ਜਲੰਧਰ-ਪੰਜਾਬ ਸਰਕਾਰ ਪਿਛਲੇ ਕੁਝ ਦਿਨਾਂ ਤੋਂ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਤੇ ਗਾਇਕਾਂ ਖਿਲਾਫ਼ ਐਕਸ਼ਨ ’ਚ ਆ ਗਈ ਹੈ। ਹਾਲ ਹੀ ਸਰਕਾਰ ਨੇ ਕਈ ਪੰਜਾਬੀ ਸਿੰਗਰਾਂ ’ਤੇ ਕੇਸ ਵੀ ਦਰਜ ਕੀਤੇ ਸਨ। ਹੁਣ ਦੇਖਣਾ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਗੀਤਾਂ ’ਚ ਅਸਲੇ ਦੀ ਪਾਬੰਦੀ ਦਾ ਲੋਕਾਂ ’ਤੇ ਕਿੰਨਾ ਪ੍ਰਭਾਵ ਪੈਂਦਾ ਹੈ। ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਪਿਛਲੇ ਕਰੀਬ 7-8 ਸਾਲਾਂ ਤੋਂ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਹ ਹਾਲ ਹੀ ‘ਚ ਪੰਜਾਬੀ ਮਾਡਲ ਤੇ ਸਮਾਜਸੇਵੀ ਅਨਮੋਲ ਕਵਾਤਰਾ ਟਾਕ ਸ਼ੋਅ ‘ਚ ਮਹਿਮਾਨ ਬਣ ਕੇ ਪਹੁੰਚੇ ਸਨ। ਇਸ ਦੌਰਾਨ ਪਰਮੀਸ਼ ਵਰਮਾ ਨੇ ਕਈ ਮੁੱਦਿਆਂ ‘ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਪਰਮੀਸ਼ ਵਰਮਾ ਨੇ ਪੰਜਾਬ ਸਰਕਾਰ ਵੱਲੋਂ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ’ਤੇ ਪਾਬੰਦੀ ਲਗਾਏ ਜਾਣ ’ਤੇ ਵੀ ਆਪਣੀ ਰਾਏ ਦਿੱਤੀ।
ਪੰਜਾਬ ’ਚ ਗੰਨ ਕਲਚਰ ਦੇ ਮੁੱਦੇ ’ਤੇ ਪਰਮੀਸ਼ ਵਰਮਾ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਇਸ ਗੱਲ ਨਾਲ ਸਹਿਮਤ ਹਨ ਕਿ ਗੀਤ ਲੋਕਾਂ ਦੇ ਦਿਲ ਦਿਮਾਗ਼ ’ਤੇ ਪ੍ਰਭਾਵ ਪਾਉਂਦੇ ਹਨ ਪਰ ਇਸ ਨੂੰ ਲੈ ਕੇ ਗਾਈਡਲਾਈਨਜ਼ ਵੀ ਬਿਲਕੁਲ ਕਲੀਅਰ (ਸਾਫ਼) ਹੋਣੀਆਂ ਚਾਹੀਦੀਆਂ ਹਨ। ਪਰਮੀਸ਼ ਵਰਮਾ ਨੇ ਇਹ ਵੀ ਕਿਹਾ ਕਿ ਉਹ ਇਹ ਗੱਲ ਸਰਕਾਰ ਨੂੰ ਲੈ ਕੇ ਨਹੀਂ ਕਹਿ ਰਹੇ ਹਨ, ਸਗੋਂ ਉਨ੍ਹਾਂ ਦੀ ਨਿੱਜੀ ਰਾਏ ਹੈ। ਉਨ੍ਹਾਂ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਕਲਾਕਾਰਾਂ ਦੀ ਇੱਕ ਸਮਾਜਕ ਜ਼ਿੰਮੇਵਾਰੀ ਹੁੰਦੀ ਹੈ ਪਰ ਇਸ ਨੂੰ ਲੈ ਕੇ ਪੂਰੀ ਕਲੈਰਿਟੀ ਹੋਣਾ ਜ਼ਰੂਰੀ ਹੈ, ਕਿਉਂਕਿ ਜੇਕਰ ਪੰਜਾਬ ’ਚ ਗੰਨ ਕਲਚਰ ਪ੍ਰਮੋਟ ਕਰਨ ’ਤੇ ਸਰਕਾਰ ਨੇ ਸਖ਼ਤ ਰੁਖ ਅਖਤਿਆਰ ਕੀਤਾ ਹੈ ਤਾਂ ਪੰਜਾਬ ਵਰਗੇ ਸੂਬੇ ’ਚ ‘ਆਰ. ਆਰ. ਆਰ’ ਵਰਗੀ ਫਿਲਮਾਂ ਚੰਗਾ ਬਿਜ਼ਨੈੱਸ ਕਰਦੀਆਂ ਹਨ।
ਇਸ ਤੋਂ ਇਲਾਵਾ ਪਰਮੀਸ਼ ਵਰਮਾ ਨੇ ਸਿੱਧੂ ਮੂਸੇਵਾਲਾ ਦੇ ਇੱਕ ਪੁਰਾਣੇ ਇੰਟਰਵਿਊ ਦਾ ਜ਼ਿਕਰ ਵੀ ਕੀਤਾ, ਜਿਸ ’ਚ ਮੂਸੇਵਾਲਾ ਨੇ ਕਿਹਾ ਸੀ ਕਿ ਜੇਕਰ ਪੰਜਾਬੀ ਗੀਤਾਂ ’ਚ ਅਸਲੇ ਦੇ ਜ਼ਿਕਰ ਤੋਂ ਕਿਸੇ ਨੂੰ ਦਿੱਕਤ ਹੈ ਜਾਂ ਇਸ ਨਾਲ ਬੁਰਾ ਪ੍ਰਭਾਵ ਪੈਂਦਾ ਹੈ, ਤਾਂ ਫਿਰ ‘ਆਰ. ਆਰ. ਆਰ’ ਅਤੇ ‘ਕੇ. ਜੀ. ਐੱਫ’ ਵਰਗੀਆਂ ਫਿਲਮਾਂ ਭਾਰਤ ’ਚ ਹਿੱਟ ਕਿਉਂ ਹੁੰਦੀਆਂ ਹਨ। ਇਸ ਦੇ ਨਾਲ ਹੀ ਪਰਮੀਸ਼ ਨੇ ਕਿਹਾ ਕਿ ਗੰਨ ਕਲਚਰ ਦਾ ਮੁੱਦਾ ਸਿਰਫ਼ ਪੰਜਾਬ ਦਾ ਹੀ ਨਹੀਂ ਹੈ, ਸਗੋਂ ਪੂਰੇ ਇੰਡੀਆ ਦਾ ਹੈ। ਅਸਲਾ ਤੇ ਡਰੱਗਜ਼ ਨੂੰ ਪੰਜਾਬ ਦਾ ਮੁੱਦਾ ਬਣਾਇਆ ਜਾ ਰਿਹਾ ਹੈ ਪਰ ਇਹ ਪੂਰੇ ਦੇਸ਼ ਦਾ ਸਾਂਝਾ ਮੁੱਦਾ ਹੈ। ਇਸ ਤੋਂ ਇਲਾਵਾ ਪਰਮੀਸ਼ ਵਰਮਾ ਨੇ ਇਹ ਵੀ ਕਿਹਾ ਕਿ ਗਾਇਕ ਉਹੀ ਗੀਤ ਬਣਾਉਂਦਾ ਹੈ, ਜੋ ਦਰਸ਼ਕਾਂ ਨੂੰ ਪਸੰਦ ਹੁੰਦਾ ਹੈ।
Comment here