ਟੀਨੂੰ ਦੀ ਪ੍ਰੇਮਿਕਾ ਨੇ ਪੁਲਿਸ ਕੋਲ ਕੀਤਾ ਖ਼ੁਲਾਸਾ
ਵੱਡੇ ਅਫ਼ਸਰਾਂ ਦੀ ਆ ਸਕਦੀ ਹੈ ਸ਼ਾਮਤ
ਮਾਨਸਾ-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਮੁਲਜ਼ਮ ਤੇ ਫ਼ਰਾਰ ਹੋਏ ਖ਼ਤਰਨਾਕ ਅਪਰਾਧੀ ਦੀਪਕ ਟੀਨੂੰ ਵਿਦੇਸ਼ ਭੱਜਣ ‘ਵਿਚ ਸਫਲ ਹੋ ਗਿਆ ਹੈ? ਭਾਵੇਂ ਇਸ ਸੰਬੰਧੀ ਪੁਖ਼ਤਾ ਸਬੂਤ ਨਹੀਂ ਮਿਲੇ ਪਰ ਸੂਤਰਾਂ ਦੀ ਮੰਨੀ ਜਾਵੇ ਤਾਂ ਉਹ ਕਈ ਦਿਨ ਪਹਿਲਾਂ ਹੀ ਮਾਲਦੀਵ ਰਾਹੀਂ ਅਰਬ ਦੇ ਕਿਸੇ ਦੇਸ਼ ‘ਵਿਚ ਪਹੁੰਚ ਚੁੱਕਾ ਹੈ ।ਇਹ ਵੀ ਪਤਾ ਲੱਗਾ ਹੈ ਕਿ ਜਿਸ ਦੇਸ਼ ‘ਵਿਚ ਟੀਨੂੰ ਪਹੁੰਚਿਆ ਹੈ, ‘ਵਿਚ ਪਹਿਲਾਂ ਤੋਂ ਹੀ ਉਸ ਦਾ ਵੱਡਾ ਕਾਰੋਬਾਰ ਦੱਸਿਆ ਜਾ ਰਿਹਾ ਹੈ ।ਜ਼ਿਕਰਯੋਗ ਹੈ ਕਿ ਟੀਨੂੰ ਨੂੰ ਭਜਾਉਣ ਸਮੇਂ ਜਿਹੜੀ ਲੜਕੀ ਜਤਿੰਦਰ ਕੌਰ ਜੋਤੀ ਨੂੰ ਬੀਤੇ ਦਿਨੀਂ ਏ. ਜੀ. ਟੀ. ਐਫ. ਦੀ ਟੀਮ ਵਲੋਂ ਮੁੰਬਈ ਦੇ ਹਵਾਈ ਅੱਡੇ ਨੇੜਿਉਂ ਗਿ੍ਫ਼ਤਾਰ ਕੀਤਾ ਗਿਆ ਸੀ, ਨੇ ਇਹ ਮੰਨਿਆ ਹੈ ਕਿ ਉਹ ਵੀ ਮਾਲਦੀਵ ਜਾਣ ਦੀ ਤਿਆਰੀ ‘ਵਿਚ ਸੀ । ਉਸ ਦੀ ਟਿਕਟ ਆਦਿ ਦਾ ਪ੍ਰਬੰਧ ਵੀ ਟੀਨੂੰ ਵਲੋਂ ਕੀਤੇ ਜਾਣ ਦੀ ਕੰਨਸੋਅ ਮਿਲ ਰਹੀ ਹੈ । ਜਾਣਕਾਰੀ ਅਨੁਸਾਰ ਲੁਧਿਆਣਾ ਵਾਸੀ ਉਕਤ ਲੜਕੀ ਜੋ ਜ਼ੀਰਕਪੁਰ ਵਿਖੇ ਰੈਣ ਬਸੇਰਾ ਰੱਖ ਰਹੀ ਹੈ, ਨੇ ਪੁਲਿਸ ਕੋਲ ਖ਼ੁਲਾਸਾ ਕੀਤਾ ਹੈ ਕਿ ਕੁਝ ਦਿਨ ਪਹਿਲਾਂ ਟੀਨੂੰ ਵਿਦੇਸ਼ ਚਲਾ ਗਿਆ ਹੈ । ਸਵਾਲ ਇਹ ਉੱਠਦਾ ਹੈ ਕਿ ਗੈਂਗਸਟਰ ਦੇ ਹਿਰਾਸਤ ‘ਚੋਂ ਭੱਜਣ ਉਪਰੰਤ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ ਪਰ ਫਿਰ ਵੀ ਉਹ ਜਾਅਲੀ ਪਾਸਪੋਰਟ ਜਰੀਏ ਵਿਦੇਸ਼ ਕਿਵੇਂ ਪਹੁੰਚ ਗਿਆ? ਇਸ ਤਰ੍ਹਾਂ ਦੇ ਸੰਗੀਨ ਅਪਰਾਧੀ ਸਹਿਜ ਨਾਲ ਵਿਦੇਸ਼ ਕਿਵੇਂ ਭੱਜ ਜਾਂਦੇ ਹਨ? ਇਹ ਵੀ ਆਪਣੇ ਆਪ ‘ਵਿਚ ਵੱਡਾ ਸਵਾਲ ਹੈ | ਉੱਧਰ ਪੰਜਾਬ ਪੁਲਿਸ ਦੇ ਆਈ.ਜੀ. ਸੁਖਚੈਨ ਸਿੰਘ ਗਿੱਲ ਨੇ ਸਪਸ਼ਟ ਕੀਤਾ ਹੈ ਕਿ ਮੀਡੀਆ ਦੇ ਇੱਕ ਹਿੱਸੇ ‘ਵਿਚ ਗਿ੍ਫ਼ਤਾਰ ਕੀਤੀ ਲੜਕੀ ਨੂੰ ਪੰਜਾਬ ਪੁਲਿਸ ਦੀ ਕਾਂਸਟੇਬਲ ਦੱਸਿਆ ਜਾ ਰਿਹਾ ਹੈ, ਉਹ ਗ਼ਲਤ ਹੈ ਕਿਉਂਕਿ ਇਹ ਕੁੜੀ ਪੇਸ਼ੇ ਵਜੋਂ ਮੇਕਅੱਪ ਆਰਟਿਸਟ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਫ਼ਰਾਰ ਅਪਰਾਧੀ ਦੇ ਟਿਕਾਣੇ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਕਿ ਉਹ ਭਾਰਤ ‘ਵਿਚ ਹੈ ਜਾਂ ਵਿਦੇਸ਼ ਭੱਜ ਗਿਆ । ਉਨ੍ਹਾਂ ਆਸ ਜਤਾਈ ਕਿ ਗੈਂਗਸਟਰ ਨੂੰ ਛੇਤੀ ਫੜ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ੀਰਕਪੁਰ ’ਵਿਚ ਰਹਿਣ ਵਾਲੀ ਮਹਿਲਾ ਅਤੇ ਟੀਨੂ ਇਕੱਠੇ ਹੀ ਭੱਜੇ ਸਨ। ਟੀਨੂ ਦੀ ਪ੍ਰੇਮਿਕਾ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਬੀਤੇ ਐਤਵਾਰ ਨੂੰ ਮੁੰਬਈ ਹਵਾਈ ਅੱਡੇ ਤੋਂ ਉਸ ਸਮੇਂ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਹ ਮਾਲਦੀਵ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ। ਗਿੱਲ ਨੇ ਕਿਹਾ ਕਿ ਟੀਨੂ ਨੇ ਆਪਣੀ ਪ੍ਰੇਮਿਕਾ ਨਾਲ ਬਰਖਾਸਤ ਕੀਤੇ ਗਏ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਸੀ ਅਤੇ ਉਹ ਬਾਅਦ ’ਵਿਚ ਇਕ ਕਾਰ ਰਾਹੀਂ ਫਰਾਰ ਹੋ ਗਏ ਸਨ।
ਪੰਜਾਬ ਪੁਲੀਸ ਵੱਲੋਂ ਉਸ ਦੀ ਪ੍ਰੇਮਿਕਾ ਜਤਿੰਦਰ ਕੌਰ ਪਾਸੋਂ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਲੜਕੀ ਲੁਧਿਆਣਾ ਜ਼ਿਲ੍ਹੇ ਦੇ ਖਡੂਰ ਪਿੰਡ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ। ਮਾਨਸਾ ਪੁਲੀਸ ਨੂੰ ਉਸ ਦੇ ਘਰ ਛਾਪਾ ਮਾਰਨ ਤੋਂ ਬਾਅਦ ਪਤਾ ਲੱਗਿਆ ਹੈ ਕਿ ਉਹ ਲੰਬੇ ਸਮੇਂ ਤੋਂ ਘਰ ਨਹੀਂ ਆਈ ਸੀ, ਪਰ ਉਸ ਨੇ ਪੁਲੀਸ ਕੋਲ ਇਹ ਇਕਬਾਲ ਕੀਤਾ ਹੈ ਕਿ ਟੀਨੂ ਦੇ ਫਰਾਰ ਹੋਣ ਦੀ ਯੋਜਨਾ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚ ਹੀ ਤਿਆਰ ਹੋ ਗਈ ਸੀ।
ਸੀਆਈਏ ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਵੱਲੋਂ ਦੀਪਕ ਟੀਨੂ ਨੂੰ ਬਿਨਾਂ ਹੱਥਕੜੀ ਸੀਆਈਏ ਥਾਣੇ ’ਵਿਚੋਂ ਬਾਹਰ ਕੱਢਣ ਅਤੇ ਉਸ ਤੋਂ ਬਾਅਦ ਜਤਿੰਦਰ ਕੌਰ ਨਾਲ ਮਿਲਾਉਣ ਦਾ ਸਾਰਾ ਮਾਮਲਾ ਹੁਣ ਪੁੱਛ-ਪੜਤਾਲ ਦਾ ਹਿੱਸਾ ਬਣ ਗਿਆ ਹੈ।
ਗੈਂਗਸਟਰ ਦੀਪਕ ਟੀਨੂ ਦੇ ਫਰਾਰ ਹੋਣ ਦੇ ਮਾਮਲੇ ਵਿੱਚ ਹੁਣ ਵੱਡੇ ਅਫ਼ਸਰਾਂ ਉਤੇ ਗਾਜ਼ ਡਿੱਗ ਸਕਦੀ ਹੈ। ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਅਤੇ ਸਿਟ ਵੱਲੋਂ ਮਾਨਸਾ ਦੇ ਸੀਆਈਏ ਥਾਣੇ ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਤੋਂ ਹੁਣ ਰਾਜਪੁਰਾ ’ਵਿਚ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸਿਟ ਦੇ ਚੇਅਰਮੈਨ ਐੱਮ ਐੱਸ ਛੀਨਾ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਆਈਜੀ ਓਪਿੰਦਰਜੀਤ ਸਿੰਘ ਘੁੰਮਣ ਵੱਲੋਂ ਬੇਸ਼ੱਕ ਮਾਨਸਾ ’ਵਿਚ ਕੁੱਝ ਦਿਨ ਪਹਿਲਾਂ ਪ੍ਰਿਤਪਾਲ ਸਿੰਘ ਤੋਂ ਐੱਸਐੱਸਪੀ ਗੌਰਵ ਤੂਰਾ ਦੀ ਮੌਜੂਦਗੀ ਵਿੱਚ ਪੁੱਛ-ਪੜਤਾਲ ਕੀਤੀ ਗਈ ਸੀ ਪਰ ਉਸ ਦੌਰਾਨ ਉਹ ਬਹੁਤਾ ਮੂੰਹ ਖੋਲ੍ਹਣ ਅਤੇ ਸਚਾਈ ਦੱਸਣ ਤੋਂ ਝਿਪਦਾ ਰਿਹਾ ਸੀ। ਹੁਣ ਪੁਲੀਸ ਅਧਿਕਾਰੀ ਉਸ ਦੇ ਮੂੰਹੋਂ ਸੱਚ ਉਗਲਾਉਣ ਲਈ ਮਾਨਸਾ ਦੀ ਥਾਂ ’ਤੇ ਰਾਜਪੁਰਾ ’ਵਿਚ ਪੁੱਛ-ਪੜਤਾਲ ਕਰ ਰਹੇ ਹਨ। ਪੁਲੀਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਸੀਆਈਏ ਦਾ ਇੰਚਾਰਜ ਆਪਣੇ ਤੌਰ ’ਤੇ ਇਕੱਲਾ ਕੁੱਝ ਨਹੀਂ ਕਰ ਸਕਦਾ ਹੈ ਅਤੇ ਉਸ ਨਾਲ ਕੁੱਝ ਹੋਰ ਲੋਕ ਜਾਂ ਅਧਿਕਾਰੀ ਵੀ ਸ਼ਾਮਲ ਹੋ ਸਕਦੇ ਹਨ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅੱਜ ਪ੍ਰਿਤਪਾਲ ਸਿੰਘ ਤੋਂ ਕਾਫ਼ੀ ਦੇਰ ਤੱਕ ਪੁੱਛ-ਪੜਤਾਲ ਕੀਤੀ ਗਈ। ਪ੍ਰਿਤਪਾਲ ਸਿੰਘ ਦੇ 12 ਅਕਤੂਬਰ ਨੂੰ ਖ਼ਤਮ ਹੋ ਰਹੇ ਰਿਮਾਂਡ ਤੋਂ ਪਹਿਲਾਂ-ਪਹਿਲਾਂ ਪੁਲੀਸ ਕਿਸੇ ਸਿੱਟੇ ’ਤੇ ਪਹੁੰਚਣਾ ਚਾਹੁੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪੁਲੀਸ ਨੂੰ ਲੋੜੀਂਦਾ ਸਹਿਯੋਗ ਨਹੀਂ ਦੇ ਰਿਹਾ ਹੈ। ਇਸ ਕਾਰਨ ਉਸ ਨੂੰ ਪੁੱਛ-ਪੜਤਾਲ ਲਈ ਬਾਹਰਲੇ ਥਾਣੇ ਵਿੱਚ ਲਿਜਾਇਆ ਗਿਆ ਹੈ।
ਪੁਲੀਸ ਅਤੇ ਸਿਟ ਅਧਿਕਾਰੀ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਫੜੇ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ, ਕੁਲਦੀਪ ਉਰਫ਼ ਕਸ਼ਿਸ਼ ਸਮੇਤ ਹੋਰ ਗੈਂਗਸਟਰਾਂ ਨਾਲ ਪ੍ਰਿਤਪਾਲ ਸਿੰਘ ਦੇ ਸਬੰਧਾਂ ਦੀ ਵੀ ਜਾਂਚ ਕਰ ਰਹੇ ਹਨ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ, ਜੋ ਸਿਟ ਦੇ ਮੈਂਬਰ ਵੀ ਹਨ, ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਤੋਂ ਬਹੁਤ ਬਾਰੀਕੀ ਨਾਲ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
Comment here