ਟੋਰਾਂਟੋ- ਭਾਰਤ ਦੀ ਮਰਹੂਮ ਪੱਤਰਕਾਰ-ਅਤੇ ਖਬੇਪਖੀ ਕਾਰਕੁਨ ਗੌਰੀ ਲੰਕੇਸ਼ ਦਾ ਕਟੜਪੰਥੀਆਂ ਨੇ ਕਤਲ ਕਰ ਦਿਤਾ ਸੀ, ਉਹਨਾਂ ਦੀ ਜਿੰਦਗੀ ਤੇ ਆਧਾਰਿਤ ਦਸਤਾਵੇਜ਼ੀ ਫਿਲਮ ‘ਗੌਰੀ’ ਨੇ ਟੋਰਾਂਟੋ ਵੂਮੈਨਜ਼ ਫਿਲਮ ਫੈਸਟੀਵਲ-2022 ‘ਚ ਮਨੁੱਖੀ ਅਧਿਕਾਰਾਂ ‘ਤੇ ਸਰਵੋਤਮ ਫਿਲਮ ਦਾ ਪੁਰਸਕਾਰ ਜਿੱਤਿਆ ਹੈ। ਇਸ ਦਾ ਨਿਰਦੇਸ਼ਨ ਗੌਰੀ ਦੀ ਭੈਣ ਕਵਿਤਾ ਲੰਕੇਸ਼ ਨੇ ਕੀਤਾ ਹੈ। ਡਾਕੂਮੈਂਟਰੀ ਨੂੰ ਮਾਂਟਰੀਅਲ ਵਿਚ ਸਾਊਥ ਏਸ਼ੀਅਨ ਫਿਲਮ ਫੈਸਟੀਵਲ ਲਈ ਵੀ ਚੁਣਿਆ ਗਿਆ ਹੈ ਅਤੇ ਇਸ ਨੂੰ ਡਾਕ ਨਿਊਯਾਰਕ, ਐਮਸਟਰਡਮ ਦੇ ਇੰਟਰਨੈਸ਼ਨਲ ਡਾਕੂਮੈਂਟਰੀ ਫਿਲਮ ਫੈਸਟੀਵਲ, ਸਨਡੈਂਸ ਫਿਲਮ ਫੈਸਟੀਵਲ ਅਤੇ ਦੁਨੀਆ ਭਰ ਦੇ ਹੋਰ ਫੈਸਟੀਵਲਜ਼ ਲਈਵੀ ਵਿਚਾਰਿਆ ਜਾ ਰਿਹਾ ਹੈ। ਕਵਿਤਾ ਲੰਕੇਸ਼ ਨੇ ਕਿਹਾ ਕਿ ਡਾਕੂਮੈਂਟਰੀ ਭਾਰਤ ਵਿਚ ਪੱਤਰਕਾਰਾਂ ਨੂੰ ਦਰਪੇਸ਼ ਰੋਜ਼ਾਨਾ ਖ਼ਤਰਿਆਂ ਨੂੰ ਉਜਾਗਰ ਕਰਦੀ ਹੈ। ਪਿਛਲੇ ਪੰਜ ਸਾਲਾਂ ਵਿਚ ਭਾਰਤ ਵਿਚ ਪੱਤਰਕਾਰਾਂ ‘ਤੇ 200 ਤੋਂ ਵੱਧ ਹਮਲੇ ਹੋਏ ਹਨ, ਜਿਨ੍ਹਾਂ ਵਿਚੋਂ ਪਿਛਲੇ ਦਹਾਕੇ ਵਿਚ 30 ਤੋਂ ਵੱਧ ਕਤਲ ਹੋਏ ਹਨ। ਉਹਨਾਂ ਕਿਹਾ ਕਿ ਨਾ ਸਿਰਫ਼ ਗੰਭੀਰ ਹਮਲੇ ਹੁੰਦੇ ਹਨ, ਸਗੋਂ ਇਹਨਾਂ ਦੇ ਪਿੱਛੇ ਦਾ ਮਨੋਰਥ ਵੀ ਸਾਫ਼ ਹੁੰਦਾ ਹੈ। ਉਹਨਾਂ ਕਿਹਾ ਕਿ ਗਲੋਬਲ ਪ੍ਰੈਸ ਫਰੀਡਮ ਇੰਡੈਕਸ ਵਿਚ ਭਾਰਤ 180 ਦੇਸ਼ਾਂ ਵਿਚੋਂ 150ਵੇਂ ਸਥਾਨ ’ਤੇ ਹੈ। ਕਵਿਤਾ ਨੇ ਕਿਹਾ ਕਿ ਪਿਛਲੇ ਦਹਾਕੇ ‘ਚ ਜਿਸ ਤਰ੍ਹਾਂ ਦੇ ਹਮਲੇ ਹੋਏ ਹਨ, ਉਹ ਚਿੰਤਾ ਦਾ ਵਿਸ਼ਾ ਹੈ। ਗੌਰੀ ਲੰਕੇਸ਼ ਦੀ 5 ਸਤੰਬਰ 2017 ਦੀ ਰਾਤ ਨੂੰ ਰਾਜਰਾਜੇਸ਼ਵਰੀ ਨਗਰ, ਬੈਂਗਲੁਰੂ ‘ਚ ਉਹਨਾਂ ਦੇ ਘਰ ਦੇ ਕੋਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
Comment here