ਹੁਸ਼ਿਆਰਪੁਰ-ਗੜ੍ਹਸ਼ੰਕਰ ਦੇ ਇਲਾਕਾ ਬੀਤ ਦੇ ਪਿੰਡ ਕਾਲੇਵਾਲ ਬੀਤ ਵਿੱਖੇ ਨਜਾਇਜ਼ ਮਾਈਨਿੰਗ ਦਾ ਨਿਮਿਸ਼ਾ ਮਹਿਤਾ ਨੇ ਮੀਡੀਆ ਨੂੰ ਨਾਲ ਲੈਕੇ ਪਰਦਾਫਾਸ਼ ਕੀਤਾ ਹੈ। ਕੱਟੀਆਂ ਪਹਾੜੀਆਂ ਨੂੰ ਮੀਡੀਆ ਕਰਮਚਾਰੀਆਂ ਨੂੰ ਵਿਖਾਉਂਦੇ ਨਿਮਿਸ਼ਾ ਮਹਿਤਾ ਨੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਛਤਰ ਛਾਇਆ ਹੇਠ ਮਾਈਨਿੰਗ ਮਾਫੀਆ ਜੰਗਲ ਨੂੰ ਬਰਬਾਦ ਕਰਕੇ ਪਹਾੜਾਂ ਨੂੰ ਖਤਮ ਕਰ ਰਿਹਾ ਹੈ।
ਮਹਿਤਾ ਨੇ ਕਿਹਾ ਕਿ ਪਹਾੜ ਜੰਗਲ ਦੇ ਕਾਨੂੰਨ ਹੇਠ ਆਉਂਦੇ ਹਨ, ਜਿੱਥੇ ਗੈਰਕਾਨੂੰਨੀ ਮਾਈਨਿੰਗ ਨਾਲ ਪਹਾੜ ਕੱਟੇ ਗਏ ਹਨ ਪਰ ਗੜ੍ਹਸ਼ੰਕਰ ਦਾ ਮਾਈਨਿੰਗ ਅਤੇ ਜੰਗਲਾਤ ਵਿਭਾਗ ਇਸ ਨਾਜਾਇਜ਼ ਕੰਮ ‘ਤੇ ਕੋਈ ਕਾਰਵਾਈ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਵਿਚ ਗ਼ੈਰ-ਕਾਨੂੰਨੀ ਮਾਈਨਿੰਗ ਦੇ ਪੁਰਾਣੇ ਸਾਰੇ ਰਿਕਾਰਡ ਟੁੱਟ ਗਏ ਅਤੇ ਮਾਈਨਿੰਗ ਮਾਫੀਆ ਵੱਲੋਂ ਪੂਰੀਆਂ-ਪੂਰੀਆਂ ਪਹਾੜੀਆਂ ਹੀ ਗਾਇਬ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਇਲਾਕੇ ਦੇ ਵਾਤਾਵਰਣ ਅਤੇ ਇਲਾਕੇ ਦਾ ਹੁਸਨ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਬੁਰੀ ਛੇੜਛਾੜ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਹਨ ਪਰ ਮਾਈਨਿੰਗ ਵਿਭਾਗ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਮਾਈਨਿੰਗ ਵਿਭਾਗ ਦੇ ਅਫਸਰ ਇਸ ਗੈਰ- ਕਾਨੂੰਨੀ ਮਾਈਨਿੰਗ ਮਾਫੀਆ ਨਾਲ ਪੂਰੀ ਤਰ੍ਹਾਂ ਨਾਲ ਤਾਲਮੇਲ ਹੈ। ਮਹਿਤਾ ਨੇ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੇ ਸਾਰ ਹੀ ਗੜ੍ਹਸ਼ੰਕਰ ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਅਤੇ ਪਹਿਲਾਂ 15 ਤੋਂ 20 ਫੁੱਟ ਤੱਕ ਮਾਈਨਿੰਗ ਚੱਲ ਰਹੀ ਸੀ ਤੇ ਹੁਣ ਪਹਾੜਾਂ ਨੂੰ ਖਤਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਾਲੇਵਾਲ ਬੀਤ ਦੇ ਲੋਕਾਂ ਦੇ ਕਈ ਵਾਰ ਇਸ ਗੈਰ ਕਾਨੂੰਨੀ ਮਾਈਨਿੰਗ ਵਾਰੇ ਫੋਨ ਆ ਰਹੇ ਸਨ ਜਿਸਦੇ ਸਬੰਧ ਦੇ ਵਿੱਚ ਅੱਜ ਉਨ੍ਹਾਂ ਵਲੋਂ ਦੌਰਾ ਕੀਤਾ ਗਿਆ। ਉਨ੍ਹਾਂ ਮਾਈਨਿੰਗ ਵਿਭਾਗ ਦੇ ਅਫਸਰਾਂ ਨੂੰ ਚਿਤਵਾਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਇਸ ਗੈਰ-ਕਾਨੂੰਨੀ ਮਾਈਨਿੰਗ ‘ਤੇ ਕਾਰਵਾਈ ਕਰ ਕੇ ਇਲਾਕੇ ਦਾ ਨੁਕਸਾਨ ਬੰਦ ਨਾ ਕਰਵਾਇਆ ਤਾਂ ਉਹ ਸਥਾਨਕ ਅਫਸਰਾਂ ਬਾਰੇ ਉੱਚ ਅਧਿਕਾਰੀਆਂ ਨੂੰ ਸਖਤ ਸ਼ਿਕਾਇਤਾਂ ਕਰਨਗੇ। ਜੇਕਰ ਲੋੜ ਪਈ ਤਾਂ ਹਾਈਕੋਰਟ ਤੱਕ ਵੀ ਇਨ੍ਹਾਂ ਅਫਸਰਾਂ ਨੂੰ ਲੈ ਕੇ ਜਾਣਗੇ।
Comment here