ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਗੈਂਗਸਟਰ ਲਾਰੈਂਸ-ਰਿੰਦਾ ਦੇ 9 ਸ਼ੂਟਰਾਂ ਸਮੇਤ 13 ਹੋਰ ਗ੍ਰਿਫ਼ਤਾਰ

ਚੰਡੀਗੜ੍ਹ-ਇੰਸਪੈਕਟਰ ਜਨਰਲ ਆਫ਼ ਪੁਲਸ (ਆਈ.ਜੀ.ਪੀ.) ਹੈੱਡਕੁਆਰਟਰਜ਼ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਹਰਵਿੰਦਰ ਰਿੰਦਾ ਨਾਲ ਸਬੰਧਤ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਨ ਤੋਂ ਥੋੜ੍ਹੇ ਦਿਨਾਂ ਬਾਅਦ ਪੰਜਾਬ ਪੁਲਸ ਵੱਲੋਂ ਇਸ ਗੈਂਗ ਦੇ 9 ਸ਼ਾਰਪ ਸ਼ੂਟਰਾਂ ਸਮੇਤ 13 ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਲੰਧਰ ਦਿਹਾਤੀ ਪੁਲਸ ਨੇ ਵਿਸ਼ੇਸ਼ ਟੀਮਾਂ ਦੀ ਅਗਵਾਈ ’ਚ ਦੋ ਹਫ਼ਤਿਆਂ ਤੱਕ ਚੱਲੇ ਆਪ੍ਰੇਸ਼ਨ ਉਪਰੰਤ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕੀਤਾ। ਫੜੇ ਗਏ ਵਿਅਕਤੀਆਂ ਦੀ ਪਛਾਣ ਤਰਨਤਾਰਨ ਤੋਂ ਅਵਤਾਰ ਉਰਫ ਮੰਗਲ, ਜੋਬਨਪ੍ਰੀਤ, ਅਕਾਸ਼ਦੀਪ, ਹਰਪ੍ਰੀਤ ਉਰਫ ਕਾਕਾ, ਅਰਸ਼ਦੀਪ, ਲਵਜੀਤ ਅਤੇ ਰੇਸ਼ਮ ਉਰਫ ਬਾਊ, ਫਿਰੋਜ਼ਪੁਰ ਤੋਂ ਗੁਰਪ੍ਰੀਤ ਉਰਫ ਘੁੰਮਾ ਸ਼ੂਟਰ, ਬੌਬੀ ਉਰਫ ਬਾਬਾ ਅਤੇ ਸੋਨੂੰ ਉਰਫ ਪੁਲਾ, ਜਲੰਧਰ ਤੋਂ ਗੁਰਪ੍ਰੀਤ ਉਰਫ ਗੋਪੀ ਅਤੇ ਹਰਮਨ ਕਲਸੀ, ਕਪੂਰਥਲਾ ਤੋਂ ਬਲਵਿੰਦਰ ਉਰਫ ਬਿੱਲਾ ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ 13 ਆਧੁਨਿਕ ਹਥਿਆਰ ਅਤੇ 18 ਕਾਰਤੂਸ ਵੀ ਬਰਾਮਦ ਕੀਤੇ ਹਨ।
ਆਈ.ਜੀ.ਪੀ. ਨੇ ਦੱਸਿਆ ਕਿ 29 ਜੂਨ, 2022 ਨੂੰ ਇਸ ਗਰੋਹ ਦੇ 11 ਮੈਂਬਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਲੰਧਰ ਦਿਹਾਤੀ ਪੁਲਸ ਇਸ ਗਿਰੋਹ ਦੇ ਬਾਕੀ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕੁਝ ਸੁਰਾਗਾਂ ’ਤੇ ਕੰਮ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਵਿਅਕਤੀ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਇਨ੍ਹਾਂ iਖ਼ਲਾਫ਼ ਲੁਧਿਆਣਾ, ਅੰਮ੍ਰਿਤਸਰ, ਫਿਰੋਜ਼ਪੁਰ, ਤਰਨਤਾਰਨ, ਜਲੰਧਰ, ਖੰਨਾ, ਮੋਹਾਲੀ ਅਤੇ ਪਟਿਆਲਾ ਸਮੇਤ ਹੋਰਨਾਂ ਜ਼ਿਲਿ੍ਹਆਂ ’ਚ ਘਿਨੌਣੇ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਇਹ ਗਿਰੋਹ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਦੇ ਕਾਫ਼ੀ ਜ਼ਿਲਿ੍ਹਆਂ ’ਚ ਸਰਗਰਮ ਹੈ ਅਤੇ ਗ੍ਰਿਫ਼ਤਾਰ ਕੀਤੇ ਗਏ ਅਪਰਾਧੀ ਕਤਲ, ਹਥਿਆਰਬੰਦ ਡਕੈਤੀ, ਸੰਗਠਿਤ ਫਿਰੌਤੀ ਅਤੇ ਹਾਈਵੇ ਡਕੈਤੀ ਸਮੇਤ ਹੋਰ ਕਈ ਅਪਰਾਧਾਂ ’ਚ ਸ਼ਾਮਲ ਸਨ। ਆਈ. ਜੀ. ਪੀ. ਸੁਖਚੈਨ ਗਿੱਲ ਨੇ ਕਿਹਾ ਕਿ ਇਸ ਗਿਰੋਹ ਦਾ ਪਰਦਾਫ਼ਾਸ਼ ਕਰਨ ਤੋਂ ਬਾਅਦ ਪੰਜਾਬ ਪੁਲਸ ਨੇ ਘੱਟੋ-ਘੱਟ ਪੰਜ ਕਤਲਾਂ ਅਤੇ 7 ਹਥਿਆਰਬੰਦ ਡਕੈਤੀਆਂ ਨੂੰ ਨਾਕਾਮ ਕੀਤਾ ਹੈ।
ਐੱਸ. ਐੱਸ. ਪੀ. ਜਲੰਧਰ ਦਿਹਾਤੀ ਸਵਪਨ ਸ਼ਰਮਾ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਇਸ ਗਿਰੋਹ ਨੂੰ ਘੁੰਮਾ ਅਤੇ ਗੋਪੀ ਵੱਲੋਂ ਚਲਾਇਆ ਜਾ ਰਿਹਾ ਸੀ। ਇਹ ਦੋਵੇਂ ਮਾਰਕਸ ਉਰਫ ਮੱਸਾ ਦੇ ਸਾਥੀ ਸਨ, ਜੋ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ ਸੀ। ਫਿਰੋਜ਼ਪੁਰ ਦਾ ਵਾਸੀ ਮੱਸਾ 18 ਅਪਰਾਧਿਕ ਕੇਸਾਂ ਕਾਰਨ ਜੇਲ੍ਹ ’ਚ ਬੰਦ ਹੈ। ਫੜੇ ਗਏ ਵਿਅਕਤੀਆਂ ਬਾਰੇ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਨੇ ਦੱਸਿਆ ਕਿ ਗੁਰਪ੍ਰੀਤ ਗੋਪੀ ਅਤੇ ਜੋਬਨਪ੍ਰੀਤ, ਜਿਨ੍ਹਾਂ ਵਿਰੁੱਧ ਸੱਤ ਅਪਰਾਧਿਕ ਮਾਮਲੇ ਦਰਜ ਹਨ, ਬੰਬੀਹਾ-ਪਿੰਦਾ ਦਾ ਗਿਰੋਹ ਦੇ ਤਿੰਨ ਮੈਂਬਰਾਂ ਦਾ ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧ ’ਚ ਰੇਕੀ ਵੀ ਕੀਤੀ ਜਾ ਚੁੱਕੀ ਸੀ ਅਤੇ ਮੱਧ ਪ੍ਰਦੇਸ਼ ਤੋਂ ਇਕ ਹਥਿਆਰ ਸਪਲਾਇਰ ਤੋਂ ਹਥਿਆਰ ਵੀ ਮੰਗਵਾਏ ਗਏ ਸਨ। ਉਨ੍ਹਾਂ ਦੱਸਿਆ ਕਿ ਰੇਸ਼ਮ ਉਰਫ਼ ਬਾਊ ਅਤੇ ਗੁਰਪ੍ਰੀਤ ਉਰਫ਼ ਘੁੰਮਾ ਸ਼ੂਟਰ, ਜਿਨ੍ਹਾਂ iਖ਼ਲਾਫ਼ ਵੀ ਸੱਤ ਅਪਰਾਧਿਕ ਮਾਮਲੇ ਦਰਜ ਹਨ, ਆਪਣੇ ਕੱਟੜ ਵਿਰੋਧੀ ਬੰਬੀਹਾ-ਗੌਂਡਰ ਗੈਂਗ ਦੇ ਦੋ ਵਿਅਕਤੀਆਂ ਦਾ ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ। ਜ਼ਿਕਰਯੋਗ ਹੈ ਕਿ ਪੁਲਸ ਹੁਣ ਉਨ੍ਹਾਂ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਕੰਮ ਕਰ ਰਹੀ ਹੈ, ਜਿਨ੍ਹਾਂ ਨੇ ਮੁਲਜ਼ਮਾਂ ਨੂੰ ਪਨਾਹ, ਵਿੱਤੀ ਅਤੇ ਲਾਜਿਸਟਿਕ ਸਹਾਇਤਾ ਪ੍ਰਦਾਨ ਕੀਤੀ ਸੀ।

Comment here