ਅਪਰਾਧਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਗੈਂਗਸਟਰ, ਸਮੱਗਲਰ ਤੇ ਬਦਮਾਸ਼ ਜੇਲ੍ਹਾਂ ਚੋਂ ਵੀ ਚਲਾ ਰਹੇ ਨੇ ਧੰਦੇ

ਸਿੱਧੂ ਮੂਸੇ ਵਾਲੇ ਦੇ ਕਤਲ ਤੋਂ ਬਾਅਦ ਇਹ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ ਕਿ ਜੇਲ੍ਹਾਂ ਵਿੱਚ ਬੈਠੇ ਗੈਂਗਸਟਰ ਅਰਾਮ ਨਾਲ ਆਪਣੇ ਗਿਰੋਹ ਚਲਾ ਰਹੇ ਹਨ ਤੇ ਵੱਡੀਆਂ ਵਾਰਦਾਤਾਂ ਸਰਅੰਜ਼ਾਮ ਦੇ ਰਹੇ ਹਨ। ਮੂਸੇ ਵਾਲੇ ਦੇ ਕਤਲ ਦੀ ਤਫਤੀਸ਼ ਦੇ ਦੌਰਾਨ ਲਾਰੈਂਸ ਬਿਸ਼ਨੋਈ, ਸਾਰਜ ਸੰਧੂ ਅਤੇ ਜੱਗੂ ਭਗਵਾਨਪੁਰੀਏ ਆਦਿ ਦੇ ਨਾਮ ਸਾਹਮਣੇ ਆਏ ਹਨ ਜੋ ਸਾਰੇ ਹੀ ਜੇਲ੍ਹਾਂ ਵਿੱਚ ਬੰਦ ਹਨ। ਇਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਇਹ ਲੋਕ ਜੇਲ੍ਹ ਵਿੱਚ ਹੋਣ ਜਾਂ ਬਾਹਰ, ਇਨ੍ਹਾਂ ਦੀ ਸਿਹਤ ‘ਤੇ ਕੋਈ ਫਰਕ ਨਹੀਂ ਪੈਂਦਾ। ਵੱਖ ਵੱਖ ਜੇਲ੍ਹਾਂ ਵਿੱਚ ਬੈਠੇ ਗੈਂਗਸਟਰਾਂ ਦਾ ਆਪਸੀਅਤੇ ਵਿਦੇਸ਼ਾਂ ਨਾਲ ਸਬੰਧ ਲਗਾਤਾਰ ਬਣਿਆ ਹੋਇਆ ਹੈ। ਹਰ ਦੂਸਰੇ ਚੌਥੇ ਦਿਨ ਜੇਲ੍ਹਾਂ ਦੀ ਅਚਨਚੇਤ ਚੈਕਿੰਗ ਦੌਰਾਨ ਵੱਡੀ ਗਿਣਤੀ ਵਿੱਚ ਮੋਬਾਇਲ ਫੋਨ ਅਤੇ ਨਸ਼ੇ ਆਦਿ ਬਰਾਮਦ ਹਨ, ਪਰ ਅਗਲੇ ਹੀ ਦਿਨ ਉਸ ਤੋਂ ਦੂਣੇ ਫਿਰ ਜੇਲ੍ਹ ਅੰਦਰ ਪਹੁੰਚ ਜਾਂਦੇ ਹਨ। ਪੰਜਾਬ ਦੀ ਇੱਕ ਜੇਲ੍ਹ ਵਿੱਚ ਮੋਬਾਇਲ ਸਿਗਨਲ ਜਾਮ ਕਰਨ ਵਾਲੇ ਜੈਮਰ ਲੱਗੇ ਹੋਏ ਹਨ ਜਿਸ ਦੇ ਬਿਲਕੁਲ ਸਾਹਮਣੇ ਉਸ ਜਿਲ੍ਹੇ ਦੀ ਪੁਲਿਸ ਲਾਈਨ ਹੈ। ਹੈਰਾਨੀ ਦੀ ਗੱਲ ਹੈ ਜੈਮਰ ਕਾਰਨ ਪੁਲਿਸ ਲਾਈਨ ਵਿੱਚ ਤਾਂ ਮੋਬਾਇਲ ਕਾਲ ਕਰਨ ਵਿੱਚ ਪਰੇਸ਼ਾਨੀ ਆਉਂਦੀ ਹੈ, ਪਰ ਜੇਲ੍ਹ ਵਿੱਚ ਬੰਦ ਬਦਮਾਸ਼ ਅਰਾਮ ਨਾਲ ਬਾਹਰ ਗੱਲ ਕਰ ਲੈਂਦੇ ਸਨ। ਬਾਅਦ ਵਿੱਚ ਤਫਤੀਸ਼ ਕਰਨ ਤੋਂ ਪਤਾ ਲੱਗਾ ਕਿ ਜੇਲ੍ਹ ਅੰਦਰ ਕਈ ਥਾਵਾਂ ‘ਤੇ ਜੈਮਰ ਦਾ ਅਸਰ ਘੱਟ ਹੈ (ਬਲੈਕ ਸਪੌਟ ਹੈ)। ਉਸ ਬਾਰੇ ਬਦਮਾਸ਼ਾਂ ਨੂੰ ਪਤਾ ਸੀ ਤੇ ਉਥੇ ਪਹੁੰਚ ਕੇ ਉਹ ਮੋਬਾਇਲ ਕਾਲਾਂ ਕਰਦੇ ਸਨ।
ਵੈਸੇ ਜੇ ਮੋਬਾਇਲ ਫੋਨ ਨਾ ਹੋਵੇ ਤਾਂ ਵੀ ਬਦਮਾਸ਼ ਮੁਲਾਕਾਤੀਆਂਰਾਹੀਂ ਸੁਨੇਹੇ ਆਪਣੇ ਗੈਂਗ ਤੱਕ ਪਹੁੰਚਾ ਦਿੰਦੇ ਹਨ। ਮੁੰਬਈ ਦੀਆਂ ਜੇਲ੍ਹਾਂ ਵਿੱਚ ਬੰਦ ਬਦਮਾਸ਼ਾਂ ਨੇ ਇੱਕ ਨਵਾਂ ਹੀ ਤਰੀਕਾ ਲੱਭ ਲਿਆ ਸੀ। ਉਨ੍ਹਾਂ ਦੇ ਗੁਰਗੇ ਛੋਟੇ ਮੋਟੇ ਅਪਰਾਧ ਕਰ ਕੇ ਜੇਲ੍ਹ ਵਿੱਚ ਆਪਣੇ ਬੌਸ ਕੋਲ ਪਹੁੰਚ ਜਾਂਦੇ ਸਨ। ਉਥੇ ਹਫਤਾ ਦੋ ਹਫਤੇ ਰਹਿ ਕੇ ਵਰਦਾਤ ਜਾਂ ਸਮੱਗਲਿੰਗ ਆਦਿ ਦੀ ਸਕੀਮ ਚੰਗੀ ਤਰਾਂ ਸਮਝ ਕੇ ਜ਼ਮਾਨਤ ਕਰਵਾ ਕੇ ਬਾਹਰ ਆ ਜਾਂਦੇ ਸਨ ਤੇ ਕੰਮ ਪੂਰਾ ਕਰ ਦਿੰਦੇ ਸਨ। ਜਦੋਂ ਜੇਲ ਪ੍ਰਸ਼ਾਸ਼ਨ ਨੂੰ ਇਸ ਘਟਨਾਕ੍ਰਮ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਛੋਟੇ ਮੋਟੇ ਜ਼ੁਰਮ ਕਰਨ ਵਾਲੇ ਬਦਮਾਸ਼ਾਂ ਨੂੰ ਅਲੱਗ ਰੱਖਣਾ ਸ਼ੁਰੂ ਕਰ ਦਿੱਤਾ। ਇਸ ਗੱਲ ਦਾ ਮਾਫੀਆ ਡੌਨਾਂ ਨੇ ਐਨਾ ਰੌਲਾ ਪਾਇਆ ਕਿ ਆਰਥਰ ਰੋਡ ਜੇਲ੍ਹ ਵਿੱਚ ਦੰਗੇ ਭੜਕਣ ਦੀ ਨੌਬਤ ਆ ਗਈ ਸੀ। ਪੰਜਾਬ ਦੇ ਗੈਂਗਸਟਰ ਤਾਂ ਜੇਲ੍ਹਾਂ ਵਿੱਚ ਖੁਲ੍ਹ ਕੇ ਮੋਬਾਇਲ ਫੋਨ ਦੀ ਵਰਤੋੋਂ ਕਰਦੇ ਹਨ। ਕੁਝ ਸਾਲ ਪਹਿਲਾਂ ਲੁਧਿਆਣਾ ਜੇਲ੍ਹ ਵਿੱਚ ਦੰਗੇ ਭੜਕ ਗਏ ਸਨ ਤਾਂ ਬਦਮਾਸ਼ਾਂ ਨੇ ਪੁਲਿਸ ਦੀ ਸਾਰੀ ਕਾਰਵਾਈ ਫੇਸਬੁੱਕ ‘ਤੇ ਲਾਈਵ ਵਿਖਾਈ ਸੀ। ਜੱਗੂ ਭਗਵਾਨਪੁਰੀਆ ਜਦੋਂ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸੀ ਤਾਂ ਉਸ ਦਾਬਟਾਲਾ ਏਰੀਏ ਦੇ ਸ਼ਰਾਬ ਦੇ ਇੱਕਬਦਨਾਮ ਠੇਕੇਦਾਰਨਾਲ ਠੇਕਿਆਂ ਵਿੱਚ ਹਿੱਸਾ ਸੀ। ਉਹ ਠੇਕਿਆਂ ਦੀ ਨੀਲਾਮੀ ਵੇਲੇਜੇਲ੍ਹ ਵਿੱਚੋਂ ਵੀਡੀਉ ਕਾਲਾਂ ਕਰ ਕੇ ਵਿਰੋਧੀ ਠੇਕੇਦਾਰਾਂ ਨੂੰ ਪਰਚੀਆਂ ਹੀ ਨਹੀਂ ਸੀ ਪਾਉਣ ਦਿੰਦਾ।
ਕੁਝ ਸਾਲ ਪਹਿਲਾਂ ਮੈਂ ਇੱਕ ਸਬ ਡਵੀਜ਼ਨ ਦਾ ਵਿੱਚ ਐਸ.ਪੀ. ਲੱਗਾ ਹੋਇਆ ਸੀ ਤਾਂ ਅਸੀਂ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਕਰ ਕੇ 4 – 5 ਸਮੱਗਲਰ ਗ੍ਰਿਫਤਾਰ ਕੀਤੇ ਸਨ। ਜਦੋਂ ਮੈਂ ਸਮੱਗਲਰਾਂ ਦੀ ਪੁੱਛਗਿੱਛ ਕਰ ਰਿਹਾ ਸੀ ਤਾਂ ਇੱਕ ਪਾਂਡੀ (ਮਾਲ ਢੋਣ ਵਾਲਾ) ਦੀ ਸਿਹਤ ‘ਤੇ ਕੋਈ ਖਾਸ ਅਸਰ ਦਿਖਾਈ ਨਹੀਂ ਸੀ ਦੇ ਰਿਹਾ। ਮੈਂ ਉਸ ਨੂੰ ਪੁੱਛਿਆ ਕਿ ਬਾਕੀ ਦੇ ਤਾਂ ਮਰਨ ਵਾਲੇ ਹੋਏ ਪਏ ਹਨ, ਪਰ ਉਹ ਕਿਉਂ ਐਨਾ ਖੁਸ਼ ਹੈ? ਉਸ ਨੇ ਅੱਗੋਂ ਬੜੇ ਜੋਸ਼ ਨਾਲ ਜਵਾਬ ਦਿੱਤਾ ਕਿ ਜ਼ਨਾਬ ਜੇਲ੍ਹ ਵਿੱਚ ਤਾਂ ਮੌਜਾਂ ਈ ਬੜੀਆਂ ਨੇ। ਉਥੇ ਮੈਨੂੰ ਹੋਰ ਵੱਡੇ ਵੱਡੇ ਸਮੱਗਲਰ ਮਿਲਣਗੇ ਤੇ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਮੈਂ ਉਨ੍ਹਾਂ ਨਾਲ ਹੋਰ ਵੱਡਾ ਕਾਰੋਬਾਰ ਕਰਾਂਗਾ। ਮੈਨੂੰ ਬੜੀ ਹੈਰਾਨੀ ਹੋਈ ਕਿ ਉਹ ਅਜੇ ਜੇਲ੍ਹ ਵਿੱਚ ਪਹੁੰਚਿਆ ਵੀ ਨਹੀਂ ਹੈ ਤੇ ਬਾਹਰ ਆਣ ਕੇ ਨਵੇਂ ਕਾਰੋਬਾਰ ਦਾ ਪ੍ਰੋਗਰਾਮ ਛਾਪ ਵੀ ਲਿਆ ਹੈ।  ਇਹੋ ਜਿਹੀ ਅਪਰਾਧਿਕ ਪ੍ਰਵਿਰਤੀ ਵਾਲੇ ਬੰਦੇ ਨੂੰ ਜਿੰਨੀ ਵਾਰ ਮਰਜ਼ੀ ਜੇਲ੍ਹ ਭੇਜ ਦਿਉ, ਉਸ ਦੀ ਸੋਚ ਨਹੀਂ ਬਦਲੀ ਜਾ ਸਕਦੀ।
ਜੇਲ੍ਹ ਵਿੱਚ ਭਾਵੇਂ ਬਾਹਰ ਵਰਗੀ ਅਜ਼ਾਦੀ ਤਾਂ ਨਹੀਂ ਮਿਲਦੀ, ਪਰ ਫਿਰ ਵੀ ਗੈਂਗਸਟਰ ਤੇ ਬਦਮਾਸ਼ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ। ਜੇਲ੍ਹ ਵਿੱਚ ਪੁਲਿਸ ਮੁਕਾਬਲੇ ਜਾਂ ਵਿਰੋਧੀ ਗੈਂਗ ਹੱਥੋਂ ਮਾਰੇ ਜਾਣ ਦਾ ਡਰ ਖਤਮ ਹੋ ਜਾਂਦਾ ਹੈ। ਕਿਸੇ ਵਿਅਕਤੀ ਨੂੰ ਜ਼ੁਰਮ ਕਰਨ ਦਾ ਸਭ ਤੋਂ ਵੱਡਾ ਡਰ ਜੇਲ੍ਹ ਜਾਣ ਦਾ ਹੁੰਦਾ ਹੈ। ਜਦੋਂ ਉਹ ਜੇਲ੍ਹ ਪਹੁੰਚ ਜਾਂਦਾ ਹੈ ਤਾਂ ਇਹ ਡਰ ਵੀ ਚੁੱਕਿਆ ਜਾਂਦਾ ਹੈ। ਜੇਲ੍ਹਾਂ ਵਿੱਚ ਬੈਠੇ ਜਿਆਦਾਤਰ ਗੈਂਗਸਟਰਾਂ ਦੇ ਗਿਰੋਹ ਅਜੇ ਵੀ ਨਿਰਵਿਘਨ ਚੱਲ ਰਹੇ ਹਨ। ਸਗੋਂ ਨਵੇਂ ਗੁਰਗੇ ਭਰਤੀ ਹੋ ਰਹੇ ਹਨ ਕਿਉਂਕਿ ਕਿਸੇ ਵੱਡੇ ਗੈਂਗਸਟਰ ਨਾਲ ਜੁੜਨ ਕਾਰਨ ਇੱਕ ਤਾਂ ਫਿਰੌਤੀ ਅਸਾਨੀ ਮਿਲ ਜਾਂਦੀ ਹੈ ਤੇ ਦੂਸਰਾ ਟੌਹਰ ਟਪੱਕਾ ਵੀ ਵਧ ਜਾਂਦਾ ਹੈ।ਅੱਜ ਕਲ੍ਹ ਪੰਜਾਬ ਵਿੱਚ ਹਰ ਦੁੱਕੀ ਤਿੱਕੀ ਵੱਲੋਂ ਗੋਲਡੀ ਬਰਾੜ ਬਣ ਕੇ ਫਿਰੌਤੀਆਂ ਮੰਗਣ ਦਾ ਫੈਸ਼ਨ ਚੱਲ ਰਿਹਾ ਹੈ। ਇਸ ਤੋਂ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਵੱਡੇ ਗੈਂਗਸਟਰ ਜੇਲ੍ਹ ਮੁਲਾਜ਼ਮਾਂ ਤੋਂ ਸਹੂਲਤਾਂ ਪ੍ਰਾਪਤ ਕਰਨ ਲਈ ਉਨ੍ਹਾਂ ਦੇ ਪਰਿਵਾਰ ਅਤੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਵੀ ਦਿੰਦੇ ਹਨ।
ਪੰਜਾਬ ਦੀਆਂ ਜੇਲ੍ਹਾਂ ਵਿੱਚ ਵਧ ਰਹੀ ਨਸ਼ਿਆਂ ਦੀ ਸਮੱਗਲਿੰਗ ਇਸ ਵੇਲੇ ਜੇਲ੍ਹ ਸਟਾਫ ਲਈ ਸਭ ਤੋਂ ਵੱਡੀ ਸਿਰਦਰਦੀ ਬਣੀ ਹੋਈ ਹੈ। ਕੁਝ ਕਾਲੀਆਂ ਭੇਡਾਂ ਸਾਰੇ ਮਹਿਕਮੇ ਨੂੰ ਬਦਨਾਮ ਕਰ ਰਹੀਆਂ ਹਨ। ਜੇਲ੍ਹਾਂ ਵਿੱਚ ਮੋਬਾਇਲ ਫੋਨ, ਨਸ਼ਾ ਅਤੇ ਇਥੋਂ ਤੱਕ ਕਿ ਤੰਬਾਕੂ ਅਤੇ ਸਿਗਰਟਾਂ ਬੀੜੀਆਂ ਵੀ ਸੋਨੇ ਦੇ ਭਾਅ ਵਿਕਦੀਆਂ ਹਨ। ਕਈ ਜੇਲ੍ਹਾਂ ਵਿੱਚ ਫੈਂਕਾ ਸਿਸਟਮ ਬਹੁਤ ਚੱਲਦਾ ਹੈ। ਕੈਦੀ ਆਪਣੇ ਬਾਹਰਲੇਹਮਾਇਤੀਆਂ ਨਾਲ ਗਿੱਟ ਮਿੱਟ ਕਰ ਲੈਂਦੇ ਹਨ ਤੇ ਉਹ ਇੱਕ ਨਿਸ਼ਚਿੱਤ ਜਗ੍ਹਾ ‘ਤੇ ਕੰਧ ਉੱਪਰੋਂ ਦੀ ਨਸ਼ੇ ਪੱਤੇ ਆਦਿ (ਫੈਂਕਣਾ) ਸੁੱਟ ਦਿੰਦੇ ਹਨ। ਜਦੋਂ ਤੱਕ ਜੇਲ੍ਹ ਸਟਾਫ ਨੂੰ ਪਤਾ ਲੱਗਦਾ ਹੈ, ਉਦੋਂ ਤੱਕ ਸਮਾਨ ਗਾਇਬ ਹੋ ਚੁਕਾ ਹੁੰਦਾ ਹੈ। ਅਮਰੀਕਾ ਦੀਆਂ ਜਿਆਦਾਤਰ ਜੇਲ੍ਹਾਂ ਵਿੱਚ ਸਿਗਰਟ ਪੀਣਾ ਕਾਨੂੰਨੀ ਤੌਰ ‘ਤੇ ਜ਼ਾਇਜ ਹੈ। ਸਰਕਾਰ ਨੂੰ ਵੀ ਇਸ ਮਸਲੇ ‘ਤੇ ਗੌਰ ਕਰਨਾ ਚਾਹੀਦਾ ਹੈ ਤਾਂ ਜੋ ਤੰਬਾਕੂ ਅਤੇ ਸਿਗਰਟਾਂ ਬੀੜੀਆਂ ਵਰਗੀਆਂ ਨਿਗੂਣੀਆਂ ਚੀਜ਼ਾਂ ਦੀ ਸਮੱਗਲਿੰਗ ਅਤੇ ਬਲੈਕ ਮਰਕੀਟ ਖਤਮ ਹੋ ਸਕੇ। ਜੇਲਾਂ੍ਹ ਵਿੱਚ ਵਿਹਲੇ ਬੈਠੇ ਕੈਦੀਆਂ ਨੂੰ ਹੋਰ ਕੋਈ ਕੰੰਮ ਤਾਂ ਹੁੰਦਾ ਨਹੀਂ, ਉਹ ਸਮਾਂ ਟਪਾਉਣ ਲਈ ਅਜਿਹੇ ਨਸ਼ਿਆਂ ਵੱਲ ਰੁੱਚਿਤ ਹੋ ਜਾਂਦੇ ਹਨ।
ਭਾਰਤੀ ਜੇਲ੍ਹਾਂ ਵਿੱਚ ਵੱਧਦੀ ਜਾ ਰਹੀ ਅਰਾਜਕਤਾ ਦੇ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਸਮਰੱਥਾ ਤੋਂ ਵੱਧ ਕੈਦੀ ਅਤੇ ਉਨ੍ਹਾਂ ਦੀ ਬਨਿਸਬਤ ਫੋਰਸ ਦਾ ਬੇਹੱਦ ਘੱਟ ਹੋਣਾ ਹੈ। ਮਹਿਲਾ ਵਾਰਡਨਾਂ ਦੀ ਗਿਣਤੀ ਤਾਂ ਹੋਰ ਵੀ ਨਿਗੂਣੀ ਹੈ। ਪੁਲਿਸ ਵੱਲੋਂ ਅਦਾਲਤ ਵਿੱਚ ਚਲਾਨ ਲੇਟ ਦੇਣਾ ਅਤੇ ਗਵਾਹ ਸਮੇਂ ਸਿਰ ਨਾ ਭੁਗਤਾਉਣੇ, ਅਦਾਲਤਾਂ ਵਿੱਚ ਕੰਮ ਦਾ ਬਹੁਤ ਜਿਆਦਾ ਬੋਝ ਅਤੇ ਵਕੀਲਾਂ ਵੱਲੋਂ ਮੁਕੱਦਮੇ ਲਟਕਾਉਣ ਲਈ ਵਾਰ ਵਾਰ ਤਰੀਕਾਂ ਲੈਣਾ ਆਦਿ ਇਸ ਦੇ ਕੁਝ ਮੁੱਖ ਕਾਰਨ ਹਨ। 2020 ਦੇ ਇੱਕ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਭਾਰਤੀ ਜੇਲ੍ਹਾਂ ਵਿੱਚ 56% ਕੈਦੀ (ਹਵਾਲਾਤੀ) ਅਜੇ ਮੁਕੱਦਮੇ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ। ਜੇ ਜੇਲ੍ਹਾਂ ਵਿੱਚ ਭੀੜ ਘਟਾਉਣੀ ਹੈ ਤਾਂ ਹਵਾਲਾਤੀਆਂ ਦੀ ਗਿਣਤੀ ਘਟਾਉਣੀ ਜਰੂਰੀ ਹੈ। ਇਸ ਲਈ ਛੋਟੇ ਮੋਟੇ ਮੁਕੱਦਮਿਆਂ ਵਿੱਚ ਬੰਦ ਕੈਦੀਆਂ ਦੀਆਂ ਜ਼ਮਾਨਤਾਂ ਲਈਆਂ ਜਾ ਸਕਦੀਆਂ ਹਨ ਜੋ ਅਦਾਲਤਾਂ ਅਤੇ ਪੁਲਿਸ ‘ਤੇ ਨਿਰਭਰ ਕਰਦਾ ਹੈ ਕਿਉਂਕਿ ਜੇਲ੍ਹ ਵਿਭਾਗ ਇਸ ਵਿੱਚ ਕੁਝ ਨਹੀਂ ਕਰ ਸਕਦਾ। ਪੰਜਾਬ ਦੀਆਂ ਜਿਆਦਤਰ ਜੇਲ੍ਹਾਂ ਵਿੱਚ ਤਾਂ ਸਮਰੱਥਾ ਨਾਲੋਂ ਤਿੰਨ ਗੁਣਾ ਵੱਧ ਕੈਦੀ ਠੂਸੇ ਹੋਏ ਹਨ। ਨਹਾਉਣ ਧੋਣ ਅਤੇ ਟਾਇਲਟ ਜਾਣ ਲਈ ਵੀ ਲੰਬੀ ਲਾਈਨ ਲੱਗਦੀ ਹੈ। ਇੰਗਲੈਂਡ, ਅਮਰੀਕਾ, ਕੈਨੇਡਾ ਅਤੇ ਹੋਰ ਵਿਕਸਿਤ ਦੇਸ਼ਾਂ ਵਿੱਚ ਹਰੇਕ ਤਿੰਨ ਕੈਦੀਆਂ ਪਿੱਛੇ ਇੱਕ ਜੇਲ੍ਹ ਮੁਲਾਜ਼ਮ ਹੈ ਜਦੋਂ ਕਿ ਭਾਰਤ ਵਿੱਚ 20 – 30 ਕੈਦੀਆਂ ਪਿੱਛੇ ਇੱਕ ਮੁਲਾਜ਼ਮ ਹੈ। ਅਜਿਹੇ ਵਿੱਚ ਸਾਰੇ ਕੈਦੀਆਂ ‘ਤੇ ਨਿਗ੍ਹਾ ਰੱਖਣੀ ਅਸੰਭਵ ਹੈ। ਪੰਜਾਬ ਵਿੱਚ ਕੁਝ ਜੇਲ੍ਹਾਂ ਦੀ ਅੰਦਰੂਨੀ ਸੁਰੱਖਿਆ ਅਰਧ ਸੈਨਿਕ ਬਲਾਂ ਨੂੰ ਦਿੱਤੀ ਗਈ ਹੈ। ਪਰ ਉਥੇ ਵੀ ਪੂਰੀ ਤਰਾਂ ਨਾਲ ਅਮਨ ਕਾਨੂੰਨ ਬਹਾਲ ਨਹੀਂ ਹੋ ਸਕਿਆ। ਜੇਲ੍ਹਾਂ ਵਿੱਚ ਹਾਲਾਤ ਠੀਕ ਰੱਖਣ ਲਈ ਵੱਧ ਤੋਂ ਵੱਧ ਨਵੀਂ ਭਰਤੀ ਕਰਨੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਸਰਕਾਰ ਮੁਜ਼ਰਿਮਾਂ ਨੂੰ ਜੇਲ੍ਹਾਂ ਵਿੱਚ ਠੂਸਣ ਲਈ ਪੁਲਿਸ ਬਲ ਤਾਂ ਵੱਧ ਤੋਂ ਵੱਧ ਭਰਤੀ ਕਰਦੀ ਹੈ, ਪਰ ਸਮਾਜ ਦੇ ਇਸ ਨਾਸੂਰ ਨੂੰ ਜੇਲ੍ਹਾਂ ਵਿੱਚ ਸੰਭਾਲਣ ਵਾਲਿਆਂ ਦੀ ਭਰਤੀ ਕਦੇ ਕਦਾਈਂ ਹੀ ਕੀਤੀ ਜਾਂਦੀ ਹੈ।
ਇਹ ਵੀ ਨਹੀਂ ਹੈ ਕਿ ਜੇਲ੍ਹ ਜਾਣ ਵਾਲੇ ਸਾਰੇ ਵਿਅਕਤੀ ਕਸੂਰਵਾਰ ਹੀ ਹੁੰਦੇ ਹਨ। ਕਈਆਂ ਨੂੰ ਸਿਆਸੀ ਕਿੜਾਂ ਕੱਢਣ, ਦਾਜ ਦਹੇਜ ਮੰਗਣ ਦੇ ਇਲਜ਼ਾਮਾਂ ਜਾਂ ਹੋਰ ਕਈ ਕਾਰਨਾਂ ਕਰ ਕੇ ਝੂਠੇ ਮੁਕੱਦਮਿਆਂ ਵਿੱਚ ਫਸਾ ਦਿੱਤਾ ਜਾਂਦਾ ਹੈ। ਅਜਿਹੇ ਵਿਅਕਤੀਆਂ ਦੀ ਹਾਲਤ ਜੇਲ੍ਹ ਵਿੱਚ ਬਹੁਤ ਬੁਰੀ ਹੁੰਦੀ ਹੈ। ਇਸ ਵੇਲੇ ਜੇਲ੍ਹਾਂ ਵਿੱਚ ਸਿਹਤ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਕਮੀ ਹੈ। ਇਸ ਲਈ ਚਾਹੀਦਾ ਹੈ ਕਿ ਗੈਂਗਸਟਰਾਂ, ਬਦਮਾਸ਼ਾਂ ਅਤੇ ਪੱਕੇ ਮੁਜ਼ਰਿਮਾਂ ‘ਤੇ ਸ਼ਿਕੰਜਾ ਕੱਸਣ ਦੇ ਨਾਲ ਆਮ ਕੈਦੀਆਂ ਦੀ ਹਾਲਤ ਸੁਧਾਰਨ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਜ਼ੋਰਾਵਰ ਤਾਂ ਜੇਲ੍ਹਾਂ ਵਿੱਚ ਚੰਗੀਆਂ ਸਹੂਲਤਾਂ ਲੈ ਹੀ ਜਾਂਦੇ ਹਨ।
ਬਲਰਾਜ ਸਿੰਘ ਸਿੱਧੂ ਕਮਾਂਡੈਂਟ

Comment here