ਅਪਰਾਧਸਿਆਸਤਖਬਰਾਂਦੁਨੀਆ

ਗ੍ਰੀਨ ਕਾਰਡ ਧਾਰਕ ਅਫਗਾਨਿਸਤਾਨ ਚ ਖੌਫ ਚ ਜੀਅ ਰਹੇ ਨੇ

ਕਾਬੁਲ-ਅਮਰੀਕੀ ਗ੍ਰੀਨ ਕਾਰਡ ਧਾਰਕ ਲੋਕਾਂ ਵਿਚੋਂ ਕੈਲੀਫੋਰਨੀਆ ਦਾ ਇਕ ਜੋੜਾ ਆਪਣੇ ਤਿੰਨ ਛੋਟੇ ਬੱਚਿਆਂ ਨਾਲ ਅਫਗਾਨਿਸਤਾਨ ਦੀ ਰਾਜਧਾਨੀ ਵਿਚ ਹਰ ਰਾਤ ਵੱਖ-ਵੱਖ ਘਰ ਵਿਚ ਬਿਤਾਉਂਦਾ ਹੈ ਅਤੇ ਦੋਵੇਂ ਬਾਲਗ ਵਾਰੀ-ਵਾਰੀ ਨਾਲ ਸੌਂਦੇ ਹਨ ਤਾਂ ਜੋ ਜਦੋਂ ਇਕ ਸੌਂ ਰਿਹਾ ਹੋਵੇ ਤਾਂ ਦੂਜਾ ਬੱਚਿਆਂ ’ਤੇ ਨਜ਼ਰ ਰੱਖੇ। ਇਸ ਦੌਰਾਨ ਜੇਕਰ ਤਾਲਿਬਾਨ ਦੇ ਲੋਕਾਂ ਦੀ ਆਹਟ ਹੋਵੇ ਤਾਂ ਉਹ ਤੁਰੰਤ ਉੱਥੋਂ ਭੱਜ ਸਕਣ। ਦੋ ਹਫ਼ਤੇ ਵਿਚ ਇਹ ਸੱਤ ਵਾਰੀ ਰਹਿਣ ਦੀ ਜਗ੍ਹਾ ਬਦਲ ਚੁੱਕੇ ਹਨ। ਰਹਿਣ ਅਤੇ ਭੋਜਨ ਲਈ ਉਹ ਆਪਣੇ ਸੰਬੰਧੀਆਂ ’ਤੇ ਨਿਰਭਰ ਹਨ। ਉਹਨਾਂ ਨੂੰ ਬੇਤਾਬੀ ਨਾਲ ਇੰਤਜ਼ਾਰ ਹੈ ਇਕ ਕਾਲ ਦਾ, ਜਿਸ ਵਿਚ ਕੋਈ ਉਹਨਾਂ ਨੂੰ ਅਫਗਾਨਿਸਤਾਨ ਤੋਂ ਕੱਢਣ ਵਿਚ ਮਦਦ ਕਰਨ ਦੀ ਗੱਲ ਕਰੇ। ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਅਧਿਕਾਰੀ ਨੇ ਉਹਨਾਂ ਨੂੰ ਕਈ ਦਿਨ ਪਹਿਲਾਂ ਫੋਨ ਕੀਤਾ ਸੀ ਅਤੇ ਕਿਹਾ ਸੀ ਕਿ ਉਹਨਾਂ ਦੀ ਜ਼ਿੰਮੇਵਾਰੀ ਇਖ ਵਿਅਕਤੀ ਨੂੰ ਦਿੱਤੀ ਗਈ ਹੈ ਪਰ ਉਸ ਮਗਰੋਂ ਕਿਸੇ ਨੇ ਉਹਨਾਂ ਨਾਲ ਸੰਪਰਕ ਨਹੀਂ ਕੀਤਾ। ਹੁਣ ਇੱਥੋਂ ਨਿਕਲਣ ਲਈ ਉਹ ਇਕ ਅੰਤਰਰਾਸ਼ਟਰੀ ਬਚਾਅ ਸੰਗਠਨ ਦੇ ਸੰਪਰਕ ਵਿਚ ਹਨ। ਐਸੋਸੀਏਟਿਡ ਪ੍ਰੈੱਸ ਨੂੰ ਭੇਜੇ ਸੰਦੇਸ਼ ਵਿਚ ਬੱਚਿਆਂ ਦੀ ਮਾਂ ਨੇ ਕਿਹਾ, ‘‘ਅਸੀਂ ਡਰੇ ਹੋਏ ਹਾਂ ਅਤੇ ਲੁਕ ਕੇ ਰਹਿ ਰਹੇ ਹਾਂ।’’ ਅਫਗਾਨਿਸਤਾਨ ਤੋਂ ਅਮਰੀਕੀ ਸੈਨਾ ਦੀ ਵਾਪਸੀ ਦੇ ਬਾਅਦ ਅਮਰੀਕਾ ਦੇ ਕਈ ਨਾਗਰਿਕ, ਅਮਰੀਕਾ ਦੇ ਸਥਾਈ ਵਸਨੀਕ, ਗ੍ਰੀਨ ਕਾਰਡ ਧਾਰਕ, ਵੀਜ਼ਾ ਬਿਨੈਕਾਰਾਂ ਸਮੇਤ ਅਜਿਹੇ ਕਈ ਲੋਕ ਹਨ ਜਿਹਨਾਂ ਨੇ 20 ਸਾਲ ਚੱਲੇ ਯੁੱਧ ਵਿਚ ਅਮਰੀਕੀ ਸੈਨਿਕਾਂ ਦੀ ਮਦਦ ਕੀਤੀ ਸੀ ਅਤੇ ਉਹ ਅਫਗਾਨਿਸਤਾਨ ਤੋਂ ਨਿਕਲ ਨਹੀਂ ਪਾਏ ਹਨ। ਅਜਿਹੇ ਸਾਰੇ ਲੋਕਾਂ ਨਾਲ ਗੱਲ ਕਰਨ ’ਤੇ ਪਤਾ ਚੱਲਿਆ ਕਿ ਉਹ ਸੱਤਾਧਾਰੀ ਤਾਲਿਬਾਨ ਤੋਂ ਬਹੁਤ ਡਰੇ ਹੋਏ ਹਨ ਅਤੇ ਉਹਨਾਂ ਨੂੰ ਅਜਿਹਾ ਲੱਗਦਾ ਹੈ ਕਿ ਤਾਲਿਬਾਨ ਦੇ ਲੋਕ ਉਹਨਾਂ ਨੂੰ ਲੱਭ ਲੈਣਗੇ, ਜੇਲ੍ਹ ਵਿਚ ਸੁੱਟ ਦੇਣਗੇ ਜਾਂ ਫਿਰ ਮਾਰ ਹੀ ਦੇਣਗੇ ਕਿਉਂਕਿ ਉਹ ਅਮਰੀਕੀ ਹਨ ਅਤੇ ਉਹਨਾਂ ਨੇ ਅਮਰੀਕੀ ਸਰਕਾਰ ਲਈ ਕੰਮ ਕੀਤਾ ਹੈ। ਇਹਨਾਂ ਲੋਕਾਂ ਦੀ ਚਿੰਤਾ ਹੈ ਕਿ ਬਾਈਡੇਨ ਪ੍ਰਸ਼ਾਸਨ ਨੇ ਉਹਨਾਂ ਨੂੰ ਕੱਢਣ ਲਈ ਕੋਸ਼ਿਸ਼ ਕਰਨ ਦਾ ਜਿਹੜਾ ਵਾਅਦਾ ਕੀਤਾ ਸੀ ਹੁਣ ਉਹ ਵੀ ਰੁੱਕ ਗਿਆ ਹੈ।

Comment here