ਚੰਡੀਗੜ੍ਹ-ਪੰਜਾਬ ਵਿੱਚੋਂ ਸ਼ੁਰੂ ਹੋਏ ਗੈਂਗਸਟਰਵਾਦ ਦੀਆਂ ਜੜ੍ਹਾਂ ਹੁਣ ਕੈਨੇਡਾ ਵਿੱਚ ਵੀ ਪੈਰ ਪਸਾਰ ਚੁੱਕੀਆਂ ਹਨ ਅਤੇ ਕੈਨੇਡਾ ਵਿੱਚ ਕਰੀਬ 15 ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਗੈਂਗਸਟਰ ਸੁੱਖਾ ਦੁਨੇਕੇ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਹੈ। ਇਹ ਜ਼ਿੰਮੇਵਾਰੀ ਇੱਕ ਫੇਸਬੁੱਕ ਪੋਸਟ ਰਾਹੀਂ ਲਾਰੈਂਸ ਬਿਸ਼ਨੋਈ ਅਕਾਊਂਟ ਤੋਂ ਲਈ ਗਈ ਹੈ। ਪੋਸਟ ਵਿੱਚ ਉਨ੍ਹਾਂ ਸਪੱਸ਼ਟ ਲਿਖਿਆ ਕਿ ਕਤਲ ਕੀਤਾ ਗਿਆ ਗੈਂਗਸਟਰ ਸੁੱਖਾ ਦੁਨੇਕੇ ਬੰਬੀਹਾ ਗਰੁੱਪ ਦਾ ਇੰਚਰਾਜ ਬਣ ਕੇ ਘੁੰਮ ਰਿਹਾ ਸੀ ਇਸ ਲਈ ਲਈ ਉਸ ਦਾ ਕਤਲ ਕੀਤਾ ਗਿਆ ਹੈ।
ਲਾਰੈਂਸ ਬਿਸ਼ਨੋਈ ਦੇ ਨਾਮ ਤੋਂ ਫੇਸਬੁੱਕ ਉੱਤੇ ਬਣੇ ਇਸ ਅਕਾਊਂਟ ਤੋਂ ਪਾਈ ਗਈ ਪੋਸਟ ਰਾਹੀਂ ਇਹ ਵੀ ਕਿਹਾ ਗਿਆ ਹੈ ਕਿ ਕਤਲ ਕੀਤਾ ਸੁੱਖਾ ਦੁਨੇਕੇ ਨਸ਼ੇ ਦਾ ਆਦੀ ਸੀ ਅਤੇ ਇਸ ਨੇ ਨਸ਼ੇ ਦੀ ਪੂਰਤੀ ਲਈ ਕਈ ਘਰ ਉਜਾੜੇ ਸਨ। ਇਸ ਦੀ ਭੂਮਿਕਾ ਵਿੱਕੀ ਮਿੱਡੂ ਖੇੜਾ,ਗੁਰਲਾਲ ਬਰਾੜ ਅਤੇ ਕਬੱਡੀ ਸਟਾਰ ਨੰਗਲ ਅੰਬੀਆਂ ਦੇ ਕਤਲ ਵਿੱਚ ਸੀ,ਜਿਸ ਕਰਕੇ ਹੁਣ ਬਦਲੇ ਲੈਂਦਿਆਂ ਇਸ ਦਾ ਕਤਲ ਕੀਤਾ ਗਿਆ ਹੈ। ਪੋਸਟ ਵਿੱਚ ਅੱਗੇ ਇਹ ਕਿਹਾ ਗਿਆ ਹੈ ਕਿ ਬਾਕੀ ਵੀ ਜੋ ਸਾਡੇ ਦੁਸ਼ਮਣ ਇੱਧਰ-ਉੱਧਰ ਬਚ ਕੇ ਘੁੰਮ ਰਹੇ ਹਨ ਉਨ੍ਹਾਂ ਦਾ ਵੀ ਜਲਦ ਨੰਬਰ ਆਵੇਗਾ।
ਦੱਸ ਦਈਏ ਸੁੱਖਾ ਦੁਨੇਕੇ ਪੰਜਾਬ ਵਿੱਚ ਜ਼ਿਲ੍ਹਾ ਮੋਗਾ ਦੇ ਪਿੰਡ ਦੁਨੇਕੇ ਕਲਾਂ ਦਾ ਵਸਨੀਕ ਸੀ। ਕੈਟਾਗਰੀ ‘ਏ’ ਦਾ ਗੈਂਗਸਟਰ ਸੁੱਖਾ ਦੁਨੇਕੇ ਅਪਰਾਧ ਦੀ ਦੁਨੀਆਂ ‘ਚ ਆਉਣ ਤੋਂ ਪਹਿਲਾਂ ਮੋਗਾ ਦੇ ਡੀਸੀ ਦਫ਼ਤਰ ‘ਚ ਕੰਮ ਕਰਦਾ ਸੀ। ਉਹ ਪੁਲਿਸ ਦੀ ਮਦਦ ਨਾਲ ਜਾਅਲੀ ਦਸਤਾਵੇਜ਼ਾਂ ‘ਤੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਹਾਸਲ ਕਰਕੇ 2017 ‘ਚ ਕੈਨੇਡਾ ਭੱਜ ਗਿਆ ਸੀ। ਉਸ ਸਮੇਂ ਦੁਨੇਕੇ ਵਿਰੁੱਧ ਸੱਤ ਅਪਰਾਧਿਕ ਮਾਮਲੇ ਚੱਲ ਰਹੇ ਸਨ। ਇਹ ਸਾਰੇ ਮਾਮਲੇ ਸਥਾਨਕ ਗਰੁੱਪਾਂ ਦੀਆਂ ਗਤੀਵਿਧੀਆਂ ਨਾਲ ਸਬੰਧਿਤ ਸਨ। ਸੁੱਖਾ ਦੁਨੇਕੇ ਦਾ ਸਬੰਧ ਅਸਲ ਵਿੱਚ ਬੰਬੀਹਾ ਗੈਂਗ ਨਾਲ ਸੀ।
ਕੈਨੇਡਾ ਜਾਣ ਤੋਂ ਤੁਰੰਤ ਬਾਅਦ, ਉਸ ਨੇ ਭਾਰਤ ਵਿੱਚ ਆਪਣਾ ਨੈੱਟਵਰਕ ਫੈਲਾਉਣਾ ਸ਼ੁਰੂ ਕਰ ਦਿੱਤਾ। ਉੱਥੇ ਉਹ ਖਾਲਿਸਤਾਨੀ ਅੱਤਵਾਦੀ ਅਰਸ਼ ਡੱਲਾ ਦੇ ਨੇੜੇ ਆਇਆ। ਉਸ ਨੇ ਸੂਬੇ ਵਿੱਚ ਹਥਿਆਰਾਂ ਦੀ ਤਸਕਰੀ ਅਤੇ ਜਬਰੀ ਵਸੂਲੀ ਸ਼ੁਰੂ ਕਰ ਦਿੱਤੀ। ਕੈਨੇਡਾ ਭੱਜਣ ਤੋਂ ਬਾਅਦ ਉਸ ਵਿਰੁੱਧ ਚਾਰ ਕਤਲਾਂ ਸਮੇਤ 11 ਹੋਰ ਕੇਸ ਦਰਜ ਕੀਤੇ ਗਏ ਸਨ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 18 ਹੋ ਗਈ ਸੀ। ਪੁਲਿਸ ਅਨੁਸਾਰ ਦੁਨੇਕੇ ਬਦਨਾਮ ਸ਼ਾਰਪਸ਼ੂਟਰ ਦਵਿੰਦਰ ਬੰਬੀਹਾ ਗਿਰੋਹ ਦਾ ਸਾਥੀ ਸੀ।
ਗੈਂਗਸਟਰ ਸੁੱਖਾ ਦੁਨੇਕੇ ਦੇ ਕਤਲ ਦੀ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ

Comment here