ਮੋਗਾ-ਕੈਨੇਡਾ ਵਿੱਚ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਇੱਕ ਹੋਰ ਗੈਂਗਸਟਰ ਦਾ ਕਤਲ ਹੋ ਗਿਆ ਹੈ। ਜਾਣਕਾਰੀ ਅਨੁਸਾਰ ਕੈਨੇਡਾ ਦੇ ਪਿਨੀਪੈਗ ਸ਼ਹਿਰ ‘ਚ ਗੈਂਗਸਟਰ ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਗੈਂਗਸਟਰ ਸੁਖਦੁਲ ਸਿੰਘ ਉਰਫ ਸੁੱਖਾ ਦੁਨੇਕੇ ਨੂੰ ਅੱਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦਾ ਸੱਜਾ ਹੱਥ ਮੰਨਿਆ ਜਾਂਦਾ ਸੀ ਅਤੇ ਉਹ ਖੁਫੀਆ ਏਜੰਸੀ ਐੱਨਆਈਏ ਦੀ ਵਾਂਟੇਡ ਸੂਚੀ ਵਿੱਚ ਵੀ ਸ਼ਾਮਲ ਸੀ। ਸੁੱਖਾ ਕੈਨੇਡਾ ਵਿੱਚ ਰਹਿੰਦਿਆਂ ਭਾਰਤ ਵਿੱਚ ਜਬਰੀ ਵਸੂਲੀ ਦਾ ਕੰਮ ਕਰਦਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁੱਖਾ ਨੂੰ ਕਰੀਬ 15 ਗੋਲੀਆਂ ਮਾਰੀਆਂ ਗਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਦੁਨੇਕੇ ਉੱਤੇ ਕਰੀਬ 15 ਰਾਉਂਡ ਫਾਇਰਿੰਗ ਹੋਈ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਹ 41 ਅੱਤਵਾਦੀਆਂ ਅਤੇ ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਸੀ, ਜਿਸ ਨੂੰ ਐੱਨਆਈਏ ਨੇ ਵੀ ਜਾਰੀ ਕੀਤਾ ਸੀ।
ਸੁੱਖਾ ਦੁਨੇਕੇ 2017 ਵਿੱਚ ਫਰਜ਼ੀ ਪਾਸਪੋਰਟ ਦੇ ਸਹਾਰੇ ਭਾਰਤ ਤੋਂ ਕੈਨੇਡਾ ਭੱਜ ਗਿਆ ਸੀ। ਸੁੱਖਾ ਖਿਲਾਫ ਕਈ ਅਪਰਾਧਿਕ ਮਾਮਲੇ ਵੀ ਦਰਜ ਹਨ। ਦੱਸ ਦੇਈਏ ਕਿ ਜੂਨ ਵਿੱਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦਾ ਵੀ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ । ਉਸ ਤੋਂ ਬਾਅਦ ਕਈ ਖਾਲਿਸਤਾਨੀ ਸਮਰਥਕ ਨਿਸ਼ਾਨਾ ਬਣ ਚੁੱਕੇ ਹਨ। ਇਸ ਦੇ ਨਾਲ ਹੀ ਇਨ੍ਹਾਂ ਘਟਨਾਵਾਂ ਤੋਂ ਬਾਅਦ ਕੈਨੇਡਾ ਅਤੇ ਭਾਰਤ ਦੇ ਸਬੰਧਾਂ ਵਿੱਚ ਵੀ ਖਟਾਸ ਆ ਗਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਬਿਆਨ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਨੇ ਇਨ੍ਹਾਂ ਕਤਲਾਂ ਪਿੱਛੇ ਭਾਰਤ ਦਾ ਹੱਥ ਹੋਣ ਦਾ ਇਲਜ਼ਾਮ ਲਾਇਆ ਸੀ। ਭਾਰਤ ਨੇ ਇਸ ਬਿਆਨ ਨੂੰ ਬੇਤੁਕਾ ਦੱਸਿਆ ਹੈ ਅਤੇ ਇਸ ਦੀ ਨਿਖੇਧੀ ਕੀਤੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਉਹ ਨਿਸ਼ਾਨੇ ‘ਤੇ ਆ ਗਏ ਹਨ। ਦੱਸ ਦੇਈਏ ਕਿ ਜੀ-20 ਸੰਮੇਲਨ ਦੌਰਾਨ ਉਹ ਪ੍ਰੈਜ਼ੀਡੈਂਸ਼ੀਅਲ ਰੂਮ ਵਿੱਚ ਵੀ ਨਹੀਂ ਰੁਕੇ ਸਨ। ਉਸ ਨੇ ਹੋਟਲ ਵਿੱਚ ਆਪਣੇ ਲਈ ਇੱਕ ਸਧਾਰਨ ਕਮਰਾ ਬੁੱਕ ਕਰਵਾਇਆ ਸੀ।
ਦੱਸ ਦਈਏ ਐੱਨਆਈਏ ਨੇ ਜਿਨ੍ਹਾਂ ਗੈਂਗਸਟਰਾਂ ਅਤੇ ਖਾਲਿਸਤਾਨੀਆਂ ਦੀਆਂ ਤਸਵੀਰਾਂ ਜਨਤਕ ਕੀਤੀਆਂ ਸਨ ਉਸ ਵਿੱਚ ਸੁੱਖਾ ਦੁਨੇਕੇ ਦਾ ਵੀ ਨਾਮ ਸ਼ਾਮਿਲ ਸੀ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਲਿਸਟ ਵਿੱਚ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਸਟਰਮਾਈਂਡ ਗੋਲਡੀ ਬਰਾੜ ਦਾ ਵੀ ਨਾਮ ਸ਼ਾਮਿਲ ਹੈ । ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਅਨਮੋਲ ਬਿਸ਼ਨੋਈ ਦਾ ਵੀ ਨਾਮ ਸ਼ਾਮਿਲ ਹੈ। ਇਸ ਲਿਸਟ ਵਿੱਚ ਕਥਿਤ ਤੌਰ ਉੱਤੇ ਪਾਕਿਸਤਾਨ ਵਿੱਚ ਪਨਾਹ ਲੈਕੇ ਬੈਠੇ ਅੱਤਵਾਦੀ ਹਰਿੰਦਰ ਰਿੰਦਾ ਦਾ ਵੀ ਨਾਮ ਸ਼ਾਮਿਲ ਹੈ।
ਗੈਂਗਸਟਰ ਸੁਖਦੁਲ ਸਿੰਘ ਉਰਫ ਸੁੱਖਾ ਦੁਨੇਕੇ ਦਾ ਕੈਨੇਡਾ ‘ਚ ਕਤਲ

Comment here