ਸਾਹਿਤਕ ਸੱਥਗੁਸਤਾਖੀਆਂਵਿਸ਼ੇਸ਼ ਲੇਖ

ਗ੍ਰਹਿ ਚਾਲਾਂ ਵਿਚ ਉਲਝਿਆ ਭਾਰਤ

ਭਾਰਤ ਦੇਸ਼ ਦਾ ਦੁਨੀਆਂ ਦੇ ਵਿਕਸਤ ਅਤੇ ਅਗਾਂਹਵਧੂ ਦੇਸ਼ਾਂ ਤੋਂ ਪਿਛੜ ਜਾਣਾ ਜਾਂ ਕਹਿ ਲਈਏ ਕਿ ਉਨ੍ਹਾਂ ਦੇਸ਼ਾਂ ਤੋਂ ਤਕਰੀਬਨ 30 ਸਾਲ ਪਿੱਛੇ ਰਹਿਣ ਦੇ ਕਈ ਕਾਰਨ ਹੋ ਸਕਦੇ ਹਨ ਪਰ ਭਾਰਤ ਦੇਸ਼ ਦਾ ਸਾਇੰਸ ਅਤੇ ਨਵੀਂ ਟੈਕਨੌਲੋਜੀ ਦੇ ਰਸਤੇ ਚੱਲਣ ਦੀ ਬਜਾਏ ਅੰਧਵਿਸ਼ਵਾਸ ਦੇ ਰਸਤੇ ਚੱਲਣਾ ਵੀ ਇੱਕ ਵੱਡਾ ਕਾਰਨ ਹੋ ਸਕਦਾ ਹੈ। ਅਗਰ ਜਪਾਨ, ਅਮਰੀਕਾ, ਚੀਨ ਵਰਗੇ ਮੁਲਕਾਂ ਦੀ ਗੱਲ ਕਰੀਏ ਤਾਂ ਉਥੇ ਛੋਟੇ ਛੋਟੇ ਬੱਚੇ ਵੀ ਤਕਨੀਕੀ ਵਸਤਾਂ ਬਣਾਉਣ ਦੀ ਸਮਰੱਥਾ ਰੱਖਦੇ ਹਨ ਦੂਜੇ ਪਾਸੇ ਅਸੀਂ ਆਪਣੇ ਬੱਚਿਆਂ ਨੂੰ ਕਿਸਮਤ ਅਤੇ ਤਕਦੀਰਾਂ ਉਤੇ ਨਿਰਭਰ ਰਹਿਣਾ ਸਿਖਾਉਂਦੇ ਹਾਂ, ਛਿਕ ਮਾਰਨ ਤੇ ਰੁਕਣਾ, ਵੀਰਵਾਰ ਅਤੇ ਮੰਗਲਵਾਰ ਦਿਨਾਂ ਨੂੰ ਚੰਗਾ ਨਹੀਂ ਸਮਝਣਾ, ਸਿਰਫ ਹੱਥ ਉਤੇ ਬਣੀਆਂ ਲਾਇਨਾਂ ਤੇ ਨਿਰਭਰ ਰਹਿਣ ਵਰਗੀਆ ਗੱਲਾਂ ਹੀ ਸਿਖਾਉਂਦੇ ਹਾਂ। ਇਨ੍ਹਾਂ ਚੀਜ਼ਾਂ ਲਈ ਅਸੀਂ ਖ਼ੁਦ, ਸਰਕਾਰਾਂ ਅਤੇ ਮਿਡੀਆ ਜ਼ਿਮੇਵਾਰ ਹੈ। ਅਖਵਾਰਾਂ, ਟੀਵੀ, ਰੇਡੀਓ ਆਦਿ ਤੇ ਪੈਸੇ ਲਈ ਅੰਧਵਿਸ਼ਵਾਸ ਸਬੰਧੀ ਖੁਲੇਆਮ ਪ੍ਰਚਾਰ ਕੀਤਾ ਜਾਂਦਾ ਹੈ ਇਸ ਦੇ ਉਲਟ ਕਦੇ ਵੀ ਸਾਇੰਸ ਜਾਂ ਨਵੀਂ ਟੈਕਨੌਲੋਜੀ ਬਾਰੇ ਗੱਲ ਨਹੀਂ ਕੀਤੀ ਜਾਂਦੀ।
ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦੀ ਸ਼ੁਰੂਆਤ ਹੀ ਜੋਤਸ਼ੀਆਂ ਵਲੋਂ ਦੱਸੇ ਗ੍ਰਹਿ ਚਾਲਾਂ ਦੇ ਹਿਸਾਬ ਨਾਲ ਹੀ ਸ਼ੁਰੂ ਹੁੰਦੀ ਹੈ। ਜਨਮ, ਵਿਆਹ, ਮਰਨ ਆਦਿ ਸਭ ਭਾਰਤ ਵਿੱਚ ਬਣੇ ਗ੍ਰਹਿ ਚਾਲਾਂ ਦੇ ਹਿਸਾਬ ਨਾਲ ਹੀ ਸਪੂਰਨ ਹੁੰਦੇ ਹਨ। ਅੱਜ ਦੇ ਇਸ ਵਿਗਿਆਨਕ ਯੁੱਗ ਵਿੱਚ ਜਦੋਂ ਮਨੁੱਖ ਚੰਦਰਮਾ ਤੱਕ ਪਹੁੰਚ ਕੇ ਅਤੇ ਹੋਰ ਵੱਖ ਵੱਖ ਗ੍ਰਹਿ ਉੱਪਰ ਜੀਵਨ ਦੀ ਤਲਾਸ਼ ਕਰ ਰਿਹਾ ਹੈ।ਇਹ ਸੁਣ ਅਤੇ ਸੋਚ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਸਾਡੇ ਭਾਰਤੀ ਲੋਕ ਇਸ ਅਗਾਂਹਵਧੂ ਆਧੁਨਿਕ ਯੁੱਗ ਵਿੱਚ ਅਜੇ ਵੀ ਵੱਖ ਵੱਖ ਪ੍ਰਕਾਰ ਦੇ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਹਨ। ਉਹ ਆਪਣੇ ਦੁੱਖ ਅਤੇ ਪ੍ਰੇਸ਼ਾਨੀਆਂ ਦਾ ਹੱਲ ਵਿਗਿਆਨਕ ਢੰਗ ਨਾਲ ਕੱਢਣ ਦੀ ਬਜਾਏ ਅੱਜ ਵੀ ਅੰਧਵਿਸ਼ਵਾਸ ਦੇ ਟੋਟਕੇ ਹੀ ਅਪਣਾਉਂਦੇ ਹਨ। ਵਿਗਿਆਨ ਦੇ ਇਸ ਯੁੱਗ ਵਿੱਚ ਜਦੋਂ ਮਨੁੱਖ ਦਾ ਹੱਥ ਪੁਲਾੜ ਨੂੰ ਛੂਹ ਰਿਹਾ ਹੈ। ਇਸ ਵਿਚਕਾਰ ਸਾਡੇ ਭਾਰਤੀ ਲੋਕ ਹਾਲੇ ਤੱਕ ਸੂਰਜ ਅਤੇ ਚੰਦਰਮਾ ਨੂੰ ਹੀ ਪਾਣੀ ਦੇਣ ਵਿੱਚ ਉਲਝੇ ਹੋਏ ਹਨ।
ਇਹੀ ਨਹੀਂ ਬੜੇ ਵਿਸ਼ਵਾਸ ਨਾਲ ਇਹ ਦਾਅਵਾ ਵੀ ਕਰਦੇ ਹਨ ਕਿ ਉਹਨਾਂ ਵੱਲੋਂ ਹੇਠਾਂ ਨੂੰ ਡੋਲਿਆ ਪਾਣੀ ਉਪਰ ਨੂੰ ਜਾਕੇ ਸੂਰਜ ਅਤੇ ਚੰਦਰਮਾ ਦੀ ਪਿਆਸ ਬੁਝਾ ਰਿਹਾ ਹੈ।ਸਾਡੇ ਭਾਰਤੀ ਲੋਕ ਨਿੰਬੂ ਤੇ ਮਿਰਚ ਨੂੰ ਆਮ ਤੌਰ ਤੇ ਆਪਣਾ ਪੱਕਾ ਬਾਡੀਗਾਰਡ ਮੰਨਦੇ ਹਨ ਅਤੇ ਇਹ ਸਮਝਦੇ ਹਨ ਕਿ ਇਸ ਨਾਲ ਸਾਡਾ ਕਾਰੋਬਾਰ ਵਧੇਗਾ ਫੁਲੇਗਾ ਨਾਲ ਦੀ ਨਾਲ ਬੁਰੀ ਨਜ਼ਰ ਤੋਂ ਵੀ ਬਚੇ ਰਹਾਂਗੇ। ਅੱਜ ਵੀ ਸਾਡੇ ਦੇਸ਼ ਦਾ ਵੱਡਾ ਹਿੱਸਾ ਰਾਸ਼ੀਫਲ ਵਰਗੀਆਂ ਮਨਘੜਤ ਗੱਲਾਂ ਉਪਰ ਯਕੀਨ ਕਰਦਾ ਹੈ। ਜਿੰਨਾ ਚਿਰ ਉਹ ਰਾਸ਼ੀ ਨਾ ਦੇਖ ਲੈਣ ਉਨ੍ਹਾ ਸਮਾਂ ਉਹਨਾਂ ਨੂੰ ਚੈਨ ਨਹੀਂ ਆਉਂਦਾ। ਜੇਕਰ ਰਾਸ਼ੀ ਵਿੱਚ ਕੋਈ ਮਾੜੀ ਘਟਨਾ ਦੱਸ ਦਿੱਤੀ ਜਾਵੇ ਤਾਂ ਫਿਰ ਉਹ ਸਾਰਾ ਦਿਨ ਘਰੋਂ ਬਾਹਰ ਹੀ ਨਹੀਂ ਨਿਕਲਦੇ। ਜਿਆਦਾਤਰ ਇਹਨਾਂ ਰਾਸ਼ੀ ਦੱਸਣ ਵਾਲਿਆਂ ਦੇ ਬਿਆਨ ਹੀ ਆਪਸ ਵਿੱਚ ਨਹੀਂ ਮਿਲ ਰਹੇ ਹੁੰਦੇ। ਇਕ ਜਿਸ ਰਾਸ਼ੀ ਦਾ ਦਿਨ ਚੰਗਾ ਦੱਸਦਾ ਹੈ ਦੂਸਰਾ ਉਸੇ ਦਾ ਹੀ ਮਾੜਾ। ਫਿਰ ਵੀ ਸਾਡੇ ਲੋਕ ਇਹ ਸਭ ਖੇਡ ਨਹੀਂ ਸਮਝਦੇ।
ਇਹ ਮਸਲਾ ਸਾਇੰਸ ਤੋਂ ਅਣਜਾਣ ਜਾਂ ਅਨਪੜ੍ਹ ਵਰਗ ਦਾ ਹੀ ਨਹੀਂ ਬਲਕਿ ਕਈ ਖੁਦ ਨੂੰ ਪੜੇ ਲਿਖੇ ਕਹਿਣ ਵਾਲੇ ਵੀ ਇਸ ਅੰਧਵਿਸ਼ਵਾਸ ਅਤੇ ਢੌਂਗ ਦੇ ਚੱਕਰਾਂ ਵਿੱਚ ਪਏ ਹੋਏ ਹਨ। ਇਹ ਵਿਸ਼ਾ ਕਿਸੇ ਇੱਕ ਧਰਮ ਨਾਲ ਨਹੀਂ ਜੁੜਿਆ ਹੋਇਆ ਹੈ, ਬਲਕਿ ਸਾਰੇ ਧਰਮ, ਜਾਤ ਦੇ ਸੂਝਵਾਨ ਲੋਕਾਂ ਨੂੰ ਹੀ ਮਿਲਕੇ ਹੀ ਇਸ ਵੱਡੀ ਸਮਾਜਿਕ ਬੁਰਾਈ ਨੂੰ ਉਖਾੜ ਸੁੱਟਣ ਲਈ ਹੰਭਲਾ ਮਾਰਨ ਦੀ ਲੋੜ ਹੈ। ਸਾਡੇ ਲੋਕਾਂ ਦੇ ਇਸ ਅੰਧਵਿਸ਼ਵਾਸ ਨੇ ਹੀ ਕਈ ਤੰਤਰ-ਮੰਤਰ ਕਰਨ ਵਾਲੇ ਆਖੌਤੀ ਬਾਬਿਆਂ ਨੂੰ ਜਨਮ ਦਿੱਤਾ ਜੋ ਪਹਿਲਾਂ ਤਾਂ ਲੋਕਾਂ ਨੂੰ ਆਪਣੇ ਮੱਕੜ ਜਾਲ ਵਿੱਚ ਫਸਾਉਂਦੇ ਹਨ ਅਤੇ ਫਿਰ ਉਹੀ ਬਾਬੇ ਲੋਕਾਂ ਦੇ ਗਲੇ ਦੀ ਹੱਡੀ ਬਣ ਜਾਂਦੇ ਹਨ। ਇਸ ਅੰਧਵਿਸ਼ਵਾਸ ਨੇ ਪਤਾ ਨਹੀਂ ਕਿੰਨੇ ਹੀ ਘਰ ਉਜਾੜ ਦਿੱਤੇ ਹਨ ਪਰ ਫਿਰ ਵੀ ਸਾਡੇ ਲੋਕ ਪਖੰਡੀ ਬਾਬਿਆਂ ਤੇ ਵਿਸ਼ਵਾਸ ਕਰ ਲੈਂਦੇ ਹਨ ਅਤੇ ਆਪਣਾ ਤਨ, ਮਨ ਅਤੇ ਧਨ ਅਰਪਣ ਕਰ ਦਿੰਦੇ ਹਨ।
ਦੂਜੇ ਪਾਸੇ ਸਾਡੇ ਦੇਸ਼ ਦੀਆਂ ਬਹੁਤ ਸਾਰੀਆਂ ਪੜੀ ਲਿਖੀਆਂ ਬੀਬੀਆਂ ਵੀ ਇਕ ਸਾਧਾਰਨ ਜਿਹੇ ਬੰਦੇ ਨੂੰ ਰੱਬ ਦਾ ਦਰਜਾ ਦੇਣ ਲੱਗਿਆ ਬਹੁਤਾ ਸਮਾਂ ਨਹੀਂ ਲਾਉਂਦੀਆਂ ਜੇਕਰ ਕੋਈ ਸੂਝਵਾਨ ਵਿਅਕਤੀ ਇੰਨਾ ਅੰਧਵਿਸ਼ਵਾਸ ਦੇ ਸ਼ਿਕਾਰ ਹੋਇਆਂ ਨੂੰ ਇਹਨਾਂ ਆਖੌਤੀ ਬਾਬਿਆਂ ਕੋਲ ਜਾਣ ਤੋਂ ਰੋਕਦਾ ਹੈ ਤਾਂ ਉਸਦੀ ਸੁਣਨ ਦੀ ਬਜਾਏ ਉਲਟਾ ਉਸਨੂੰ ਹੀ ਇਕ ਵਾਰ ਚੱਲ ਕੇ ਤਾਂਤਰਿਕ ਬਾਬੇ ਦੇ ਰਹੱਸਮਈ ਚਮਤਕਾਰ ਦੇਖਣ ਦੀ ਵਾਲੀ ਸਲਾਹ ਦੇ ਦਿੱਤੀ ਜਾਂਦੀ ਹੈ। ਇਹ ਤਾਂਤਰਿਕ ਬਾਬੇ ਲੋਕਾਂ ਦੀ ਆਪਣੇ ਭਵਿੱਖ ਬਾਰੇ ਜਾਣਨ ਦੀ ਚਾਹਤ, ਰਾਤੋ ਰਾਤ ਅਮੀਰ ਬਣਨ ਦੀ ਲਾਲਸਾ ਅਤੇ ਅਗਲੇ ਪਿਛਲੇ ਜਨਮ ਨੂੰ ਜਾਣਨ ਦੀ ਝੂਠੀ ਤਾਂਘ ਕਾਰਨ ਉਹਨਾਂ ਨੂੰ ਇਸ ਅੰਧਵਿਸ਼ਵਾਸ ਦੇ ਚੱਕਰ ਵਿੱਚ ਫਸਾ ਕੇ ਰੱਖਦੇ ਹਨ।
ਇਸ ਲਈ ਹੁਣ ਇਹ ਸਮੇਂ ਦੀ ਮੰਗ ਅਤੇ ਜਰੂਰੀ ਹੈ ਕਿ ਸਮਾਜ ਵਿਚ ਇਸ ਮਸਲੇ ਪ੍ਰਤੀ ਵਧੇਰੇ ਜਾਗਰੂਕਤਾ ਲਿਆਂਦੀ ਜਾਵੇ। ਇਸ ਅੰਧਵਿਸ਼ਵਾਸ ਦੀ ਦੁਕਾਨ ਨੂੰ ਬੰਦ ਕਰਵਾਉਣ ਲਈ ਸਾਰੀਆਂ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆ ਨੂੰ ਅੱਗੇ ਆਉਣਾ ਚਾਹੀਦਾ ਹੈ। ਹਰ ਇਕ ਵਿਅਕਤੀ ਨੂੰ ਚੰਗਾ ਪੜ੍ਹਨ ਅਤੇ ਸੁਣਨ ਦੀ ਜਰੂਰਤ ਹੈ। ਸਰਕਾਰਾ ਨੂੰ ਚਾਹੀਦਾ ਹੈ ਕਿ ਅੰਧਵਿਸ਼ਵਾਸ ਅਤੇ ਪਖੰਡ ਬਾਜ਼ੀ ਤੇ ਸਖਤੀ ਕੀਤੀ ਜਾਵੇ ਪਰ ਕੀ ਸੱਚਮੁੱਚ ਸਰਕਾਰਾਂ ਅਜਿਹਾ ਕਰਨਗੀਆਂ ਕਿਉਂ ਕਿ ਬਹੁਤ ਸਾਰੀਆਂ ਸਰਕਾਰਾਂ ਇਨ੍ਹਾਂ ਚੀਜ਼ਾਂ ਕਰਕੇ ਹੀ ਸੱਤਾਂ ਵਿੱਚ ਆਉਂਦੀਆਂ ਹਨ ਅਤੇ ਰਾਜ਼ ਭਾਗ ਦਾ ਸੁਖ ਲੈਂਦੀਆਂ ਹਨ।
ਜਦੋਂ ਤੱਕ ਭਾਰਤ ਸਮੇਂ ਦਾ ਹਾਣੀ ਨਹੀਂ ਬਣੇਗਾ ਅਤੇ ਅੰਧਵਿਸ਼ਵਾਸ ਵਰਗੇ ਝੂਠ ਨੂੰ ਨਕਾਰ ਕੇ ਸੱਚ ਦੇ ਰਸਤੇ ਨਹੀਂ ਚੱਲੇਗਾ ਵਿਗਿਆਨ ਅਤੇ ਨਵੀਂ ਟੈਕਨੌਲੋਜੀ ਨੂੰ ਸੱਚ ਮੰਨ ਕੇ ਨਾਲ ਲੈ ਕੇ ਨਹੀਂ ਚੱਲੇਗਾ ਉਦੋਂ ਤੱਕ ਸ਼ਾਇਦ ਭਾਰਤ ਦਾ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ਵਿੱਚ ਆਉਣਾ ਨਾ ਮੁਮਕਿਨ ਹੋ ਸਕਦਾ ਹੈ ਅਤੇ ਸਾਡੇ ਦੇਸ਼ ਦਾ ਬਹੁਮੁੱਲਾ ਖਜ਼ਾਨਾ ਹੁਨਰਮੰਦ ਨੌਜਵਾਨ ਦੂਜੇ ਵਿਕਾਸਸ਼ੀਲ ਦੇਸ਼ਾਂ ਵਿੱਚ ਜਾ ਕੇ ਉਨ੍ਹਾਂ ਨੂੰ ਹੋਰ ਵਿਕਸਤ ਕਰਨ ਲਈ ਆਪਣਾ ਯੋਗਦਾਨ ਪਾਉਂਦੇ ਰਹਿਣਗੇ

-ਕੁਲਦੀਪ ਸਿੰਘ ਰਾਮਨਗਰ

Comment here