ਪੰਜਾਬ ਚ ਕਾਂਗਰਸੀਆਂ ਨੇ ਪਾਈ ਅੰਨੀ ਲੁੱਟ-ਮਜੀਠੀਆ
ਨਸ਼ੇ ਨਾਲ ਪੰਜਾਬ ਨੂੰ ਉਜਾੜਨ ਵਾਲੇ ਨੂੰ ਬੋਲਣ ਦਾ ਕੋਈ ਹੱਕ ਨੀਂ-ਚੰਨੀ
ਵਿਸ਼ੇਸ਼ ਰਿਪੋਰਟ-ਜਯੋਤੀ
ਹਾਲ ਹੀ ਵਿੱਚ ਪੰਜਾਬ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਕਰੀਬੀ ਰਿਸ਼ਤੇਦਾਰ ਤੇ ਗੈਰ ਕਨੂੰਨੀ ਮਾਈਨਿੰਗ ਦੇ ਮਾਮਲੇ ਚ ਈ ਡੀ ਨੇ ਛਾਪੇਮਾਰੀ ਕੀਤੀ ਸੀ, ਇਸ ਉੱਤੇ ਪੰਜਾਬ ਦੀ ਸਿਆਸਤ ਪੂਰੀ ਭਖੀ ਪਈ ਹੈ। ਵਿਰੋਧੀ ਧਿਰਾਂ ਸੱਤਾਧਾਰੀਆਂ ਨੂੰ ਇਸ ਮੁੱਦੇ ਤੇ ਰੱਜ ਕੇ ਭੰਡ ਰਹੀਆਂ ਹਨ।
ਅਕਾਲੀ ਨੇਤਾ ਬਿਕਰਮ ਮਜੀਠੀਆ ਨੇ ਤਾਂ ਬਕਾਇਦਾ ਪ੍ਰੈੱਸ ਕਾਨਫਰੰਸ ਕਰਕੇ ਹੱਲਾ ਬੋਲਿਆ, ਕਿਹਾ-ਦਿੱਲੀ ਬੈਠੇ ਕੇਂਦਰ ਦੇ ਕਾਂਗਰਸੀ ਆਗੂਆਂ ਵਿੱਚ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਘਰ ਪਏ ਈਡੀ ਦੇ ਛਾਪੇ ਤੋ ਬਾਅਦ ਬੇਚੈਨੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀ ਅੰਨੀ ਲੁੱਟ ਵਿੱਚ ਉੱਪਰ ਤੱਕ ਕਾਂਗਰਸੀ ਹਾਈਕਮਾਂਡ ਦੇ ਆਗੂ ਸਾਮਲ ਸਨ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਇੱਕ ਟੈਂਟ ਦਾ ਕੰਮ ਕਰਦੇ ਰਿਸ਼ਤੇਦਾਰ ਦੇ ਘਰ ਤੋ 10 ਕਰੋੜ ਤੋ ਵੱਧ ਦੀ ਨਕਦੀ ਅਤੇ ਲੱਖਾਂ ਰੁਪਏ ਦੇ ਗਹਿਣੇ ਬਰਾਮਦ ਹੋਣ ਤੋ ਬਾਅਦ ਹੋਣਾ ਤਾਂ ਇਹ ਚਾਹੀਦਾ ਸੀ ਕਿ ਕੇਂਦਰ ਦੇ ਕਾਂਗਰਸੀ ਆਗੂ ਚੰਨੀ ਖਿਲਾਫ ਕਾਰਵਾਈ ਕਰਦੇ ਉਸ ਤੋ ਇਹਨਾਂ ਬਰਾਮਦ ਪੈਸਿਆਂ ਦਾ ਹਿਸਾਬ ਮੰਗਦੇ, ਪਰ ਇਸ ਦੇ ਬਿਲਕੁਲ ਉਲਟਾ, ਉਸ ਖਿਲਾਫ ਕਾਰਵਾਈ ਕਰਨ ਦੀ ਥਾਂ ਜਿਸ ਤਰਾਂ ਕਾਂਗਰਸੀ ਹਾਈਕਮਾਂਡ ਭਾਰਤੀ ਚੋਣ ਕਮਿਸ਼ਨ ਨੂੰ ਈਡੀ ਦੇ ਛਾਪੇ ਨੂੰ ਰੋਕਣ ਲਈ ਸ਼ਿਕਾਇਤਾਂ ਕਰ ਰਹੀ ਹੈ। ਇਸ ਤੋਂ ਸ਼ੱਕ ਪੈਂਦਾ ਹੈ ਕਿ ਬੀਤੇ ਦਿਨੀ ਮੁੱਖ ਮੰਤਰੀ ਬਣਨ ਤੋਂ ਬਾਅਦ ਹੈਲੀਕਾਪਟਰ ਤੇ ਦਿੱਲੀ ਨੂੰ ਲੱਗਦੇ ਚੰਨੀ ਦੇ ਨਿੱਤ ਗੇੜੇ ਕਿਤੇ ਪੰਜਾਬ ਦੀ ਲੁੱਟ ਵਿੱਚੋ ਹਿੱਸਾ ਦਿੱਲੀ ਬੈਠੇ ਆਪਣੇ ਅਕਾਵਾਂ ਨੂੰ ਪਹੁੰਚਾਉਣ ਲਈ ਤਾਂ ਨਹੀ ਕਿਤੇ ਲੱਗਦੇ ਸਨ। ਇਹ ਸਿਰਫ ਚੰਨੀ ਦੀ ਇਕ ਸਾਲੀ ਦੇ ਮੁੰਡੇ ਤੋ 15 ਲੱਖ ਦੀ ਕੀਮਤੀ ਘੜੀ ਬਰਾਮਦ ਹੋਈ, ਉੱਥੇ 100 ਕਰੋੜ ਤੋਂ ਉੱਪਰ ਪੈਸੇ ਦੇ ਲੈਣ ਦੇਣ ਦੇ ਹਿਸਾਬ ਦਾ ਰਿਕਾਰਡ ਮਿਲਿਆ। ਜੇ ਕਿਤੇ ਚੰਨੀ ਦੇ ਮੁੰਡੇ ਅਤੇ ਉਸ ਦੇ ਭਰਾ ਮਨਮੋਹਨ ਸਿੰਘ ਦੀ ਜਾਂਚ ਕੀਤੀ ਜਾਵੇ ਤਾਂ ਇਹ ਘਪਲਾ ਕਈ 100 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ, ਦੇਸ ਦੀ ਸਮੁੱਚੀ ਕਾਂਗਰਸ ਪਾਰਟੀ ਵੱਲੋ ਇਸ ਕਰੱਪਸ਼ਨ ਨੂੰ ਸਹੀ ਠਹਰਾਉਣਾ ਇਸ ਗੱਲ ਨੂੰ ਪੁਖਤਾ ਕਰਦਾ ਹੈ ਕਿ ਇਸ ਬਾਂਦਰ ਵੰਡ ਵਿੱਚ ਸਭ ਕਾਂਗਰਸੀ ਲੱਗੇ ਹੋਏ ਸਨ। ਮਜੀਠੀਆ ਨੇ ਸਾਫ਼ ਕੀਤਾ ਕਿ ਪੰਜਾਬ ਦੇ ਲੋਕਾਂ ਨੇ ਇਸ ਲੋਟੂ ਟੋਲੇ ਨੂੰ ਭਜਾਉਣ ਦਾ ਪੂਰਾ ਮਨ ਬਣਾ ਲਿਆ ਹੈ ਅਤੇ ਸ੍ਰੋਮਣੀ ਅਕਾਲੀ ਦਲ, ਬਸਪਾ ਦੀ ਸਰਕਾਰ ਬਣਨ ਤੇ ਪੰਜਾਬ ਦੀ ਆਰਥਿਕਤਾ ਨੂੰ ਨੋਚਣ ਵਾਲਿਆਂ ਤੋ ਪੂਰਾ ਹਿਸਾਬ ਲਿਆ ਜਾਵੇਗਾ।
ਨਸ਼ੇ ਨਾਲ ਪੰਜਾਬ ਨੂੰ ਉਜਾੜਨ ਵਾਲੇ ਸਵਾਲ ਨਾ ਕਰਨ-ਚੰਨੀ
ਈ ਡੀ ਦੇ ਛਾਪਿਆਂ ਮਗਰੋਂ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਲਾਏ ਗਏ ਬੇਬੁਨਿਆਦ ਅਤੇ ਬੇਤੁਕੇ ਦੋਸ਼ਾਂ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਨੂੰ ਪੰਜਾਬ ਭਰ ‘ਚ ਰੇਤ ਦੀ ਖੁਦਾਈ ‘ਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਦਰਸਾਉਂਦਾ ਦਾ ਇੱਕ ਵੀ ਸਬੂਤ ਪੇਸ਼ ਕਰਨ ਲਈ ਲਲਕਾਰਿਆ ਹੈ। ਚੰਨੀ ਨੇ ਕਿਹਾ-“ਮੈਂ ਆਪਣੇ ਭਤੀਜੇ ਭੁਪਿੰਦਰ ਸਿੰਘ ਹਨੀ ਨਾਲ ਆਪਣੇ ਸੰਬੰਧਾਂ ਤੋਂ ਕਦੇ ਇਨਕਾਰ ਨਹੀਂ ਕੀਤਾ ਅਤੇ ਰਿਸ਼ਤੇਦਾਰ ਹੋਣ ਦੇ ਨਾਤੇ ਉਹ ਮੇਰੇ ਕਿਸੇ ਸਮਾਗਮ ਵਿੱਚ ਹਾਜ਼ਰ ਹੋ ਸਕਦਾ ਹੈ। ਜੇ ਮੈਂ ਆਪਣੇ ਪੁੱਤਰ ਦੇ ਵਿਆਹ ਜਾਂ ਕਿਸੇ ਹੋਰ ਸਮਾਗਮ ਵਿੱਚ ਆਪਣੇ ਰਿਸ਼ਤੇਦਾਰਾਂ ਨਾਲ ਫੋਟੋ ਖਿਚਵਾਉਂਦਾ ਹਾਂ ਤਾਂ ਇਹ ਕੋਈ ਜ਼ੁਰਮ ਨਹੀਂ ਹੈ।” ਚੰਨੀ ਨੇ ਕਿਹਾ ਕਿ ਮਜੀਠੀਆ ਭਾਜਪਾ ਸਰਕਾਰ ਦੀਆਂ ਧੁਨਾਂ ‘ਤੇ ਨੱਚ ਰਿਹਾ ਹੈ ਅਤੇ ਉਸ ਵਿਰੁੱਧ ਐਨਡੀਪੀਐਸ ਤਹਿਤ ਕੇਸ ਦਰਜ ਕਰਨ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸਦਾ ਕਿ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ, ਜੋ ਕਿ ਅਕਾਲੀ-ਭਾਜਪਾ ਨਾਲ ਗੱਠਜੋੜ ਵਿੱਚ ਹੈ, ਗੁਨਾਹਾਂ ‘ਤੇ ਪਰਦਾ ਪਾ ਦਿੱਤਾ ਸੀ। ਚੰਨੀ ਨੇ ਕਿਹਾ, “ਮੈਂ ਮਜੀਠੀਆ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਨਸ਼ਾ ਤਸਕਰਾਂ ਨਾਲ ਉਸਦੇ ਸੰਬੰਧਾਂ ਦੇ ਮਾਮਲੇ ਵਿੱਚ ਈਡੀ ਨੇ ਉਸਦੀ ਜਾਂਚ ਕੀਤੀ ਸੀ ਅਤੇ ਨਸ਼ਿਆਂ ਦੇ ਸੌਦਾਗਰ ਨੂੰ ਪਨਾਹ ਦੇਣ ਅਤੇ ਨਸ਼ਿਆਂ ਦੀ ਤਸਕਰੀ ਦੀ ਸਹੂਲਤ ਦੇਣ ਲਈ ਉਸ ਦਾ ਨਾਮ ਲਿਆ ਸੀ। ਮਜੀਠੀਆ ਦੀਆਂ ਫੋਟੋਆਂ ਉਨ੍ਹਾਂ ਦੇ ਨਾਲ ਸਨ, ਕੀ ਇਸ ਦਾ ਮਤਲਬ ਉਹ ਉਨ੍ਹਾਂ ਨੂੰ ਜਾਣਦਾ ਸੀ ਅਤੇ ਉਨ੍ਹਾਂ ਨੂੰ ਪਨਾਹ ਦਿੰਦਾ ਸੀ?” ਮੁੱਖ ਮੰਤਰੀ ਨੇ ਮਜੀਠੀਆ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਬਾਦਲ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਆਖਿਆ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਈਡੀ ਦੇ ਛਾਪੇ ਅਤੇ ਵਿਰੋਧੀ ਧਿਰ ਦੇ ਭੜਕਾਊ ਹਮਲਿਆਂ ਨੂੰ ‘ਸਿਆਸੀ ਬਦਲਾਖੋਰੀ’ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਦੀ ਬੇਰੁਖੀ ਤੋਂ ਬਾਅਦ ਭਾਜਪਾ ਮੇਰੇ ਤੋਂ ਬਦਲਾ ਲੈਣ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ ਅਤੇ ਵਿਰੋਧੀ ਧਿਰ ਹੁਣ ਪੰਜਾਬ ਵਿੱਚ ਇਸ ਮੁੱਦੇ ‘ਤੇ ਰਾਜਨੀਤੀ ਕਰ ਰਹੀ ਹੈ। ” ਉਨ੍ਹਾਂ ਨੇ ਮਜੀਠੀਆ ਨੂੰ ਸਵਾਲ ਕੀਤਾ, “ਮੁੱਖ ਮੰਤਰੀ ਹੋਣ ਦੇ ਨਾਤੇ ਮੈਂ ਹਰ ਰੋਜ਼ ਹਜ਼ਾਰਾਂ ਲੋਕਾਂ ਨਾਲ ਫੋਟੋਆਂ ਖਿਚਵਾਉਂਦਾ ਹਾਂ, ਕੀ ਇਸਦਾ ਮਤਲਬ ਇਹ ਹੈ ਕਿ ਮੈਂ ਉਨ੍ਹਾਂ ਨਾਲ ਜੁੜਿਆ ਹੋਇਆ ਹਾਂ?” ਮੁੱਖ ਮੰਤਰੀ ਨੇ ਕਿਹਾ ਕਿ ਮਜੀਠੀਆ, ਜਿਸ ਨੇ 10 ਸਾਲਾਂ ਤੱਕ ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਤਬਾਹ ਕੀਤਾ, ਹੁਣ ਉਸਦੀ ਇਮਾਨਦਾਰੀ ‘ਤੇ ਸਵਾਲ ਕਰ ਰਿਹਾ ਹੈ, ਇਹ ਬਹੁਤ ਹੀ ਹਾਸੋਹੀਣੀ ਗੱਲ ਹੈ।
Comment here