ਸਿਆਸਤਖਬਰਾਂਦੁਨੀਆ

ਗੌਤਮ ਅਡਾਨੀ ‘ਟਾਈਮ ਮੈਗਜ਼ੀਨ’ ਦੇ 100 ਪ੍ਰਭਾਵਸ਼ਾਲੀਆਂ ਚ ਸ਼ੁਮਾਰ

ਨਿਊਯਾਰਕ- ‘ਟਾਈਮ ਮੈਗਜ਼ੀਨ’ ਦੇ 2022 ਦੇ 100 ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵਿੱਚ ਅਰਬਪਤੀ ਉਦਯੋਗਪਤੀ ਗੌਤਮ ਅਡਾਨੀ ਅਤੇ ਵਕੀਲ ਕਰੁਣਾ ਨੰਦੀ ਦਾ ਨਾਮ ਵੀ ਆਇਆ ਹੈ। ਇਸ ਸੂਚੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ, ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ, ਟੈਨਿਸ ਖਿਡਾਰੀ ਰਾਫੇਲ ਨਡਾਲ, ਐਪਲ ਦੇ ਸੀ.ਈ.ਓ. ਟਿਮ ਕੁੱਕ ਅਤੇ ਟੀਵੀ ਸ਼ੋਅ ਪੇਸ਼ਕਾਰ ਓਪਰਾ ਵਿਨਫਰੇ ਦੇ ਨਾਮ ਸ਼ਾਮਲ ਹਨ। ਟਾਈਮ ਮੈਗਜੀ਼ਨ ਵਿੱਚ ਅਡਾਨੀ ਦੇ ਪ੍ਰੋਫਾਈਲ ਵਿੱਚ ਕਿਹਾ ਗਿਆ ਹੈ, ‘ਅਡਾਨੀ ਦਾ ਇੱਕ ਸਮੇਂ ਵਿਚ ਖੇਤਰੀ ਰਿਹਾ ਕਾਰੋਬਾਰ ਹੁਣ ਹਵਾਈ ਅੱਡਿਆਂ, ਨਿੱਜੀ ਬੰਦਰਗਾਹਾਂ ਤੋਂ ਲੈ ਕੇ ਖ਼ਪਤਕਾਰ ਵਸਤੂਆਂ ਤੱਕ ਫੈਲ ਗਿਆ ਹੈ। ਅਡਾਨੀ ਸਮੂਹ ਦੁਨੀਆ ਦੀ ਛੇਵੀਂ ਵੱਡੀ ਅਰਥਵਿਵਸਥਾ ਵਿੱਚ ਰਾਸ਼ਟਰੀ ਪੱਧਰ ‘ਤੇ ਸਭ ਤੋਂ ਵੱਡੀ ਕੰਪਨੀ ਹੈ, ਹਾਲਾਂਕਿ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰਹਿੰਦੇ ਹੋਏ ਅਡਾਨੀ ਚੁੱਪਚਾਪ ਆਪਣਾ ਸਾਮਰਾਜ ਬਣਾ ਰਹੇ ਹਨ।’ ਮੈਗਜ਼ੀਨ ਨੇ ਕਰੁਣਾ ਨੰਦੀ ਬਾਰੇ ਕਿਹਾ ਹੈ ਕਿ ਉਹ ਨਾ ਸਿਰਫ਼ ਇਕ ਵਕੀਲ ਹੈ, ਸਗੋਂ ਇਕ ਕਾਰਕੁਨ ਵੀ ਹੈ, ਜੋ ਅਦਾਲਤ ਦੇ ਅੰਦਰ ਅਤੇ ਬਾਹਰ ਬਹਾਦਰੀ ਨਾਲ ਬਦਲਾਅ ਲਈ ਆਵਾਜ਼ ਉਠਾਉਂਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਉਹ ਔਰਤਾਂ ਦੇ ਅਧਿਕਾਰਾਂ ਦੀ ਵਕੀਲ ਹੈ, ਜਿਨਾਂ ਨੇ ਬਲਾਤਕਾਰ ਵਿਰੋਧੀ ਕਾਨੂੰਨਾਂ ਵਿੱਚ ਸੁਧਾਰ ਦੀ ਵਕਾਲਤ ਕੀਤੀ ਹੈ ਅਤੇ ਕੰਮ ਵਾਲੀ ਥਾਂ ‘ਤੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਕੇਸ ਲੜ ਚੁੱਕੀ ਹੈ। ਹਾਲ ਹੀ ਵਿੱਚ, ਉਹ ਵਿਆਹੁਤਾ ਬਲਾਤਕਾਰ ਨੂੰ ਕਾਨੂੰਨੀ ਛੋਟ ਦੇਣ ਵਾਲੇ ਭਾਰਤ ਦੇ ਇਕ ਕਾਨੂੰਨ ਨੂੰ ਚੁਣੌਤੀ ਦੇਣ ਵਾਲੇ ਇੱਕ ਮੁਕੱਦਮੇ ਨਾਲ ਸਬੰਧਤ ਹੋਣ ਕਰਕੇ ਵਿਸ਼ਵ ਭਰ ਵਿੱਚ ਚਰਚਾ ਵਿੱਚ ਰਹੀ ਹੈ।

Comment here