਗੁਰਬਾਣੀ ਦੇ ਇਸ ਸਲੋਕ ਦੀ ਹੀ ਪ੍ਰਕਰਮਾ ਕਰਦੇ ਹਨ। ਬਹੁਤ ਘੱਟ ਸ਼ਖਸੀਅਤਾਂ ਹੁੰਦੀਆਂ ਹਨ ਜੋ ਲੋਕਾਂ ਦੇ ਲਈ ਕਾਰਜਸ਼ੀਲ ਹੁੰਦੀਆਂ ਹਨ।
ਉਨ੍ਹਾਂ ਲੋਕਾਂ ਨੂੰ ਹੀਅਸੀਂ ਲੋਕ ਨਾਇਕ ਆਖਦੇ ਹਾਂ । ਜੋ ਦੂਜਿਆਂ ਲਈ ਚਾਨਣ ਮੁਨਾਰਾ ਬਣਦੇ ਹਨ । ਆਪਣੇ ਢਿੱਡ ਲਈ ਹਰ ਕੋਈ ਕਮਾਈ ਤੇ ਲੁੱਟਮਾਰ ਕਰਦਾ ਹੈ । ਸਿਆਸਤ ਤੇ ਸਰਕਾਰੀ ਨੌਕਰੀ ਕੁੱਝ ਕੁ ਲਈ ਲੁੱਟਮਾਰ ਕਰਨ ਦਾ ਸਰਕਾਰੀ ਮਨਜ਼ੂਰ ਸ਼ੁਦਾ ਅੱਡਾ ਬਣ ਗਈ ਹੈ ।
੦੦ ੦੦
ਪਹਿਲੇ ਸਮਿਆਂ ਦੇ ਵਿੱਚ ਆਪਣੀ ਰੋਜ਼ੀ ਰੋਟੀ ਕਮਾਉਣ ਵਾਲੇ ਗਾਇਕਾਂ ਨੂੰ ਸਤਿਕਾਰ ਨਾਲ ਲੋਕ ਗਾਇਕ ਆਖਿਆ ਜਾਂਦਾ ਸੀ। ਪਰ ਉਹ ਲੋਕ ਗਾਇਕ ਨਹੀਂ ਸੀ ਹੁੰਦੇ ਸਨ। ਉਹ ਤੇ ਲੋਕਾਂ ਦਾ ਮੰਨੋਰੰਜਨ ਕਰਨ ਵਾਲੇ ਕਲਾਕਾਰ ਹੁੰਦੇ ਸਨ।
ਇਸੇ ਕਰਕੇ ਬਹੁਤੇ ਕਲਾਕਾਰ ਅਸਮਾਨੀ ਚੜ੍ਹ ਗਏ ।
ਸਾਡੇ ” ਬਿਧਮਾਨਾਂ ਤੇ ਮੁਰਗੇ ਦੀ ਟੰਗ ” ਦੇ ਨਾਲ ਲਿਖਣ ਵਾਲੇ ਪੱਤਰਕਾਰਾਂ ਨੇ ਉਹਨਾਂ ਨੂੰ “ਲੋਕ ਗਾਇਕ ” ਬਣਾ ਦਿੱਤਾ । ਉਹਨਾਂ ਦਾ ਕਿਹਾ ਤੇ ਲਿਖਿਆ ਅਸੀਂ ਸੱਚ ਮੰਨ ਲਿਆ ਪਰ ਅਸੀਂ ਸੱਚ ਦੀ ਖੋਜ ਨਹੀਂ ਕੀਤੀ ਤੇ ਉਝ ਅਸੀਂ ਖੋਜਾਰਥੀ ਬਣ ਕੇ “ਬਿਧਮਾਨ “ਬਣ ਗਏ ਹਾਂ !
ਇਕ ਵਾਰ ਮੈਂ ਇਕ ਖੋਜਾਰਥੀ ਨੂੰ ਪੁੱਛਿਆ ਕਿ ” ਤੇਰੇ ਐਨੇ ਨੰਬਰ ਘੱਟ ਕਿਓਂ ਆਏ…ਹੁਣ ਤੂੰ ਕਵਿਤਾ ਦੇ ਵਿੱਚ ਪ੍ਰਗਤੀਵਾਦੀ ਵਿਚਾਰਧਾਰਾ ਦੇ ਨਾਲ ਜੁੜੇ ਕਵੀਆਂ ਦੇ ਬਾਰੇ ਖੋਜ ਕਰ ਰਿਹਾ। ਮੈਨੂੰ ਏ ਦੱਸ ਕਿ ਮਾਰਕਸ ਤੇ ਏਂਗਲਜ਼ ਦੇ ਵਿੱਚ ਕੀ ਅੰਤਰ ਤੇ ਵਿਰੋਧ ਹੈ?”
ਉਹ ਬੋਲਿਆ ” ਸਰ.! ਜੇ ਕਿਤੇ ਪੇਪਰਾਂ ਵੇਲੇ ਮੇਰਾ ਐਂਗਲ ਠੀਕ ਹੁੰਦਾ ਤਾਂ ਘੱਟੋ ਘੱਟ ਸੱਤਰ ਪਰਸੈਟ ਮਾਰਸਕ ਆਉਂਦੇ…ਤੇ ਰਹੀ ਗੱਲ ਪ੍ਰਗਤੀਵਾਦ ਦੀ ਇਹ ਤੇ ਜੀ ਆਪਾਂ ਏਧਰੋੰ ਓਧਰੋਂ ਚੇਪ ਦੇਣਾ..ਆਪਾਂ ਕਾਪੀ ਕਰਨ ਦੇ ਵਿੱਚ ਪੂਰੇ ਮਾਸਟਰ ਹਾਂ ! ਹੋਰ ਸੁਣਾਓ….ਕਿਵੇਂ ਚੱਲਦੀ ਹੈ..ਘਰ ਦੀ ਗੱਡੀ …? ਕਿ ਕਰੀਏ ਕੋਈ ਜੁਗਾੜ…ਦੱਸੋ…?””
ਹੁਣ ਉਹ ਸੱਜਣ ਪੁਰਸ਼ ਕਿਸੇ ਯੂਨੀਵਰਸਿਟੀ ਦਾ ਵਿਭਾਗ ਦਾ ਮੁਖੀ ਹੈ। ਦਸ ਲੈਕਚਰਾਰ ਉਸਦੇ ਥੱਲੇ ਹਨ। ਇਹ ਹੈ ਸੱਚ ਦਾ ਸਿਰਾ ।
ਸਿਆਣੇ ਕਹਿੰਦੇ ਹਨ ਕਿ ” ਜਿਹੇ ਕੁੱਜੇ, ਓਹ ਜਿਹੇ ਆਲੇ….ਜਿਹੇ ਜੀਜੇ ਓਹ ਜਿਹੇ ਸਾਲੇ…ਕਰਦੇ ਘਾਲੇ ਮਾਲੇ।”
ਗੁਰੂ ਤੇ ਚੇਲੇ ਦਾ ਰਿਸ਼ਤਾ ਬਹੁਤ ਹੀ ਪਵਿੱਤਰ ਹੈ…ਪਰ ਹੁਣ ਇਹ ਰਿਸ਼ਤਾ ਕੁੱਝ ਕਾਮ ਦੇ ਅੰਨ੍ਹਿਆਂ ਨੇ ਅਪਵਿੱਤਰ ਕਰ ਦਿੱਤਾ । ਉਹ ਕਿਵੇਂ ਅਪਵਿੱਤਰ ਹੋਇਆ ਹੈ ? ਇਹ ਤੇ ਉਹ ਹੀ ਦੱਸ ਸਕਦੇ ਹਨ ਜਿਹੜੇ ਆਪਣੇ ਧੀਆਂ ਤੇ ਪੁੱਤਰਾਂ ਵਰਗਿਆਂ ਦੇ ਨਾਲ……!” ਬਾਕੀ ਕਿਸੇ ਵੀ ਖੋਜਾਰਥੀ ਨੂੰ ਪੁੱਛਿਆ ਜਾ ਸਕਦਾ ਹੈ ਜੇ ਉਸਦੀ ਜਮੀਰ ਜਿਉਦੀ ਹੋਈ ਤਾਂ ਸੱਚ ਦੱਸੂ ਨਹੀਂ ਤਾਂ ਹੱਸੂ ?
੦੦ ੦੦
ਸਾਵਲ ਧਾਮੀ ਨੇ ਇਸ ਵਰਤਾਰੇ ਬਾਰੇ ਦੋ ਕਹਾਣੀਆਂ ਲਿਖੀਆਂ ਹਨ। ਜੋ ਉਸਦੀ ਪੁਸਤਕ ” ਤੂੰ ਨਿਹਾਲਾ ਨਾ ਬਣੀ.. ਦੇ ਵਿੱਚ ਹਨ… ਇਕ ਹੈ –ਗਾਈਡ …ਤੇ ਦੂਜੀ….ਪੇੰਜੀ ਦੇ ਫੁੱਲ ….। ਉਸਨੇ ਯੂਨੀਵਰਸਿਟੀਆਂ ਦੇ ਵਿਦਵਾਨਾਂ ਦੇ ਅਸਲੀ ਕਿਰਦਾਰ ਨੂੰ ਉਸਦੇ ਵਿੱਚ ਚਿਤਰਿਆ ਹੈ। ਕਦੇ ਮੌਕਾ ਲੱਗੇ ਤਾਂ ਪੜ੍ਹ ਲਿਓ…ਤੇ ਉਹ ਵਿਦਵਾਨਾਂ ਨੂੰ ਪਛਾਣਿਓ..ਕਿ ਕੌਣ ਹਨ?” ਤੁਸੀਂ ਚੰਡੀਗੜ੍ਹ ਦੇ ਇਕ ਵਿਦਵਾਨ ਦੀ ਰਜਾਈ ਵਾਲੀ ਗੱਲ ਤੇ ਸੁਣੀ ਹੋਵੇਗੀ ? ਨਹੀਂ …?
ਕੀ ਕਿਹਾ ਸੁਣੀ ਨਹੀਂ ..?….. ਅੱਛਾ ਜੀ….ਉਹ ਵਿਦਵਾਨ ਰਜਾਈ ਵਿੱਚ ਬੈਠ ਕੇ ਹੀ ਲਿਖਿਆ ਚੈਕ ਕਰਦਾ ਹੁੰਦਾ ਸੀ…ਪਤਾ ਨਹੀ ਉਸਨੂੰ ਠੰਡ ਲੱਗਦੀ ਜਾਂ ਫਿਰ ਕੋਈ ਹੋਰ ਚੱਕਰ ਸੀ…ਬਹੁਤ ਦੇਰ ਤਾਂ ਢਕੀ ਰਿਝਦੀ ਰਹੀ. ਤੇ ਇਕ ਦਿਨ ਭਾਣਾ ਵਾਪਰ ਗਿਆ ..ਦਹੀ ਦੇ ਭੁਲੇਖੇ ਉਸ ਨੇ ਕਪਾਹ ਦੀ ਫੁੱਟ ਨੂੰ ਮੂੰਹ ਪਾ ਲਿਆ ..ਬਸ ਫੇਰ ਜੀ ਜੋ ਹੋਇਆ … ਓਹੀ ਹੋਇਆ …ਬਚਾ ਇਹ ਹੋ ਗਿਆ ਕਿ ਉਸ ਦੀ ਯੂਨੀਵਰਸਿਟੀ ਦੇ ਵਿੱਚ ਉਸ ਦਹੀ ਦੇ ਫੁੱਟ ਵਰਗੀ ਨੇ ਸ਼ਿਕਾਇਤ ਨਾ ਕੀਤੀ ….ਤੇ ਉਸ ਉਤੇ ਉਲਟਾ ਵੱਟਾ ਇਹ ਰੱਖ ਗਈ ਕਿ ਹੁਣ ਥੀਸਿਸ ਆਪ ਹੀ ਲਿਖੀ ਜਿਸ ਦਿਨ ਜਮਾਂ ਕਰਵਾਉਣਾ ਹੋਇਆ ਦੱਸ ਦੇਵੀਂ…ਨਹੀਂ ਮੇਰੇ ਸਾਲੇ ਦਾ ਜਲੂਸ ਕੱਢ ਦੂ ਯੂਨੀਵਰਸਿਟੀ ਦੇ ਵਿੱਚ !”
੦੦ ੦੦
ਚਲੋ ਤੁਸੀਂ ਵੀ ਚੁਰਚਰੀਆਂ ਗੱਲਾਂ ਪੜ੍ਹਨ, ਸੁਨਣ ਤੇ ਦੇਖਣ ਦੇ ਆਦੀ ਹੋ ਗਏ ਹੋ । ਤੁਹਾਡੀਆਂ ਆਦਤਾਂ ਸਾਡੇ ਟੀਵੀ ਤੇ ਚੱਲਦੇ ਲੜੀਵਾਰ ਸੀਰੀਅਲ ਤੇ ਸਨਸਨੀਖੇਜ ਖਬਰਾਂ ਦਿਖਾਉਣ ਵਾਲੇ ਨਿਊਜ ਚੈਨਲਾਂ ਨੇ ਵਿਗਾੜੀਆਂ ਹਨ।। ਸਮਾਜ ਦਾ ਚਿੰਤਕ ਤੇ ਖੋਜੀ ਪੱਤਰਕਾਰ ਰਵੀਸ਼ ਕੁਮਾਰ ਇਹ ਕਹਿ ਕੇ ਹੱਭ ਗਿਆ ਕਿ ਤੁਸੀਂ ਟੀਵੀ ਦੇਖਣਾ ਬੰਦ ਕਰਦੋ..ਤਾਂ ਤੁਹਾਡੇ ਮਨ ਦੀ ਮਰ ਚੁੱਕੀ ਸੰਵੇਦਨਾ ਜਾਗ ਪਵੇਗੀ ਤੇ ਜੇ ਤੁਸੀਂ ਦੇਖਦੇ ਰਹੋਗੇ ਤਾਂ ਤੁਸੀਂ ਕਦੇ ਵੀ ਕਾਤਲ ਤੇ ਦੇਸ ਧ੍ਰੋਹੀ ਬਣ ਸਕਦੇ ਹੋ!”
ਅਸੀਂ ਕਿਸੇ ਦੇ ਦੱਸਣ ਉਤੇ ਬਹੁਤ ਜਲਦੀ ਪ੍ਰਭਾਵ ਕਬੂਲ ਕਰਦੇ ਹਾਂ ਤੇ ਸਾਡੀ ਚੇਤਨਾ ਬੰਦ ਹੋ ਜਾਂਦੀ ਹੈ।
ਹੁਣ ਚੇਤਨਾ ਤਾਂ ਹੀ ਪੈਦਾ ਹੋ ਸਕਦੀ ਹੈ ਜੇ ਅਸੀਂ ਗਿਆਨ ਹਾਸਲ ਕਰਾਂਗੇ। ਗਿਆਨ ਹਾਸਲ ਕਿਤਾਬਾਂ ਤੇ ਤਜਰਬੇਕਾਰ ਇਨਸਾਨਾਂ ਕੋਲੋਂ ਹੀ ਹਾਸਲ ਹੋ ਸਕਦਾ ਹੈ। ਸਿਲੇਬਸ ਦੀਆਂ ਕਿਤਾਬਾਂ ਸਾਨੂੰ ਫਰਜ਼ੀ ਗਿਆਨ ਦੇੰਦੀਆਂ ਹਨ ਜੋ ਨੌਕਰੀ ਉਤੇ ਲੱਗਣ ਤੇ ਵਿਆਹ ਕਰਵਾਉਣ ਦੇ ਹੀ ਕੰਮ ਆਉਦਾ ਹੈ ਪਰ ਜ਼ਿੰਦਗੀ ਦੇ ਵਿੱਚ ਫੇਰ ਕਦੇ ਕੰਮ ਨਹੀਂ ਆਉਦਾ। ਸਾਡੀ ਸਿੱਖਿਆ ਪ੍ਰਣਾਲੀ ਮੈਕਾਲਿਆ ਦੀ ਬਣਾਈ ਹੋਈ ਹੈ…ਜੋ ਅੱਜ ਤੱਕ ਚੱਲ ਰਹੀ ਹੈ।ਤੁਸੀਂ ਕੰਮ ਧੰਦਾ ਉਹ ਹੀ ਸਿੱਖਦੇ ਹੋ ਜੋ ਅੱਗੇ ਜ਼ਿੰਦਗੀ ਦੇ ਵਿੱਚ ਕੰਮ ਆਵੇ…ਇਹ ਨਹੀਂ ਕਿ..ਤੁਸੀਂ ਕੱਪੜੇ ਵੇਚਦੇ ਹੋਵੋ ਤੇ ਕਹੋ ਕਿ ਮੈ ਜਹਾਜ਼ ਚਲਾ ਸਕਦਾ।
ਗਿਆਨ ਗੁਰੂ ਨੇ ਦੇਣਾ ਹੈ। ਚੇਲੇ ਦੇ ਮਨ ਤੇ ਮਸਤਕ ਉਤੇ ਪਏ ਕਈ ਤਰ੍ਹਾਂ ਦੇ ਕੰਪਲੈਕਸਾਂ ਦੀ ਧੂੜ ਨੂੰ ਸਾਫ ਕਰਨਾ ਹੁੰਦਾ ਹੈ। ਗੁਰੂ ਤਾਂ ਉਹ ਧੂੜ ਸਾਫ ਕਰ ਸਕਦਾ ਹੈ ਜੇ ਉਸ ਦਾ ਮਸਤਕ ਸਾਫ ਤੇ ਸੁਥਰਾ ਹੋਵੇਗਾ ਤਾਂ ਹੀ ਉਹ ਦੂਸਰੇ ਦੇ ਮੱਥੇ ਦੇ ਵਿੱਚ ਗਿਆਨ ਤੇ ਵਿਗਿਆਨ ਦਾ ਦੀਵਾ ਜਗਾ ਸਕਦਾ ਹੈ। ਗੁਰੂ ਨੇ ਚੇਲੇ ਦਾ ਬੁੱਝਿਆ ਦੀਵਾ ਇਕ ਵਾਰ ਜਗਾਉਣਾ ਹੁੰਦਾ ਤੇ ਫੇਰ ਚੇਲੇ ਨੇ ਆਪ ਹੀ ਦੀਵੇ ਵਿੱਚ ਆਪਣਾ ਤੇਲ ਪਾਉਣਾ ਹੁੰਦਾ । ਗਿਆਨ ਹਾਸਲ ਕਰਨ ਲਈ ਤਪ ਕਰਨਾ ਪੈਦਾ ਹੈ। ਜਿਸਨੂੰ ਸਾਧ ਭਾਸ਼ਾ ਦੇ ਵਿੱਚ ਤਪੱਸਿਆ ਕਰਨੀ ਕਹਿੰਦੇ ਹਨ। ਗਿਆਨ ਦਾ ਘਰ ਦੂਰ ਬਹੁਤ ਹੈ ਪਰ ਇਸਨੂੰ ਸਾਧਨਾ ਤੇ ਤਪੱਸਿਆ ਦੇ ਨਾਲ ਨੇੜੇ ਕੀਤਾ ਜਾ ਸਕਦਾ ਹੈ । ਤੁਸੀਂ ਮਿਹਨਤ ਤੇ ਲਗਨ ਨਾਲ ਨਿਸ਼ਾਨਾ ਸਾਧ ਕੇ ਕੋਈ ਵੀ ਕੰਮ ਕਰੋ ਸਫਲ ਹੋ ਜਾਵੋਗੇ। ਸਫਲਤਾ ਦੀ ਕੁੰਜੀ ਗੁਰੂ ਨੇ ਦੇਣੀ ਹੁੰਦੀ ਹੈ ਤੇ ਪਰ ਗਿਆਨ ਦੀ ਚਾਬੀ ਦੱਸਣ ਦੀ ਵਜਾਏ ਕਈ ਗੁਰੂ ਚਾਬੀ ਹੀ ਕਿਸੇ ਹੋਰ ਜਿੰਦੇ ਵਿੱਚ ਪਾਉਣ ਲੱਗ ਜਾਂਦੇ ਹਨ । ਫੇਰ ਅਗਿਆਨ ਕੀ ਆਂਧੀ ਆਉਦੀ ਹੈ ਜੋ ਹੁਣ ਝੱਖੜ ਬਣ ਚੁੱਕੀ ਹੈ। ਗੁਰੂ ਤੇ ਚੇਲੇ ਦੇ ਵਿੱਚ ਅੰਤਰ ਮਿਟ ਗਿਆ ਹੈ। ਇਹ ਸਮਾਜ ਦੇ ਲਈ ਬਹੁਤ ਖਤਰਨਾਕ ਹੈ ਤੇ ਸੱਤਾ ਦੇ ਲਈ ਰਾਮਬਾਣ ਹੈ। ਉਹਨਾਂ ਦਾ ਮਕਸਦ ਹਲ ਹੋ ਰਿਹਾ ਹੈ ਕਿ ਸਟੇਟ ਗਿਆਨ ਵਿਹੂਣੇ ਸਾਖਰ ਸਮਾਜ ਦੀ ਸਿਰਜਣਾ ਦੇ ਵੱਲ ਵੱਧ ਰਹੀ ਤੇ ਅਸੀਂ ਜਾਣੇ ਤਾ ਅਣਜਾਣੇ ਦੇ ਵਿੱਚ ਉਹਨਾਂ ਦੇ ਭਾਈਵਾਲ ਬਣ ਗਏ ਹਾਂ-
ਗਿਆਨ ਵਿਹੂਣਾ ਗਾਵੈ ਗੀਤ
ਭੁੱਖੇ ਮੁੱਲਾ ਘਰੇ ਮਸੀਤ ।।
ਅਸਲ ਵਿੱਚ ਸਾਰਾ ਵਰਤਾਰਾ ਉਪਜੀਵਕਾ ਤੱਕ ਸੀਮਿਤ ਹੋ ਕੇ ਰਹਿ ਗਿਆ। ਗਿਆਨ ਦੀ ਲਾਲਸਾ ਨਹੀ ਰਹੀ , ਨਾ ਹਾਸਿਲ ਕਰਨ ਦੀ ਨਾ ਵੰਡਣ ਦੀ। ਰੋਟੀਆ਼ ਕਾਰਨ ਪੂਰੇ ਸਮਾਜ ਦੀ ਸਥਿਤੀ ਏ ਬਣ ਗਈ ਹੈ। ਨੌਕਰੀਆ਼ ਮੈਰਿਟਾਂ ਉਤੇ ਮਿਲਦੀਆ਼ਂ ਮੈਰਿਟਾਂ ਨੰਬਰਾਂ ਨਾਲ ਆਉਂਦੀਆਂ ਹਨ। ਨੰਬਰ ਲੈਣ ਲਈ ਜੋ ਕਰਨਾ ਪਏ ਤਾਂ ਕਰੋ ਰੈਡੀ ਮੇਡ ਮਟੀਰੀਅਲ ਖਰੀਦੋ ਨੰਬਰ ਲਵੋ ।ਨੌਕਰੀ ਲਵੋ ਗਿਆਨ ਪਵੇ ਢੱਠੇ ਖੂਹ ਵਿੱਚ ਤੇ ਜਦ ਸਭ ਕੁੱਝ ਮੰਡੀ ਦਾ ਹਿੱਸਾ ਫੇਰ ਕੌਣ ਗੁਰੂ ਕੌਣ ਚੇਲਾ।
ਇਸੇ ਕਰਕੇ ਸਮਾਜ ਨਿਘਾਰ ਵੱਲ ਰੁੜਿਆ ਜਾ ਰਿਹਾ ਹੈ । ਸਭ ਨੈਤਿਕ ਕਦਰਾਂ ਕੀਮਤਾਂ ਗੁਆਚ ਗਈਆਂ ਹਨ । ਹੁਣ ਸਭ ਕੁੱਝ ਪੈਸਾ ਹੀ ਰਹਿ ਗਿਆ ਹੈ ।
ਨ ਬਾਪ ਬੜਾ ਨ ਬਈਆ..ਸਭ ਸੇ ਬੜਾ ਰੁਪਈਆ ।
ਕੌਣ ਗੁਰੂ ਤੇ ਚੇਲਾ…ਲੱਗਿਆ ਨੰਗ ਭੁੱਖ ਦਾ ਮੇਲਾ। ਗੁਰਦਾਸ ਮਾਨ ਦਾ ਇਹ ਗੀਤ ਹੁਣ ਕਲਾਸ ਰੂਮ ਦੇ ਵਿੱਚ ਗੂੰਜ ਦਾ ਹੈ :
” ਖੜ੍ਹ ਕੇ ਦੇਖ ਨਜ਼ਾਰ ਬਾਬੇ ਭੰਗੜਾ ਪਾਉਦੇ ਨੇ !”
ਹੁਣ ਥੁਕ ਨਾਲ ਵੜੇ ਹੀ ਨਹੀਂ ਪਕੌੜੇ ਵੀ ਬਣਦੇ ਹਨ । ਗੱਲਾਂ ਦੇ ਨਾਲ…ਸੱਤਾ ਹਾਸਲ ਹੁੰਦੀ ਹੈ। ਗੱਪਾਂ ਨਾਲ ਲੋਕ ਮਨੋਰੰਜਨ ਕਰਦੇ ਹਨ ਤੇ ਆਪਾਂ ਕੀ ਲੈਣਾ ਹੈ ਕਹਿ ਕੇ ਪਾਸਾ ਵੱਟਦੇ ਹਨ !
ਹੁਣ ਤੁਸੀਂ ਵੱਟੋ ਪਾਸਾ ਜੀ….ਬਹੁਤ ਦੇਰ ਹੋ ਗਈ । ਗੱਲਾਂ ਨਾਲ ਬਣੇ ਕੜਾਹ ਨੂੰ ਛਕਦਿਆਂ !”
ਗੱਲੀੰ ਜੋਗ ਨ ਹੋਵਿ….!
ਜੋਗ ਲੈਣ ਕੰਨ ਪੜਵਾਉਣੇ ਪੈਦੇ ਹਨ ਤੇ ਜਤ ਸਤ ਰੱਖਣਾ ਪੈਦਾ ਹੈ..ਹੁਣ ਕਲਯੁਗ ਦਾ ਸਮਾਂ ਹੈ ਤੇ ਕੌਣ ਜਤੀ ਸਤੀ ਹੈ ?
-ਬੁੱਧ ਸਿੰਘ ਨੀਲੋਂ
Comment here