ਧਨਬਾਦ-ਝਾਰਖੰਡ ਦੇ ਧਨਬਾਦ ਵਿੱਚ ਜ਼ਿਲ੍ਹਾ ਅਤੇ ਵਧੀਕ ਜੱਜ ਉੱਤਮ ਆਨੰਦ ਦੀ ਮੌਤ ਬਾਰੇ ਪਹਿਲਾਂ ਕਿਹਾ ਗਿਆ ਸੀ ਕਿ ਇਹ ਹਿੱਟ ਐਂਡ ਰਨ ਕੇਸ ਹੈ, ਪਰ ਹੁਣ ਇਸ ਘਟਨਾ ਦੇ ਸੀਸੀਟੀਵੀ ਫੁਟੇਜ ਜਾਰੀ ਹੋਣ ਤੋਂ ਬਾਅਦ ਇਹ ਸਾਜ਼ਿਸ਼ ਕਤਲ ਦਾ ਕੇਸ ਲੱਗ ਰਿਹਾ ਹੈ। ਧਨਬਾਦ ਵਿੱਚ ਤਾਇਨਾਤ ਉੱਤਮ ਆਨੰਦ ਬੀਤੇ ਦਿਨ ਬੁੱਧਵਾਰ ਸਵੇਰੇ ਸੈਰ ਕਰ ਰਹੇ ਸਨ ਤਾਂ ਪਿੱਛਿਓਂ ਆ ਰਹੇ ਇੱਕ ਆਟੋ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹਨਾਂ ਦੀ ਮੌਤ ਹੋ ਗਈ। ਜਾਰੀ ਕੀਤੇ ਗਏ ਸੀਸੀਟੀਵੀ ਫੁਟੇਜ ਦੇ ਵਿਸ਼ਲੇਸ਼ਣ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਟੱਕਰ ਇਰਾਦਤਨ ਸੀ। ਟੱਕਰ ਮਾਰਨ ਵਾਲਾ ਆਟੋ ਰਾਤ ਵੇਲੇ ਹੀ ਚੋਰੀ ਹੋ ਗਿਆ ਸੀ ਅਤੇ ਚੋਰੀ ਨੂੰ ਅੰਜਾਮ ਦੇਣ ਤੋਂ ਤਿੰਨ ਘੰਟੇ ਬਾਅਦ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਸੀਸੀਟੀਵੀ ਫੁਟੇਜ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਜੱਜ ਸੜਕ ਕਿਨਾਰੇ ਜਾ ਰਹੇ ਸਨ। ਪਿੱਛੇ ਤੋਂ ਆ ਰਿਹਾ ਆਟੋ ਸਿੱਧਾ ਖਾਲੀ ਰੋਡ ‘ਤੇ ਜੱਜ ਵੱਲ ਗਿਆ ਅਤੇ ਤੁਰੰਤ ਉਹਨਾਂ ਨੂੰ ਟੱਕਰ ਮਾਰ ਦਿੱਤੀ। ਇਹ ਘਟਨਾ ਚਾਰ ਸਕਿੰਟਾਂ ਵਿਚ ਵਾਪਰੀ। ਜੱਜ ਨੂੰ ਮਾਰਨ ਤੋਂ ਬਾਅਦ ਆਟੋ ਵਾਲਾ ਆਟੋ ਲਾ ਕੇ ਉਥੋਂ ਭੱਜ ਗਿਆ, ਹੁਣ ਤੱਕ ਦੀ ਪੁਲਸ ਦੀ ਪੜਤਾਲ ਚ ਪਾਇਆ ਗਿਆ ਹੈ ਕਿ ਜੱਜ ਉੱਤਮ ਅਨੰਦ ਧਨਬਾਦ ਸ਼ਹਿਰ ਵਿੱਚ ਗੈਂਗਸਟਰ ਅਮਨ ਸਿੰਘ ਸਮੇਤ 15 ਤੋਂ ਵੱਧ ਮਾਫੀਆ ਦਾ ਕੇਸ ਚਲਾ ਰਹੇ ਸਨ ਅਤੇ ਹਾਲ ਹੀ ਵਿੱਚ ਉਹਨਾਂ ਨੇ ਕਈ ਗੈਂਗਸਟਰਾਂ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਸੀ ਤੇ ਕਤਲ ਪਿੱਛੇ ਵੀ ਕਿਸੇ ਨਾ ਕਿਸੇ ਗੈਂਗਸਟਰ ਦਾ ਹੱਥ ਹੋ ਸਕਦਾ ਹੈ। ਪੁਲਸ ਕਈ ਪੱਖਾਂ ਤੋਂ ਜਾਂਚ ਕਰ ਰਹੀ ਹੈ।
ਗੈਂਗਸਟਰਾਂ ਦੇ ਕੇਸ ਦੇਖ ਰਹੇ ਜੱਜ ਦਾ ਕਤਲ

Comment here