ਅਪਰਾਧਖਬਰਾਂਚਲੰਤ ਮਾਮਲੇ

ਗ੍ਰੀਸ ‘ਚ ਦੋ ਟਰੇਨਾਂ ਦੀ ਟੱਕਰ, 26 ਦੀ ਮੌਤ, 85 ਜ਼ਖਮੀ

ਥੇਸਾਲੋਨੀਕੀ-ਗ੍ਰੀਸ ਵਿੱਚ ਮੰਗਲਵਾਰ ਦੇਰ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਟਰੇਨਾਂ ਦੀ ਆਹਮੋ-ਸਾਹਮਣੇ ਟੱਕਰ ‘ਚ 26 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 85 ਜ਼ਖਮੀ ਹੋ ਗਏ ਹਨ। ਇਹ ਘਟਨਾ ਗ੍ਰੀਸ ਦੇ ਲਾਰੀਸਾ ਸ਼ਹਿਰ ਨੇੜੇ ਵਾਪਰੀ। ਦੱਸ ਦਈਏ ਕਿ ਟਰੇਨਾਂ ਵਿਚਕਾਰ ਟੱਕਰ ਕਾਰਨ ਘੱਟੋ-ਘੱਟ ਦੋ ਡੱਬਿਆਂ ਨੂੰ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ। ਇਸ ਤੋਂ ਬਾਅਦ ਟਰੇਨ ‘ਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਯਾਤਰੀ ਟਰੇਨ ਏਥਨਜ਼ ਤੋਂ ਉੱਤਰੀ ਸ਼ਹਿਰ ਥੇਸਾਲੋਨੀਕੀ ਜਾ ਰਹੀ ਸਨ।
ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਮੰਗਲਵਾਰ ਦੇਰ ਰਾਤ ਜਦੋਂ ਯਾਤਰੀ ਟਰੇਨ ਥੇਸਾਲੋਨੀਕੀ ਵੱਲ ਜਾ ਰਹੀ ਸੀ ਤਾਂ ਲਾਰੀਸਾ ਸ਼ਹਿਰ ਦੇ ਬਾਹਰ ਸਲੋਨੀਕੀ ਤੋਂ ਲਾਰੀਸਾ ਜਾ ਰਹੀ ਇਕ ਮਾਲ ਗੱਡੀ ਨਾਲ ਟਕਰਾ ਗਈ। ਮੀਡੀਆ ਨਾਲ ਗੱਲ ਕਰਦੇ ਹੋਏ, ਗਵਰਨਰ ਕੋਨਸਟੈਂਟਿਨੋਸ ਐਗੋਰਸਟੋਸ ਨੇ ਕਿਹਾ ਕਿ ‘ਟੱਕਰ ਬਹੁਤ ਜ਼ੋਰਦਾਰ ਸੀ’। ਉਨ੍ਹਾਂ ਅੱਗੇ ਦੱਸਿਆ ਕਿ ਯਾਤਰੀ ਰੇਲਗੱਡੀ ਦੇ ਪਹਿਲੇ ਚਾਰ ਡੱਬੇ ਪਟੜੀ ਤੋਂ ਉਤਰ ਗਏ, ਜਦਕਿ ਪਹਿਲੇ ਦੋ ਡੱਬੇ ‘ਲਗਭਗ ਪੂਰੀ ਤਰ੍ਹਾਂ ਤਬਾਹ’ ਹੋ ਗਏ। ਐਗੋਰਸਟੋਸ ਨੇ ਦੱਸਿਆ ਕਿ ਕਰੀਬ 250 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਬੱਸ ਰਾਹੀਂ ਥੇਸਾਲੋਨੀਕੀ ਭੇਜਿਆ ਗਿਆ।
ਦੱਸਣਯੋਗ ਹੈ ਕਿ ਘਟਨਾ ਨਾਲ ਸਬੰਧਤ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਨਾਲ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਵੀਡੀਓ ‘ਚ ਸਾਫ ਤੋਰ ਤੇ ਪਟੜੀ ਤੋਂ ਉਤਰੇ ਵਾਹਨ, ਖਿੜਕੀਆਂ ਟੁੱਟਣ ਅਤੇ ਧੂੰਏਂ ਕਾਰਨ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਟਰੇਨ ਦਿਖਾਈ ਦੇ ਰਹੀ ਹੈ। ਜਦਕਿ ਬਚਾਅ ਕਰਮਚਾਰੀ ਫਸੇ ਹੋਏ ਯਾਤਰੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਨਜ਼ਦੀਕੀ ਪੁਲ ਤੋਂ ਬਾਹਰ ਕੱਢੇ ਗਏ ਇਕ ਨੌਜਵਾਨ ਨੇ ਦੱਸਿਆ ਕਿ ‘ਕਾਰ ‘ਚ ਹਫੜਾ-ਦਫੜੀ ਸੀ, ਲੋਕ ਰੌਲਾ ਪਾ ਰਹੇ ਸਨ।’
ਇਸ ਦੇ ਨਾਲ ਹੀ ਇਕ ਹੋਰ ਯਾਤਰੀ ਐਂਜਲੋਸ ਸਿਆਮੋਰਸ ਨੇ ਕਿਹਾ ਕਿ ‘ਇਹ ਇਕ ਭੂਚਾਲ ਵਰਗਾ ਸੀ।’ ਬੁੱਧਵਾਰ ਤੜਕੇ ਤੱਕ ਬਚਾਅ ਟੀਮ ਬਚੇ ਲੋਕਾਂ ਦੀ ਭਾਲ ਕਰ ਰਹੀ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਫਾਇਰ ਡਿਪਾਰਟਮੈਂਟ ਦੇ ਬੁਲਾਰੇ ਵੈਸਿਲਿਸ ਵਾਰਥਾਕੋਗਿਆਨੀਸ ਨੇ ਕਿਹਾ ਕਿ ‘ਦੋਵਾਂ ਟਰੇਨਾਂ ਵਿਚਾਲੇ ਹੋਈ ਟੱਕਰ ਦੀ ਗੰਭੀਰਤਾ ਨੂੰ ਦੇਖਦੇ ਹੋਏ ਯਾਤਰੀਆਂ ਨੂੰ ਕੱਢਣ ਦਾ ਕੰਮ ਬਹੁਤ ਮੁਸ਼ਕਲ ਹਾਲਾਤ ‘ਚ ਚੱਲ ਰਿਹਾ ਹੈ।’

Comment here