ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਗੋਧਰਾ ਰੇਲ ਕਾਂਡ-2002 ਦੇ ਇਕ ਉਮਰ ਕੈਦ ਦੇ ਦੋਸ਼ੀ ਫਾਰੂਕ ਨੂੰ ਜ਼ਮਾਨਤ ਦੇ ਦਿੱਤੀ ਹੈ। ਫਾਰੂਕ ਨੂੰ ਸਾਬਰਮਤੀ ਐਕਸਪ੍ਰੈੱਸ ਦੇ ਬਲਦੇ ਡੱਬੇ ਤੋਂ ਲੋਕਾਂ ਨੂੰ ਬਾਹਰ ਆਉਣ ਤੋਂ ਰੋਕਣ ਲਈ ਪੱਥਰਬਾਜ਼ੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਅਦਾਲਤ ਨੇ 17 ਸਾਲ ਦੀ ਕੈਦ ਹੋਣ ਦੇ ਆਧਾਰ ’ਤੇ ਜ਼ਮਾਨਤ ਦੇ ਦਿੱਤੀ ਹੈ। ਇਸ ਮਾਮਲੇ ਦੇ ਸਾਰੇ ਦੋਸ਼ੀਆਂ ਦੀ ਅਪੀਲ ਸੁਪਰੀਮ ਕੋਰਟ ਵਿਚ 4 ਸਾਲਾਂ ਤੋਂ ਲੰਬਿਤ ਹੈ। ਬਾਕੀ ਦੋਸ਼ੀਆਂ ਦੀ ਜ਼ਮਾਨਤ ਅਤੇ ਮੁੱਖ ਅਪੀਲ ’ਤੇ ਬਾਅਦ ਵਿਚ ਸੁਣਵਾਈ ਕੀਤੀ ਜਾਵੇਗੀ। ਚੀਫ਼ ਜਸਟਿਸ ਡੀ. ਵਾਈ ਚੰਦਰਚੂੜ ਅਤੇ ਜਸਟਿਸ ਪੀ.ਐਸ. ਨਰਸਿਮ੍ਹਾ ਦੇ ਬੈਂਚ ਨੇ ਇਕ ਦੋਸ਼ੀ ਫਾਰੂਕ ਵਲੋਂ ਪੇਸ਼ ਹੋਏ ਵਕੀਲ ਦੀ ਦਲੀਲ ’ਤੇ ਗੌਰ ਕੀਤਾ ਕਿ ਉਸ ਨੂੰ ਜੇਲ੍ਹ ਵਿਚ ਬਿਤਾਏ ਸਮੇਂ ਨੂੰ ਦੇਖਦੇ ਹੋਏ ਜ਼ਮਾਨਤ ਦਿੱਤੀ ਜਾਵੇ। ਜ਼ਮਾਨਤ ਦਾ ਵਿਰੋਧ ਕਰਦੇ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਇਹ ਬੇਹੱਦ ਗੰਭੀਰ ਅਪਰਾਧਾਂ ’ਚੋਂ ਇਕ ਸੀ ਅਤੇ ਲੋਕਾਂ ਨੂੰ ਬਲਦੀ ਟ੍ਰੇਨ ਦੀ ਬੋਗੀ ਵਿਚ ਸਾੜਿਆ ਗਿਆ ਸੀ। ਆਮ ਹਾਲਤਾਂ ਵਿਚ ਪੱਥਰਬਾਜ਼ੀ ਘੱਟ ਗੰਭੀਰ ਅਪਰਾਧ ਹੁੰਦਾ ਪ੍ਰੰਤੂ ਇਹ ਮਾਮਲਾ ਬਿਲਕੁਲ ਵੱਖਰਾ ਹੈ।
Comment here