ਸਿਆਸਤਖਬਰਾਂ

ਗੰਨਾ ਉਤਪਾਦਕ ਕਿਸਾਨਾਂ ਦੇ ਅੰਦੋਲਨ ਨਾਲ ਪੰਜਾਬ ਚ ਸੜਕੀ, ਰੇਲ ਆਵਾਜਾਈ ਹੋਣ ਲੱਗੀ ਪ੍ਰਭਾਵਿਤ

ਲੁਧਿਆਣਾ-ਪੰਜਾਬ ’ਚ ਗੰਨਾ ਉਤਪਾਦਕ ਕਿਸਾਨਾਂ ਨੇ ਬਕਾਇਆ ਅਤੇ ਗੰਨੇ ਦਾ ਭਾਅ ਵਧਾਉਣ ਆਦਿ ਮੰਗਾਂ ਨੂੰ ਲੈ ਕੇ  ਜਲੰਧਰ ਨੇੜੇ ਧੰਨੋਵਾਲੀ ਕੋਲ ਕੌਮੀ ਹਾਈਵੇਅ ਅਤੇ ਰੇਲ ਆਵਾਜਾਈ ਜਾਮ ਕਰ ਦਿੱਤੀ ਗਈ ਹੈ, ਸਰਕਾਰ ਨਾਲ ਗੱਲਬਾਤ ਕਿਸੇ ਬੰਨੇ ਕੰਢੇ ਨਾ ਲੱਗਣ ਕਰਕੇ ਕਿਸਾਨਾਂ ਨੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਪੰਜਾਬ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਮੰਗਲਵਾਰ ਤੋਂ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ ’ਤੇ ਟਰੈਕਟਰ ਟਰਾਲੀਆਂ ਖਡ਼੍ਹੀਆਂ ਕਰਕੇ ਟਰੈਫਿਕ ਜਾਮ ਕੀਤਾ ਜਾਵੇਗਾ। ਇਸ ਐਲਾਨ ਨਾਲ ਲੋਕਾਂ ਵਿਚ ਕਾਫੀ ਪਰੇਸ਼ਾਨੀ ਵਧ ਰਹੀ ਹੈ। ਜਲੰਧਰ ਵਿਚ ਕਿਸਾਨਾਂ ਦੇ ਧਰਨੇ ਕਾਰਨ ਰੇਲ ਅਤੇ ਸਡ਼ਕੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰੰਘ ਰਾਏ ਨੇ ਕਿਹਾ ਕਿ ਜਲੰਧਰ ਦੇ ਡੀਸੀ ਘਨਸ਼ਿਆਮ ਥੋਰੀ ਅਤੇ ਪੁਲਿਸ ਕਮਿਸ਼ਨਰ ਨੇ ਸ਼ੁੱਕਰਵਾਰ ਨੂੰ ਮੀਟਿੰਗ ਵਿਚ ਕਿਹਾ ਸੀ ਕਿ ਸ਼ਨੀਵਾਰ ਨੂੰ ਸਮੱਸਿਆ ਦਾ ਹੱਲ ਕਰਨ ਲਈ ਗੰਨਾ ਕਮਿਸ਼ਨਰ ਧਰਨਾ ਸਥਾਨ ’ਤੇ ਉਨ੍ਹਾਂ ਨਾਲ ਗੱਲਬਾਤ ਕਰਨ ਆਉਣਗੇ ਪਰ ਗੰਨਾ ਕਮਿਸ਼ਨਰ ਨਹੀਂ ਆਏ। ਰਾਏ ਨੇ ਕਿਹਾ ਕਿ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਥੇ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਮੁਕੇਸ਼ ਚੰਦਰ ਨੇ ਕਿਹਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਸਮੱਸਿਆ ਦਾ ਹੱਲ ਨਹੀਂ ਕਰ ਰਹੀ। ਆਉਣ ਵਾਲੇ ਦਿਨਾਂ ਵਿਚ ਮੰਗਾਂ ਦਾ ਹੱਲ ਹੁੰਦਾ ਨਜ਼ਰ ਵੀ ਨਹੀਂ ਆ ਰਿਹਾ।ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇਅ ਜਾਮ ਕਰਨ ਨਾਲ ਲੁਧਿਆਣਾ ਤੋਂ ਜਲੰਧਰ, ਅੰਮ੍ਰਿਤਸਰ ਤੇ ਜੰਮੂ ਵੱਲ ਜਾਣ ਵਾਲੀ ਬੱਸ ਸੇਵਾ ਪੂਰੀ ਤਰ੍ਹਾਂ ਠੱਪ ਹੈ। ਲੁਧਿਆਣਾ ਬੱਸ ਡੀਪੂ ਤੋਂ ਲਗਪਗ 123 ਬੱਸਾਂ ਸ਼ਨੀਵਾਰ ਨੂੰ ਨਹੀਂ ਚੱਲੀਆਂ। ਇਸ ਕਾਰਨ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਯਾਤਰੀ ਵੱਡੀ ਗਿਣਤੀ ਵਿਚ ਸਵੇਰ ਤੋਂ ਹੀ ਬੱਸ ਸਟੈਂਡ ’ਤੇ ਪਹੁੰਚ ਰਹੇ ਸਨ। ਇਨ੍ਹਾਂ ਵਿਚੋਂ ਜ਼ਿਆਦਾਤਰ ਯਾਤਰੀ ਰੋਜ਼ਾਨਾ ਕੰਮਾਂ ’ਤੇ ਜਾਣ ਵਾਲੇ ਸਨ। ਕਈ ਰੱਖਡ਼ੀ ਕਾਰਨ ਆ ਜਾ ਰਹੇ ਸਨ, ਪਰ ਰਸਤੇ ਚ ਫਸ ਗਏ।  ਕਿਸਾਨਾਂ ਦਾ ਰੋਸ ਪ੍ਰਦਰਸ਼ਨ ਸ਼ੁੱਕਰਵਾਰ ਤੋਂ ਸ਼ੁਰੂ ਹੋ ਕੇ ਅੱਜ ਸੋਮਵਾਰ ਨੂੰ ਵੀ ਜਾਰੀ ਰਹੇਗਾ। ਅਣਮਿੱਥੇ ਸਮੇਂ ਲਈ ਚੱਲ ਰਹੇ ਧਰਨੇ ਪ੍ਰਦਰਸ਼ਨ ਕਾਰਨ ਨੈਸ਼ਨਲ ਹਾਈਵੇਅ ਅਤੇ ਰੇਲਵੇ ਟ੍ਰੈਕ ’ਤੇ ਕਿਸਾਨਾਂ ਦੇ ਧਰਨੇ ਕਾਰਨ ਆਵਾਜਾਈ ਵਿਵਸਥਾ ਪੂਰੀ ਤਰ੍ਹਾਂ ਠੱਪ ਹੈ।ਕਿਸਾਨਾਂ ਨੇ ਸੋਮਵਾਰ ਨੂੰ ਜਲੰਧਰ-ਦਿੱਲੀ ਰਾਸ਼ਟਰੀ ਰਾਜਮਾਰਗ ਅਤੇ ਰੇਲਵੇ ਟ੍ਰੈਕ ‘ਤੇ ਧਰਨਾ ਜਾਰੀ ਰੱਖਣ ਦਾ ਵੀ ਐਲਾਨ ਕੀਤਾ। ਪ੍ਰਦਰਸ਼ਨਕਾਰੀ ਕਿਸਾਨ ਜਲੰਧਰ-ਦਿੱਲੀ ਨੈਸ਼ਨਲ ਹਾਈਵੇ ਅਤੇ ਰੇਲਵੇ ਟ੍ਰੈਕ ‘ਤੇ ਧਰਨੇ ‘ਤੇ ਬੈਠੇ ਹਨ। ਫਿਲਹਾਲ ਜਲੰਧਰ ਤੋਂ ਰੇਲ ਗੱਡੀਆਂ ਬੰਦ ਹਨ। ਧਰਨੇ ਕਾਰਨ ਸੜਕਾਂ ਦੇ ਰਸਤੇ ਮੋੜ ਦਿੱਤੇ ਗਏ ਹਨ। ਜਲੰਧਰ ਤੋਂ ਫਗਵਾੜਾ, ਜਲੰਧਰ ਤੋਂ ਚੰਡੀਗੜ੍ਹ ਜਾਂ ਜਲੰਧਰ ਤੋਂ ਹੁਸ਼ਿਆਰਪੁਰ ਜਾਂ ਜਲੰਧਰ ਪਹੁੰਚਣ ਲਈ ਇਹਨਾਂ ਰੂਟਾਂ ਦੀ ਵਰਤੋਂ ਕਰਨ ਲਈ ਕਿਹਾ ਜਾ ਰਿਹਾ ਹੈ।

ਰੇਲ ਰੂਟ ਪ੍ਰਭਾਵਿਤ

ਰੇਲਵੇ ਟਰੈਕ ‘ਤੇ ਹੜਤਾਲ ਕਾਰਨ, 48 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ, 12 ਟ੍ਰੇਨਾਂ ਨੂੰ ਮੋੜ ਦਿੱਤਾ ਗਿਆ ਅਤੇ 23 ਰੇਲ ਗੱਡੀਆਂ ਸੋਮਵਾਰ ਸ਼ਾਮ 4 ਵਜੇ ਤੱਕ ਰੇਲਵੇ ਦੇ ਫ਼ਿਰੋਜ਼ਪੁਰ ਡਿਵੀਜ਼ਨ ਤੋਂ ਸ਼ਾਰਟ ਟਰਮਿਨੇਟ ਜਾਂ ਸ਼ਾਰਟ ਆਰੰਭ ਹੋਈਆਂ। ਬੋਰਡ ਨੇ ਉਨ੍ਹਾਂ ਦੀ ਸੂਚੀ ਉਪਲਬਧ ਕਰਵਾਈ ਹੈ। ਇਸ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲਾਂ ਵਿੱਚੋਂ ਗੁਜ਼ਰਨਾ ਪੈ ਸਕਦਾ ਹੈ। ਦੋਆਬਾ ਹਲਕੇ ’ਚ ਕਿਸਾਨ ਅੰਦੋਲਨ ਕਾਰਨ ਤੀਜੇ ਦਿਨ ਵੀ ਰੇਲ ਆਵਾਜਾਈ ਠੱਪ ਰਹੀ ਤੇ 143 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਜਦੋਂਕਿ 89 ਰੇਲ ਗੱਡੀਆਂ ਰੱਦ ਕੀਤੀਆਂ ਗਈਆਂ। ਜਿਹੜੀਆਂ ਗੱਡੀਆਂ ਰੱਦ ਕੀਤੀਆਂ ਗਈਆਂ, ਉਨ੍ਹਾਂ ’ਚ 48 ਰੇਲ ਗੱਡੀਆਂ ਫਿਰੋਜ਼ਪੁਰ ਰੇਲਵੇ ਮੰਡਲ ਨਾਲ ਸਬੰਧਤ ਹਨ ਅਤੇ ਸ੍ਰੀ ਵੈਸ਼ਨੋ ਦੇਵੀ ਕੱਟਡ਼ਾ-ਨਵੀਂ ਦਿੱਲੀ ਅਤੇ ਅੰਮ੍ਰਿਤਸਰ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਜਾਣ ਵਾਲੀਆਂ ਗੱਡੀਆਂ ਸ਼ਾਮਲ ਹਨ। ਰੇਲਵੇ ਨੇ ਸਵਰਨ ਸ਼ਤਾਬਦੀ ਅਤੇ ਸ਼ਾਨੇ ਪੰਜਾਬ ਵਰਗੀਆਂ ਰੇਲ ਗੱਡੀਆਂ ਅਗਲੇ ਹੁਕਮਾਂ ਤਕ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਫਿਰੋਜ਼ਪੁਰ ਰੇਲਵੇ ਮੰਡਲ ਦੀ ਸੂਚਨਾ ਅਨੁਸਾਰ ਅਗਲੇ 16 ਘੰਟਿਆਂ ਦੇ ਬਾਅਦ ਹੀ ਅਗਲੀ ਜਾਣਕਾਰੀ ਸੰਭਵ ਹੋ ਸਕਦੀ ਹੈ ਅਤੇ ਇਹ ਤਦ ਹੀ ਸੰਭਵ ਹੋ ਸਕਦੀਆਂ ਜੇ ਕਿਸਾਨ ਅੰਦੋਲਨ ਖਤਮ ਹੋ ਜਾਂਦਾ ਹੈ, ਪਰ ਇਸ ਦੇ ਆਸਾਰ ਨਹੀਂ ਲੱਗ ਰਹੇ, ਕਿਉਂਕਿ ਅੰਦੋਲਨਕਾਰੀ ਕਿਸਾਨਾਂ ਨੇ ਕਿਹਾ ਹੈ ਕਿ ਪੰਜਾਬ ਨੂੰ ਦੂਜਾ ਦਿੱਲੀ ਬਾਰਡਰ ਬਣਾ ਦੇਣਗੇ, ਜੇ ਮੰਗਾਂ ਨਾ ਮੰਨੀਆਂ ਗਈਆਂ।

Comment here