ਚੰਡੀਗੜ੍ਹ-ਕੈਨੇਡਾ ਰਹਿੰਦੇ ਏ ਕੈਟਾਗਰੀ ਦੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਪੰਜਾਬ ਪੁਲਿਸ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਸ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਬਿਨਾਂ ਕਾਰਨ ਤੰਗ ਨਾ ਕੀਤਾ ਜਾਵੇ, ਨਹੀਂ ਤਾਂ ਗੰਭੀਰ ਪ੍ਰਣਾਮ ਭੁਗਤਣੇ ਪੈਣਗੇ। ਗੈਂਗਸਟਰ ਨੇ ਕਿਹਾ ਹੈ ਕਿ ਜੇਕਰ ਪੁਲਿਸ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਯਾਦ ਰੱਖਣ ਕਿ ਉਨ੍ਹਾਂ ਨੂੰ ਬੱਚਿਆਂ ਦਾ ਨੁਕਸਾਨ ਝੱਲਣਾ ਪਵੇਗਾ, ਭਾਵੇਂ ਉਨ੍ਹਾਂ ਦੇ ਬੱਚੇ ਵਿਦੇਸ਼ਾਂ ਵਿੱਚ ਹੀ ਕਿਉਂ ਨਾ ਰਹਿੰਦੇ ਹੋਣ।
ਦਰਅਸਲ 25 ਅਕਤੂਬਰ ਨੂੰ ਚੋਹਲਾ ਸਾਹਿਬ ਦੇ ਵਸਨੀਕ ਪੈਟਰੋਲ ਪੰਪ ਦੇ ਮਾਲਕ ਜਗਜੀਤ ਸਿੰਘ ਨੂੰ ਗੈਂਗਸਟਰ ਨੇ ਫੋਨ ਕਰ ਕੇ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਰਾਤ ਅੱਠ ਵਜੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਪੈਟਰੋਲ ਪੰਪ ’ਤੇ ਗੋਲੀਆਂ ਚਲਾਈਆਂ, ਜਿਸ ’ਚ ਜਗਜੀਤ ਸਿੰਘ ਵਾਲ-ਵਾਲ ਬਚਿਆ। ਥਾਣਾ ਚੋਹਲਾ ਸਾਹਿਬ ’ਚ ਗੈਂਗਸਟਰ ਲਖਬੀਰ ਸਿੰਘ ਲੰਡਾ ਨਿਵਾਸੀ ਹਰੀਕੇ ਤੇ ਉਸ ਦੇ ਸਾਥੀ ਸਤਨਾਮ ਸਿੰਘ ਨਿਵਾਸੀ ਨੌਸ਼ਹਿਰਾ ਪਨੂੰਆਂ ਸਣੇ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਲੰਡਾ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁਲੀਸ ਨੇ ਪੁੱਛ-ਗਿੱਛ ਕੀਤੀ।
ਸੂਤਰਾਂ ਅਨੁਸਾਰ ਲੰਡਾ ਦੇ ਘਰ ’ਤੇ ਵੀ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਹਨ, ਜਿਸ ਦੇ ਜਵਾਬ ਵਿੱਚ ਬੀਤੇ ਵੀਰਵਾਰ ਨੂੰ ਲਖਬੀਰ ਸਿੰਘ ਲੰਡਾ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਪੁਲਿਸ ਨੂੰ ਧਮਕੀ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਲਖਬੀਰ ਸਿੰਘ ਲੰਡਾ ਵੱਲੋਂ ਫੇਸਬੁੱਕ ’ਤੇ ਪਾਈ ਗਈ ਪੋਸਟ ਦੀ ਜਾਂਚ ਆਰੰਭ ਦਿੱਤੀ ਗਈ ਹੈ। ਲੰਡਾ ਖ਼ਿਲਾਫ਼ ਦਰਜ ਮਾਮਲੇ ਸਬੰਧੀ ਵੀ ਜਾਂਚ ਚੱਲ ਰਹੀ ਹੈ।
ਗੈਂਗਸਟਰ ਲੰਡਾ ਨੇ ਪੰਜਾਬ ਪੁਲਿਸ ਨੂੰ ਦਿੱਤੀ ਧਮਕੀ, ਬੱਚੇ ਬਣ ਸਕਦੇ ਨਿਸ਼ਾਨਾ

Comment here