ਅਪਰਾਧਸਿਆਸਤਖਬਰਾਂ

ਗੈਰ-ਕਾਨੂੰਨੀ ਪ੍ਰਵਾਸ ਖ਼ਿਲਾਫ਼ ਨਵਾਂ ਕਾਨੂੰਨ ਲਿਆਉਣਗੇ ਸੁਨਕ

ਲੰਡਨ-ਬ੍ਰਿਟੇਨ ‘ਚ ਗੈਰ-ਕਾਨੂੰਨੀ ਪ੍ਰਵਾਸ ਖ਼ਿਲਾਫ਼ ਰਿਸ਼ੀ ਸੁਨਕ ਨੇ ਸਖ਼ਤੀ ਦੇ ਆਦੇਸ਼ ਦਿੱਤੇ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਪ੍ਰਵਾਸੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਬ੍ਰਿਟੇਨ ਆਉਣ ਤੋਂ ਰੋਕਣ ਲਈ ਪ੍ਰਸਤਾਵਿਤ ਨਵੇਂ ਕਾਨੂੰਨ ਦੇ ਨਾਲ ਗੈਰ-ਕਾਨੂੰਨੀ ਇਮੀਗ੍ਰੇਸ਼ਨ ‘ਤੇ ਕਾਰਵਾਈ ਕਰਨ ਦਾ ਐਲਾਨ ਕੀਤਾ। ਗੈਰ-ਕਾਨੂੰਨੀ ਪ੍ਰਵਾਸੀ ਖ਼ਤਰਨਾਕ ਛੋਟੀਆਂ ਕਿਸ਼ਤੀਆਂ ‘ਚ ਬ੍ਰਿਟੇਨ ਪਹੁੰਚਣ ਲਈ ਇੰਗਲਿਸ਼ ਚੈਨਲ ਪਾਰ ਕਰਦੇ ਹਨ। ਭਾਰਤੀ ਮੂਲ ਦੇ ਬ੍ਰਿਟਿਸ਼ ਨੇਤਾ ਨੇ ਗੁਆਂਢੀ ਦੇਸ਼ ਫਰਾਂਸ ਅਤੇ ਬ੍ਰਿਟੇਨ ਦੀ ਸਮੁੰਦਰੀ ਸਰਹੱਦ ਵਿਚਕਾਰ ਗੈਰ-ਕਾਨੂੰਨੀ ਰਸਤਿਆਂ ‘ਤੇ ਰੋਕ ਲਗਾਉਣ ਨੂੰ ਇਸ ਸਾਲ ਆਪਣੀਆਂ ਪ੍ਰਮੁੱਖ ਤਰਜੀਹਾਂ ‘ਚ ਸ਼ਾਮਲ ਕੀਤਾ ਹੈ। ਸੁਨਕ ਦੀ ਅਗਵਾਈ ਵਾਲੀ ਸਰਕਾਰ ਅਤੇ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਹੁਣ ਇਸ ਮੁੱਦੇ ਨੂੰ ਹੱਲ ਕਰਨ ਲਈ ਅਗਲੇ ਹਫ਼ਤੇ ਸੰਸਦ ਵਿੱਚ ਇਕ ਬਿੱਲ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ।
ਸੁਨਕ ਨੇ ‘ਸੰਡੇ ਐਕਸਪ੍ਰੈੱਸ’ ਅਖ਼ਬਾਰ ਨੂੰ ਕਿਹਾ, ”ਕੋਈ ਗਲਤੀ ਨਾ ਕਰੋ, ਜੇਕਰ ਤੁਸੀਂ ਗੈਰ-ਕਾਨੂੰਨੀ ਤੌਰ ‘ਤੇ ਇੱਥੇ ਆਉਂਦੇ ਹੋ ਤਾਂ ਤੁਸੀਂ ਇੱਥੇ ਨਹੀਂ ਰਹਿ ਸਕਦੇ।” ਅਖ਼ਬਾਰ ਮੁਤਾਬਕ ਸੁਨਕ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਉਸ ਸਮੱਸਿਆ ਦਾ ਹੱਲ ਲੱਭ ਲਿਆ ਹੈ, ਜੋ ਪਿਛਲੇ 4 ਸਾਲਾਂ ਤੋਂ ਸਰਕਾਰ ਨੂੰ ਪ੍ਰੇਸ਼ਾਨ ਕਰ ਰਹੀ ਹੈ। ਬ੍ਰੇਵਰਮੈਨ ਨੇ ਐਤਵਾਰ ਨੂੰ ‘ਸਨ ਆਨ ਸੰਡੇ’ ਵਿੱਚ ਲਿਖਿਆ ਕਿ “ਹੁਣ ਬਹੁਤ ਹੋ ਗਿਆ” ਅਤੇ ਬ੍ਰਿਟੇਨ ਇਸ ਮੁੱਦੇ ਨੂੰ ਸੁਲਝਾਉਣਾ ਚਾਹੁੰਦਾ ਹੈ। ਬ੍ਰੇਵਰਮੈਨ ਨੇ ਕਿਹਾ, “ਜੇ ਤੁਸੀਂ ਇੱਥੇ ਗੈਰ-ਕਾਨੂੰਨੀ ਤੌਰ ‘ਤੇ ਆਉਂਦੇ ਹੋ ਤਾਂ ਤੁਹਾਨੂੰ ਹਿਰਾਸਤ ਵਿੱਚ ਲੈ ਲਿਆ ਜਾਵੇਗਾ ਅਤੇ ਤੁਹਾਨੂੰ ਜਲਦੀ ਤੋਂ ਜਲਦੀ ਦੇਸ਼ ਨਿਕਾਲਾ ਦਿੱਤਾ ਜਾਵੇਗਾ।”

Comment here